ਕਣਕ ਦੀ ਆਮਦ ਹੋਣ ਦੇ ਬਾਵਜੂਦ ''ਬੋਲੀ'' ਨਹੀਂ ਹੋਈ
Thursday, Apr 12, 2018 - 07:59 AM (IST)

ਫ਼ਰੀਦਕੋਟ (ਚਾਵਲਾ) - ਸ਼ਹਿਰ ਦੀ ਮੁੱਖ ਦਾਣਾ ਮੰਡੀ, ਫ਼ਰੀਦਕੋਟ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ 'ਚ ਕਣਕ ਦੀਆਂ ਢੇਰੀਆਂ ਵੱਡੇ ਫੜ੍ਹਾਂ 'ਤੇ ਕਾਫੀ ਨਜ਼ਰ ਆ ਰਹੀਆਂ ਸਨ ਪਰ ਇਨ੍ਹਾਂ ਢੇਰੀਆਂ 'ਤੇ ਬੈਠੇ ਜ਼ਿਮੀਂਦਾਰਾਂ ਵਿਚ ਗੁਰਪ੍ਰੀਤ ਸਿੰਘ ਮਹਿਮੂਆਣਾ, ਗੁਰਜੰਟ ਸਿੰਘ ਪੁੱਤਰ ਬੂਟਾ ਸਿੰਘ ਮਹਿਮੂਆਣਾ, ਭੁਪਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਜੰਡ ਸਾਹਿਬ ਆਦਿ ਨੇ ਦੱਸਿਆ ਕਿ ਅਸੀਂ ਬੀਤੇ ਸੋਮਵਾਰ ਤੋਂ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਮੰਡੀ ਵਿਚ ਵੇਚਣ ਲਈ ਆੜ੍ਹਤੀਆਂ ਕੋਲ ਲੈ ਕੇ ਆਏ ਹੋਏ ਹਨ।
ਉਨ੍ਹਾਂ ਦੱਸਿਆ ਕਿ ਦੋ-ਤਿੰਨ ਦਿਨਾਂ ਤੋਂ ਮਾਰਕੀਟ ਕਮੇਟੀ ਫਰੀਦਕੋਟ ਦੇ ਸੁਪਰਵਾਈਜ਼ਰਾਂ ਦੀ ਟੀਮ ਵੀ ਨਮੀ ਚੈੱਕ ਕਰਨ ਲਈ ਅਜੇ ਤੱਕ ਨਹੀਂ ਪਹੁੰਚੀ ਅਤੇ ਨਾ ਹੀ ਕੋਈ ਸਰਕਾਰੀ ਏਜੰਸੀ ਵਾਲਾ ਅਧਿਕਾਰੀ ਬੋਲੀ ਕਰਨ ਲਈ ਅਜੇ ਤੱਕ ਪਹੁੰਚਿਆ ਹੈ। ਦੂਜੇ ਪਾਸੇ ਰੱਬ ਨੇ ਵੀ ਸਵੇਰੇ ਅੱਜ ਹਲਕੀ ਜਿਹੀ ਬੂੰਦਾਂ-ਬਾਂਦੀ ਕਰ ਦਿੱਤੀ ਅਤੇ ਢੇਰੀਆਂ ਨੂੰ ਤਰਪਾਲਾਂ ਨਾਲ ਢੱਕਣਾ ਪਿਆ। ਮੌਸਮ ਖਰਾਬ ਹੋਣ ਕਰ ਕੇ ਕਈ ਜ਼ਿਮੀਂਦਾਰ ਉਦਾਸ ਦੇਖੇ ਗਏ। ਜ਼ਿਮੀਂਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਦੀ ਬੋਲੀ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਅੱਜ 11 ਦਿਨ ਬੀਤ ਚੁੱਕੇ ਹਨ, ਅਜੇ ਤੱਕ ਬੋਲੀ ਸ਼ੁਰੂ ਨਹੀਂ ਹੋਈ, ਜਿਸ ਕਰ ਕੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਕੁਲਭੂਸ਼ਣ ਰਾਏ ਬਾਂਸਲ ਨੇ ਦੱਸਿਆ ਕਿ ਮੌਸਮ ਖਰਾਬ ਹੋਣ ਕਰ ਕੇ ਜ਼ਿਮੀਂਦਾਰਾਂ ਵੱਲੋਂ ਲਿਆਂਦੀ ਗਈ ਫਸਲ ਦੀਆਂ ਢੇਰੀਆਂ ਲਈ ਤਰਪਾਲਾਂ ਪਾਈਆਂ ਹੋਈਆਂ ਹਨ ਤਾਂ ਜੋ ਕਿ ਫਸਲ ਖਰਾਬ ਨਾ ਹੋਵੇ। ਉਨ੍ਹਾਂ ਦੱਸਿਆ ਕਿ ਤਰਪਾਲਾਂ ਦਾ ਪ੍ਰਬੰਧ ਪੂਰਾ ਕੀਤਾ ਹੋਇਆ ਹੈ। ਉਨ੍ਹਾਂ ਜ਼ਿਮੀਂਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸੁਕਾ ਕੇ ਲਿਆਉਣ ਤਾਂ ਜੋ ਕਿ ਉਨ੍ਹਾਂ ਵੱਲੋਂ ਲਿਆਂਦੀ ਗਈ ਕਣਕ ਦੀ ਬੋਲੀ ਤੁਰੰਤ ਹੋ ਜਾਵੇ।
ਇਸ ਸਬੰਧੀ ਜਦੋਂ ਸੈਕਟਰੀ ਮਾਰਕੀਟ ਕਮੇਟੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਸਪੰਰਕ ਨਹੀਂ ਹੋ ਸਕਿਆ। ਜ਼ਿਮੀਂਦਾਰਾਂ ਅਤੇ ਆੜ੍ਹਤੀਆਂ ਨੇ ਪੰਜਾਬ ਸਰਕਾਰ, ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਡੀ. ਐੱਫ. ਸੀ., ਮੰਡੀ ਬੋਰਡ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਮੰਡੀ ਵਿਚ ਆਈ ਹੋਈ ਕਣਕ ਦੀ ਬੋਲੀ ਸ਼ੁਰੂ ਕਰਵਾਈ ਜਾਵੇ ਤਾਂ ਜੋ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।