ਅਹਿਮ ਖ਼ਬਰ : ਚੰਡੀਗੜ੍ਹ ''ਚ 2 ਸਾਲ ਬਾਅਦ ਮਿਲੀ ''ਮਾਸਕ'' ਤੋਂ ਆਜ਼ਾਦੀ, ਹੁਣ ਨਹੀਂ ਕੱਟਿਆ ਜਾਵੇਗਾ ਚਲਾਨ
Tuesday, Apr 05, 2022 - 11:20 AM (IST)
ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਾਸੀਆਂ ਨੂੰ 2 ਸਾਲ ਬਾਅਦ ਮਾਸਕ ਤੋਂ ਆਜ਼ਾਦੀ ਮਿਲ ਗਈ ਹੈ। ਯੂ. ਟੀ. ਪ੍ਰਸ਼ਾਸਨ ਦੇ ਸਲਾਹਕਾਰ ਧਰਮਪਾਲ ਨੇ ਸੋਮਵਾਰ ਨੂੰ ਮਾਸਕ ਲਗਾਉਣ ਦੀ ਲੋੜ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਅਨੁਸਾਰ ਮਾਸਕ ਲਗਾਉਣਾ ਹੁਣ ਬਦਲ ਹੋਵੇਗਾ। ਹਾਲਾਂਕਿ ਪ੍ਰਸ਼ਾਸਨ ਲੋਕਾਂ ਨੂੰ ਮਾਸਕ ਲਗਾਈ ਰੱਖਣ ਲਈ ਜਾਗਰੂਕ ਕਰਦਾ ਰਹੇਗਾ ਪਰ ਜੇਕਰ ਕਿਸੇ ਨੇ ਮਾਸਕ ਨਹੀਂ ਲਗਾਇਆ ਹੋਵੇਗਾ ਤਾਂ ਉਸ ਦਾ ਚਲਾਨ ਨਹੀਂ ਕੱਟੇਗਾ।
ਇਹ ਵੀ ਪੜ੍ਹੋ : ਸੁਨਾਮ ਦੇ ਨੌਜਵਾਨ ਨੇ ਨਸ਼ਾ ਛੱਡਣ ਦੀ ਠਾਣੀ ਤਾਂ ਉਲਟ ਪੈ ਗਈ ਸਾਰੀ ਕਹਾਣੀ, ਮਾਂ ਨੇ ਬਿਆਨ ਕੀਤਾ ਦਰਦ
ਕੋਰੋਨਾ ਦਾ ਇਨਫੈਕਸ਼ਨ ਘੱਟ ਹੋਣ ਕਾਰਣ ਕਰੀਬ 2 ਸਾਲ ਦੇ ਲੰਬੇ ਵਕਫ਼ੇ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਮਾਸਕ ਪਹਿਨਣ ਦੀ ਲੋੜ ਨੂੰ ਖ਼ਤਮ ਕੀਤਾ ਹੈ। ਸਲਾਹਕਾਰ ਧਰਮਪਾਲ ਵੱਲੋਂ ਹੁਕਮ ਜਾਰੀ ਕਰਨ ਤੋਂ ਬਾਅਦ ਹੁਣ ਜਨਤਕ ਸਥਾਨਾਂ ’ਤੇ ਮਾਸਕ ਪਹਿਨਣਾ ਲੋਕਾਂ ਦੀ ਮਰਜ਼ੀ ’ਤੇ ਹੋਵੇਗਾ। ਮਾਸਕ ਨਾ ਪਹਿਨਣ ’ਤੇ ਨਾ ਚਲਾਨ ਕੱਟੇਗਾ ਅਤੇ ਨਾ ਹੀ ਜੁਰਮਾਨਾ ਲੱਗੇਗਾ। ਯੂ. ਟੀ. ਪ੍ਰਸ਼ਾਸਨ ਨੇ ਇਸ ਕਾਰਨ ਇਹ ਫ਼ੈਸਲਾ ਲਿਆ ਹੈ ਕਿਉਂਕਿ ਸ਼ਹਿਰ ਵਿਚ ਲਗਭਗ ਸਾਰਿਆਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲੱਗ ਚੁੱਕਿਆ ਹੈ।
ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦਾ ਇਨਫੈਕਸ਼ਨ ਫੈਲਣ ਦਾ ਹੁਣ ਖ਼ਾਸ ਖ਼ਤਰਾ ਨਹੀਂ ਹੈ। ਇਸ ਲਈ ਪ੍ਰਸ਼ਾਸਨ ਨੇ ਬੀਤੇ ਦਿਨਾਂ ਵਿਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਛੱਡ ਕੇ ਹੋਰ ਸਾਰੀਆਂ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਸੀ। ਸੋਮਵਾਰ ਨੂੰ ਇਹ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ। ਪੱਛਮੀ ਬੰਗਾਲ, ਮਹਾਰਾਸ਼ਟਰ, ਦਿੱਲੀ ਅਤੇ ਹਰਿਆਣਾ ਸਰਕਾਰ ਨੇ ਵੀ ਮਾਸਕ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ।
ਹਾਲਾਂਕਿ ਪ੍ਰਸ਼ਾਸਨ ਲੋਕਾਂ ਨੂੰ ਭੀੜ ਵਾਲੇ ਸਥਾਨਾਂ ’ਤੇ ਮਾਸਕ ਲਗਾਉਣ ਲਈ ਕਹਿੰਦਾ ਰਹੇਗਾ। ਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਣ ਯੂ. ਟੀ. ਪ੍ਰਸ਼ਾਸਨ ਨੇ ਅਪ੍ਰੈਲ, 2020 ਵਿਚ ਮਾਸਕ ਪਹਿਨਣ ਅਤੇ ਹੋਰ ਕਈ ਪਾਬੰਦੀਆਂ ਲਗਾਈਆਂ ਸਨ। ਨਾਈਟ ਕਰਫ਼ਿਊ ਵੀ ਲਾਗੂ ਕਰ ਦਿੱਤਾ ਗਿਆ ਸੀ। ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਵੀ ਵਰਕ ਫਰਾਮ ਹੋਮ ਦੇ ਨਿਰਦੇਸ਼ ਦਿੱਤੇ ਗਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ