ਖੁਦਕੁਸ਼ੀ ਨਹੀਂ, ਗੋਲੀ ਚੱਲਣ ਨਾਲ ਹੋਈ ਥਾਣੇਦਾਰ ਗੁਰਮੀਤ ਸਿੰਘ ਦੀ ਮੌਤ!
Saturday, Mar 30, 2019 - 01:17 AM (IST)

ਖਮਾਣੋਂ (ਜਟਾਣਾ, ਅਰੋੜਾ)-ਬੀਤੀ ਕੱਲ ਮੋਰਿਡਾ ਦੇ ਥਾਣੇਦਾਰ ਵਲੋਂ ਆਪਣੇ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲੈਣ ਦੇ ਸਿਰਲੇਖ ਹੇਠ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਪਰ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦਾ ਉਸ ਦੇ ਜੱਦੀ ਪਿੰਡ ਲਖਨਪੁਰ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਜਦੋਂ ਪੰਜਾਬ ਪੁਲਸ ਦੇ ਜਵਾਨਾਂ ਦੀ ਟੁਕੜੀ ਵਲੋਂ ਸਰਕਾਰੀ ਸਨਮਾਨਾਂ ਸੰਸਕਾਰ ਕੀਤਾ ਗਿਆ ਤਾਂ ਉਸ ਦੀ ਆਸਟ੍ਰੇਲੀਆ ਰਹਿੰਦੀ ਬੇਟੀ ਤੇ ਬੇਟੇ ਵਲੋਂ ਉਸ ਦੇ ਸਸਕਾਰ ਦੀ ਰਸਮ ਨਿਭਾਉਣ ਬਾਅਦ ਉਕਤ ਘਟਨਾ ਨੇ ਉਸ ਵਕਤ ਨਵਾਂ ਮੋੜ ਲੈ ਲਿਆ, ਜਦੋਂ ਪੰਜਾਬ ਪੁਲਸ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਉਪ ਪੁਲਸ ਕਪਤਾਨ ਸੁਖਦੀਪ ਸਿੰਘ ਵਿਰਕ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਵਲੋਂ ਖੁਦਕੁਸ਼ੀ ਨਹੀਂ ਕੀਤੀ ਗਈ, ਸਗੋਂ ਉਸ ਦੀ ਮੌਤ ਅਚਾਨਕ ਉਸ ਦੇ ਰਿਵਾਲਵਰ ਤੋਂ ਗੋਲੀ ਚੱਲਣ ਨਾਲ ਹੋਈ ਹੈ। ਬੀਤੇ ਕੱਲ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਈਆਂ ਖਬਰਾਂ ਦੀ ਪੁਸ਼ਟੀ ਕਿਸੇ ਪੁਲਸ ਅਧਿਕਾਰੀ ਨੇ ਅਧਿਕਾਰਤ ਤੌਰ 'ਤੇ ਨਹੀਂ ਸੀ ਕੀਤੀ, ਜਿਸ ਕਰ ਕੇ ਉਕਤ ਮਾਮਲਾ ਸ਼ੱਕੀ ਬਣ ਗਿਆ।
ਡੀ. ਐੱਸ. ਪੀ. ਸ੍ਰੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਇਸ ਮਾਮਲੇ ਤੋਂ ਪਰਦਾ ਚੁੱਕਦਿਆਂ ਦੱਸਿਆ ਕਿ ਉਕਤ ਘਟਨਾਕ੍ਰਮ ਨੂੰ ਕਿਸੇ ਵਿਅਕਤੀ ਨੇ ਅੱਖੀਂ ਨਹੀਂ ਵੇਖਿਆ ਪਰ ਗੋਲੀ ਉਸ ਦੇ ਆਪਣੇ ਰਿਵਾਲਵਰ ਵਿਚੋਂ ਚੱਲੀ ਹੈ ਤੇ ਜਦੋਂ ਗੋਲੀ ਚੱਲੀ ਤਾਂ ਉਦੋਂ ਉਹ ਆਪਣੇ ਕੁਆਰਟਰ ਵਿਚ ਇਕੱਲਾ ਹੀ ਸੀ ਤੇ ਗੋਲੀ ਚੱਲਣ ਦੇ ਹਾਲਾਤ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਿਆ ਪਰ ਉਹ ਆਪਣੇ ਨਾਲ ਦੇ ਸਾਥੀ ਮੁਲਾਜ਼ਮਾਂ ਨਾਲ ਗੱਲ ਕਰ ਰਿਹਾ ਸੀ ਕਿ ਉਸ ਨੇ ਆਪਣੀ ਰਿਵਾਲਵਰ ਦੀ ਸਫਾਈ ਕਰਨੀ ਹੈ, ਇਸ ਕਰ ਕੇ ਹੋ ਸਕਦਾ ਹੈ ਕਿ ਪਿਸਤੌਲ ਦੀ ਸਫਾਈ ਕਰਨ ਵੇਲੇ ਅਚਾਨਕ ਗੋਲੀ ਚੱਲ ਗਈ ਹੋਵੇ। ਪੁਲਸ ਘਟਨਾਕ੍ਰਮ ਦੀ ਪੂਰੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।
ਇਸ ਮੌਕੇ ਥਾਣਾ ਮੁਖੀ ਖਮਾਣੋਂ ਪਵਨ ਕੁਮਾਰ, ਜੀ. ਓ. ਜੀ. ਬਚਿੱਤਰ ਸਿੰਘ ਗਰਚਾ, ਭਰਪੂਰ ਸਿੰਘ, ਸੁਖਵਿੰਦਰ ਸਿੰਘ, ਜੋਗਾ ਸਿੰਘ ਭਰਾ, ਥਾਣੇਦਾਰ ਤਨਜੀਤ ਸਿੰਘ ਘੁਲਾਲ, ਮੇਜਰ ਸਿੰਘ ਗਰਚਾ, ਗੁਰਿੰਦਰ ਸਿੰਘ ਗਰਚਾ, ਨੰਬਰਦਾਰ ਚੂਹੜ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ ਗਰਚਾ, ਰਾਜੂ ਲਖਨਪੁਰੀ, ਬਰਿੰਦਰ ਸਿੰਘ ਬਿੰਦਾ (ਪ੍ਰਧਾਨ ਬੀ. ਸੀ. ਵਿੰਗ), ਹੈਪੀ ਲਖਨਪੁਰ, ਬਲਜੀਤ ਸਿੰਘ ਲਖਨਪੁਰ ਯੂਥ ਆਗੂ, ਬਲਜੀਤ ਸਿੰਘ ਘੋਗੀ, ਤਰਲੋਚਨ ਸਿੰਘ ਤੋਚੀ, ਹੌਲਦਾਰ ਕੁਲਦੀਪ ਸਿੰਘ, ਸਹਾਇਕ ਥਾਣੇਦਾਰ ਪਿਆਰਾ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।