5 ਸੇਵਾ ਕੇਂਦਰਾਂ 'ਚੋਂ 4 ਦੀ ਬਿਜਲੀ ਗੁੱਲ

Sunday, Mar 04, 2018 - 08:20 AM (IST)

5 ਸੇਵਾ ਕੇਂਦਰਾਂ 'ਚੋਂ 4 ਦੀ ਬਿਜਲੀ ਗੁੱਲ

ਸਾਦਿਕ (ਪਰਮਜੀਤ) - ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਮ ਜਨਤਾ ਨੂੰ ਸਹੂਲਤਾਂ ਦੇਣ ਦੇ ਨਾਂ 'ਤੇ ਚਲਾਏ ਗਏ ਸੇਵਾ ਕੇਂਦਰਾਂ ਦੀ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਅਤੇ ਪੰਜਾਂ 'ਚੋਂ ਚਾਰ ਸੇਵਾ ਕੇਂਦਰ ਦੇ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਕੁਨੈਕਸ਼ਨ ਕੱਟ ਦਿੱਤੇ ਜਾਣ ਦਾ ਪਤਾ ਲੱਗਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਡਰੀਮ ਪ੍ਰਾਜੈਕਟ ਕਹਿ ਕੇ ਸ਼ੁਰੂ ਕੀਤੇ ਸਨ। ਜ਼ਿਲਾ ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਪੰਜ-ਪੰਜ ਪਿੰਡਾਂ ਨੂੰ ਇਕੱਠੇ ਕਰ ਕੇ ਇਕ-ਇਕ ਸੇਵਾ ਕੇਂਦਰ ਖੋਲ੍ਹਿਆ ਗਿਆ ਸੀ ਅਤੇ ਕੁਲ 5 ਸੇਵਾ ਕੇਂਦਰ ਚੱਲ ਰਹੇ ਸਨ। ਜਿੱਥੇ ਇਨ੍ਹਾਂ ਸੇਵਾ ਕੇਂਦਰਾਂ 'ਚ ਕੰਮ ਕਰਨ ਦੀ ਹੌਲੀ ਰਫਤਾਰ ਤੋਂ ਆਮ ਲੋਕ ਪਹਿਲਾਂ ਹੀ ਪ੍ਰੇਸ਼ਾਨ ਸਨ, ਉੱਥੇ ਹੀ ਕੰਪਨੀ ਵੱਲੋਂ ਹਜ਼ਾਰਾਂ ਰੁਪਏ ਦੀ ਰਕਮ ਦੇ ਬਿਜਲੀ ਦੇ ਬਿੱਲ ਨਾ ਭਰਨ ਕਾਰਨ ਪਾਵਰਕਾਮ ਵਿਭਾਗ ਵੱਲੋਂ 4 ਸੇਵਾ ਕੇਂਦਰ ਪਿੰਡ ਮਰਾੜ੍ਹ, ਕਾਉਣੀ, ਦੀਪ ਸਿੰਘ ਵਾਲਾ ਅਤੇ ਸਾਦਿਕ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ।
ਇਨ੍ਹਾਂ ਸੇਵਾ ਕੇਂਦਰਾਂ 'ਚ ਕੰਮ ਕਰਵਾਉਣ ਲਈ ਆਉਂਦੇ ਆਮ ਲੋਕਾਂ ਦੇ ਵਿਰੋਧ ਤੋਂ ਡਰਦਿਆਂ ਜਨਰੇਟਰ ਰਾਹੀਂ ਕੁਝ ਕੁ ਦਿਨ ਸੇਵਾਵਾਂ ਜ਼ਰੂਰ ਦਿੱਤੀਆਂ ਗਈਆਂ ਪਰ ਹੁਣ ਇਹ ਕੇਂਦਰ ਇਸ ਸੇਵਾ ਤੋਂ ਵੀ ਅਸਮਰਥ ਨਜ਼ਰ ਆਉਣ ਲੱਗੇ ਹਨ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਈ ਵਾਰ ਜਨਰੇਟਰ ਵਿਚ ਤੇਲ ਖਤਮ ਹੋਣ 'ਤੇ ਇਕੋ-ਇਕ ਚੱਲ ਰਹੇ ਸੇਵਾ ਕੇਂਦਰ ਪਿੰਡ ਡੋਡ ਵਿਚ ਵੀ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ।
ਕੀ ਕਹਿੰਦੇ ਹਨ ਸਬੰਧਤ ਅਧਿਕਾਰੀ
ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ 'ਚ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਬਹੁਤ ਜਲਦੀ ਉਕਤ ਸੇਵਾ ਕੇਂਦਰਾਂ ਦੇ ਬਿੱਲ ਅਦਾ ਕਰ ਕੇ ਬਿਜਲੀ ਸਪਲਾਈ ਚਾਲੂ ਕਰਵਾ ਕੇ ਕੰਮ ਸ਼ੁਰੂ ਕਰ ਦਿੱਤੇ ਜਾਣਗੇ।


Related News