ਫੌਜਾ ਸਿੰਘ ਮਾਮਲੇ ''ਚ ਵੱਡੀ ਅਪਡੇਟ! ਟੱਕਰ ਮਾਰਨ ਵਾਲੀ Fortuner ਦੀ ਹੋਈ ਪਛਾਣ
Tuesday, Jul 15, 2025 - 09:37 PM (IST)

ਜਲੰਧਰ (ਮਹਾਜਨ) : ਅੰਤਰਰਾਸ਼ਟਰੀ ਦੌੜਾਕ ਫ਼ੌਜਾ ਸਿੰਘ ਦੀ ਬੀਤੀ ਦੇਰ ਸ਼ਾਮ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਫੌਜਾ ਸਿੰਘ ਨੂੰ ਟੱਕਰ ਮਾਰਣ ਵਾਲੀ ਫਾਰਚੂਨਰ ਗੱਡੀ ਦੀ ਪਛਾਣ ਕਰ ਲਈ ਗਈ ਹੈ। ਇਸ ਗੱਡੀ ਦਾ ਨੰਬਰ PB 20 C 7100 ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ CCTV ਫੁਟੇਜ ਤੇ ਗੱਡੀ ਦੀ ਹੈੱਡਲਾਈਟ ਦੇ ਟੁਕੜਿਆਂ ਤੋਂ ਅਹਿਮ ਸੁਰਾਗ ਮਿਲੇ ਹਨ। ਇਸ ਦੌਰਾਨ ਪੁਲਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀ ਦੀ ਤਲਾਸ਼ 'ਚ ਲੱਗੀਆਂ ਹਨ। ਘਟਨਾ ਨੂੰ ਲੈ ਕੇ ਥਾਣਾ ਆਦਮਪੁਰ 'ਚ FIR ਦਰਜ ਕੀਤੀ ਗਈ ਹੈ।
ਦੱਸ ਦਈਏ ਕਿ 100 ਸਾਲ ਤੋਂ ਵੱਧ ਉਮਰ ਦੇ ਅੰਤਰਰਾਸ਼ਟਰੀ ਦੌੜਾਕ ਫ਼ੌਜਾ ਸਿੰਘ ਦੀ ਦੇਰ ਸ਼ਾਮ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਦਾ ਸ਼ਿਕਾਰ ਹੋਣ ਵਾਲੇ ਦੌੜਾਕ ਫ਼ੌਜਾ ਸਿੰਘ ਦੀ ਆਖਰੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਬੀਤੇ ਦਿਨ ਦੁਪਹਿਰ 3.07 ਮਿੰਟ 'ਤੇ ਫ਼ੌਜਾ ਸਿੰਘ ਆਪਣੇ ਘਰੋਂ ਨਿਕਲ ਕੇ ਹਾਈਵੇਅ ਵੱਲ ਜਾਂਦੇ ਵਿਖਾਈ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ 1 ਅਪ੍ਰੈਲ 1911 ਜਨਮੇ ਫ਼ੌਜਾ ਸਿੰਘ 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਤੇ 6 ਸਕਿੰਟ ’ਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਸਨ ਪਰ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ। ਬਾਅਦ ’ਚ ਉਨ੍ਹਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਜ਼ਬੇਥ ਵੱਲੋਂ 100ਵੇਂ ਜਨਮ ਦਿਨ ’ਤੇ ਭੇਜੀ ਚਿੱਠੀ ਵਿਖਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਹੋਇਆ ਸੀ। ਉਨ੍ਹਾਂ ਨੇ 2000 ਵਿਚ 89 ਸਾਲ ਦੀ ਉਮਰ ’ਚ ਲੰਡਨ ਮੈਰਾਥਨ ਤੋਂ ਦੌੜਾਕ ਦੀ ਸ਼ੁਰੂਆਤ ਕੀਤੀ ਸੀ। 2003 ’ਚ 92 ਸਾਲ ਦੀ ਉਮਰ ’ਚ ਉਨ੍ਹਾਂ ਨੇ 90 ਸਾਲਾਂ ਤੋਂ ਉਪਰ ਬਾਬਿਆਂ ਦੀ ਦੌੜ ’ਚ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸੇ ਸਾਲ ਲੰਡਨ ਮੈਰਾਥਨ ’ਚ ਉਨ੍ਹਾਂ ਨੇ ਦੌੜ 6 ਘੰਟੇ 2 ਮਿੰਟ ’ਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨਜ਼ ’ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ 6 ਲੰਡਨ ਮੈਰਾਥਨਜ਼ ਹਿੱਸਾ ਲਿਆ। ਦੋ ਕੈਨੇਡੀਆਈ ਮੈਰਾਥਨਜ਼, ਨਿਊਯਾਰਕ ਮੈਰਾਥਨਜ਼ ਅਤੇ ਅਨੇਕਾਂ ਹਾਫ਼ ਮੈਰਾਥਨਜ਼ ’ਚ ਹਿੱਸਾ ਲਿਆ।
ਉਨ੍ਹਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੇਸ਼ਨ ਨੇ 'ਏਲਿਸ ਆਈਲੈਂਡ ਮੈਡਲ ਆਫ਼ ਆਨਰ' ਨਾਲ ਸਨਮਾਨਤ ਕੀਤਾ ਸੀ। ਯੂ. ਕੇ. ਆਧਾਰਿਤ ਇਕ ਸੰਗਠਨ ਵਲੋਂ ਉਨ੍ਹਾਂ ਨੂੰ 'ਪ੍ਰਾਈਡ ਆਫ਼ ਇੰਡੀਆ' ਦਾ ਖਿਤਾਬ ਵੀ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e