ਬਿਨਾ ਲਾਈਸੈਂਸ ਮਠਿਆਈ ਵੇਚਣ ''ਤੇ 20 ਹਜ਼ਾਰ ਜ਼ੁਰਮਾਨਾ

10/25/2018 10:47:01 AM

ਚੰਡੀਗੜ੍ਹ (ਸੰਦੀਪ) : ਬਿਨਾ ਫੂਡ ਲਾਈਸੈਂਸ ਮਠਿਆਈ ਵੇਚਣ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਇਕ ਨੌਜਵਾਨ 'ਤੇ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਉਂਦੇ ਹੋਏ ਉਸ ਨੂੰ ਅਦਾਲਤ ਲੱਗੀ ਰਹਿਣ ਤੱਕ ਖੜ੍ਹੇ ਹੋਣ ਦੀ ਸਜ਼ਾ ਸੁਣਾਈ ਹੈ। ਫੂਡ ਸੇਫਟੀ ਵਿਭਾਗ ਦੇ ਅਫਸਰ ਨੇ 18 ਅਕਤੂਬਰ, 2017 ਨੂੰ ਹੱਲੋਮਾਜਰਾ ਸਥਿਤ ਇਕ ਮਠਿਆਈ ਦੀ ਦੁਕਾਨ 'ਤੇ ਛਾਪਾ ਮਾਰਿਆ ਸੀ। ਛਾਪੇ ਦੌਰਾਨ ਅਫਸਰ ਨੇ ਪਾਇਆ ਕਿ ਦੁਕਾਨ 'ਤੇ ਗੁਲਾਬ ਜਾਮਣ, ਰਸਗੁੱਲਾ, ਬਰਫੀ ਅਤੇ ਹੋਰ ਮਠਿਆਈਆਂ ਵੇਚੀਆਂ ਜਾ ਰਹੀਆਂ ਹਨ ਪਰ ਸੰਚਾਲਕ ਕੋਲ ਇਨ੍ਹਾਂ ਦੀ ਵਿਕਰੀ ਸਬੰਧੀ ਕੋਈ ਵੀ ਲਾਈਸੈਂਸ ਨਹੀਂ ਸੀ।

ਇਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਵਲੋਂ ਉਸ ਦਾ ਚਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਦੇ ਖਿਲਾਫ ਫੂਡ ਸੇਫਟੀ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ।  ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਦੇ ਕਲਾਇੰਟ 'ਤੇ ਝੂਠਾ ਮਾਮਲਾ ਬਣਾਇਆ ਗਿਆ ਸੀ ਕਿਉਂਕਿ ਕਿਸੇ ਨੇ ਵੀ ਨਾ ਤਾਂ ਮਠਿਆਈ ਦੇ ਸੈਂਪਲ ਲਏ ਅਤੇ ਨਾ ਹੀ ਮਠਿਆਈ ਲਈ ਬਣਾਇਆ ਜਾਣ ਵਾਲਾ ਕੱਚਾ ਮਾਲ ਕਬਜ਼ੇ 'ਚ ਲਿਆ ਸੀ। ਇੰਨਾ ਹੀ ਨਹੀਂ, ਦੁਕਾਨ 'ਤੇ ਜਦੋਂ ਛਾਪਾ ਮਾਰਿਆ ਗਿਆ ਤਾਂ ਕਿਸੇ ਤਰ੍ਹਾਂ ਦੀ ਕੋਈ ਵੀ ਮਠਿਆਈ ਹੀਂ ਬਣਾਈ ਜਾ ਰਹੀ ਸੀ ਅਤੇ ਨਾ ਹੀ ਵੇਚੀ ਜਾ ਰਹੀ ਸੀ, ਜਦੋਂ ਕਿ ਦੂਜੇ ਪੱਖ ਦੇ ਵਕੀਲ ਦਾ ਕਹਿਣਾ ਸੀ ਕਿ ਦੋਸ਼ੀ ਦਾ ਚਲਾਨ ਕੀਤਾ ਗਿਆ ਸੀ। ਇਸ ਲਈ ਸੈਂਪਲ ਲੈਣ ਦੀ ਲੋੜ ਨਹੀਂ ਸੀ। ਦੋਸ਼ੀ ਵਲੋਂ ਬਿਨਾ ਫੂਡ ਲਾਈਸੈਂਸ ਦੇ ਮਠਿਆਈਆਂ ਵੇਚੀਆਂ ਅਤੇ ਬਣਾਈਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ।


Related News