ਨਾਭਾ ਮੰਡੀ ਦੇ ਖਰੀਦ ਕੇਂਦਰਾਂ ''ਚ ਲਿਫਟਿੰਗ ਨਾ ਹੋਣ ਕਾਰਨ ਹਾਹਾਕਾਰ ਮਚੀ
Saturday, Nov 04, 2017 - 08:11 AM (IST)

ਨਾਭਾ (ਜੈਨ) - ਪੰਜਾਬ ਹੀ ਨਹੀਂ ਬਲਕਿ ਏਸ਼ੀਆ ਵਿਚ ਦੂਜੇ ਨੰਬਰ 'ਤੇ ਜਾਣੀ ਜਾਂਦੀ ਅਨਾਜ ਮੰਡੀ ਵਿਚ ਇਸ ਸਮੇਂ ਲਿਫਟਿੰਗ ਦੀ ਸੁਸਤ ਰਫ਼ਤਾਰ ਕਾਰਨ ਹਾਹਾਕਾਰ ਮਚੀ ਹੋਈ ਹੈ। ਵੀ. ਆਈ. ਪੀ. ਦੌਰਿਆਂ ਕਾਰਨ ਕੋਈ ਵੀ ਅਧਿਕਾਰੀ ਮੰਡੀ ਦੇ ਖਰੀਦ ਪ੍ਰਬੰਧਾਂ ਦਾ ਧਿਆਨ ਨਹੀਂ ਕਰ ਰਿਹਾ। ਪ੍ਰਸ਼ਾਸਨ 2 ਦਿਨਾਂ ਤੋਂ ਰਾਜਪਾਲ ਪੰਜਾਬ ਦੇ ਦੌਰੇ ਕਾਰਨ ਪੀ. ਪੀ. ਐੈੱਸ. ਵੱਲ ਹੀ ਮਗਨ ਹੈ। ਇਸ ਸਮੇਂ ਅਨਾਜ ਮੰਡੀ ਅਤੇ 14 ਖਰੀਦ ਕੇਂਦਰਾਂ ਵਿਚ 15 ਲੱਖ ਕੁਇੰਟਲ ਜੀਰੀ ਦੀ ਖਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਸੀਜ਼ਨ ਦੌਰਾਨ 17 ਲੱਖ 6 ਹਜ਼ਾਰ 330 ਕੁਇੰਟਲ ਜੀਰੀ ਦੀ ਖਰੀਦ ਹੋਈ ਸੀ। ਏਜੰਸੀਆਂ ਨੇ 12 ਲੱਖ 60 ਹਜ਼ਾਰ ਕੁਇੰਟਲ ਤੋਂ ਵੱਧ ਜੀਰੀ ਦੀ ਲਿਫਟਿੰਗ ਕਰਵਾ ਲਈ ਹੈ। ਮੰਡੀ ਬੰਦ ਰਹਿਣ ਤੇ ਕਤਲ-ਕਾਂਡ ਕਾਰਨ ਇਸ ਸਮੇਂ ਲਗਭਗ 2 ਲੱਖ 50 ਹਜ਼ਾਰ ਕੁਇੰਟਲ ਜੀਰੀ ਖਰੀਦ ਦੇ ਬਾਵਜੂਦ ਖੁੱਲ੍ਹੇ ਅਸਮਾਨ ਹੇਠਾਂ ਰੁਲ ਰਹੀ ਹੈ। ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਦੇ ਚਿਹਰੇ ਮੁਰਝਾਏ ਹੋਏ ਹਨ। ਮਾਰਕੀਟ ਕਮੇਟੀ ਨੇ ਲਿਫਟਿੰਗ ਲਈ ਨੋਟਿਸ ਦਿੱਤੇ ਹਨ ਜਦੋਂ ਕਿ ਮੰਡੀ ਆੜ੍ਹਤੀ ਐਸੋਸੀਏਸ਼ਨ ਵੱਲੋਂ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਵੱਖਰਾ ਕੇਂਦਰ ਕਾਇਮ ਕਰ ਕੇ ਟੋਕਨ ਪ੍ਰਣਾਲੀ ਲਾਗੂ ਕੀਤੀ ਗਈ ਹੈ ਤਾਂ ਜੋ ਕਿਸੇ ਨਾਲ ਵਿਤਕਰਾ ਨਾ ਹੋਵੇ। ਨਾ ਹੀ ਕਿਸੇ ਨੂੰ ਲਿਫਟਿੰਗ ਵਿਚ ਪ੍ਰੇਸ਼ਾਨੀ ਹੋਵੇ। ਸਰਕਾਰ ਦੇ 48 ਘੰਟਿਅÎਾਂ ਵਿਚ ਪੇਮੈਂਟ ਕਰਨ ਦੇ ਦਾਅਵੇ ਵੀ ਖੋਖਲੇ ਸਾਬਤ ਹੋਏ ਹਨ। ਪਨਸਪ ਇੰਸਪੈਕਟਰ ਸੁਖਚੈਨ ਸਿੰਘ ਲਿਫਟਿੰਗ ਕਰਵਾਉਣ ਵਿਚ ਮੋਹਰੀ ਰਿਹਾ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਗੁਪਤਾ, ਉਪ ਪ੍ਰਧਾਨ ਸੁਰਿੰਦਰ ਗੁਪਤਾ, ਵਿੱਤ ਸਕੱਤਰ ਸੁਰਿੰਦਰ ਸਿੰਗਲਾ, ਸੁਖਵੰਤ ਸਿੰਘ ਕੌਲ ਤੇ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਮੰਡੀ ਵਿਚ ਖਰੀਦ ਦਾ ਕੰਮ ਲਗਭਗ 90 ਫੀਸਦੀ ਮੁਕੰਮਲ ਹੋ ਗਿਆ ਹੈ। ਪੰਜ ਦਿਨਾਂ ਵਿਚ ਲਿਫਟਿੰਗ ਵੀ ਹੋ ਜਾਵੇਗੀ।