27 ਦਸੰਬਰ ਤੱਕ ਧੁੰਦ ਤੋਂ ਰਾਹਤ ਦੇ ਨਹੀਂ ਹਨ ਆਸਾਰ, ਡਗਮਗਾ ਰਿਹਾ ਤਾਪਮਾਨ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
Tuesday, Dec 23, 2025 - 12:02 PM (IST)
ਗੁਰਦਾਸਪੁਰ (ਹਰਮਨ)- ਪਿਛਲੇ ਕਈ ਦਿਨਾਂ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਡੇ ਹਿੱਸੇ ਘਣੀ ਤੋਂ ਬਹੁਤ ਘਣੀ ਧੁੰਦ ਦੀ ਗ੍ਰਿਫ਼ਤ ’ਚ ਹਨ। ਖਾਸ ਤੌਰ ’ਤੇ ਗੁਰਦਾਸਪੁਰ ਅਤੇ ਆਸ ਪਾਸ ਖੇਤਰ ਦੇ ਹਾਲਾਤ ਇੰਨੇ ਗੰਭੀਰ ਬਣੇ ਹੋਏ ਹਨ ਕਿ ਕਈ ਥਾਵਾਂ ’ਤੇ ਦਿਨ ਦੇ ਸਮੇਂ ਵੀ ਦਿੱਖ ਬਹੁਤ ਘੱਟ ਰਹੀ। ਭਾਰਤੀ ਮੌਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਲਈ ਘਣੀ ਤੋਂ ਬਹੁਤ ਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਹ ਸਥਿਤੀ ਘੱਟੋ-ਘੱਟ 27 ਦਸੰਬਰ ਤੱਕ ਜਾਰੀ ਰਹਿ ਸਕਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨਣ ਮਗਰੋਂ ਪ੍ਰਸ਼ਾਸਨ ਦਾ ਵੱਡਾ ਫੈਸਲਾ, ਮੀਟ ਤੇ ਸ਼ਰਾਬ ਦੀਆਂ ਦੁਕਾਨਾਂ...
ਆਈ. ਐੱਮ. ਡੀ. ਮੁਤਾਬਕ ਇਸ ਦੌਰਾਨ ਕਈ ਇਲਾਕਿਆਂ ’ਚ ‘ਕੋਲਡ ਡੇ’ ਦੀ ਸਥਿਤੀ ਵੀ ਬਣੀ ਰਹੇਗੀ। ਮੌਸਮ ਵਿਭਾਗ ਅਨੁਸਾਰ ਮੈਦਾਨੀ ਇਲਾਕਿਆਂ ’ਚ ਜਦੋਂ ਕਿਸੇ ਸਟੇਸ਼ਨ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਵੇ, ਤਾਂ ਉਸਨੂੰ ਕੋਲਡ ਡੇ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ-ਨਵਜੋਤ ਸਿੱਧੂ ਇਕ ਵਾਰ ਫਿਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ’ਚ ਆਏ
ਮੌਜੂਦਾ ਮੌਸਮੀ ਹਾਲ
ਪੰਜਾਬ ਭਰ ’ਚ ਮੌਸਮ ਮੁੱਢ ਤੌਰ ’ਤੇ ਸੁੱਕਾ ਬਣਿਆ ਹੋਇਆ ਹੈ। ਐਤਵਾਰ ਨੂੰ ਸੂਬੇ ਦੇ ਕਈ ਅਲੱਗ-ਅਲੱਗ ਇਲਾਕਿਆਂ ’ਚ ਘਣੀ ਤੋਂ ਬਹੁਤ ਘਣੀ ਧੁੰਦ ਦਰਜ ਕੀਤੀ ਗਈ, ਜਦਕਿ ਕੁਝ ਜ਼ਿਲ੍ਹਿਆਂ ’ਚ ਕੋਲਡ ਡੇ ਦੀ ਸਥਿਤੀ ਵੀ ਰਹੀ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 1.5 ਡਿਗਰੀ ਸੈਲਸੀਅਸ ਵਧਿਆ ਪਰ ਫਿਰ ਵੀ ਆਮ ਨਾਲੋਂ 2.1 ਡਿਗਰੀ ਘੱਟ ਦਰਜ ਕੀਤਾ ਗਿਆ। ਪੰਜਾਬ ’ਚ ਸਭ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਸਮਰਾਲਾ ’ਚ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- 24 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ
ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ ’ਚ ਕੋਲਡ ਡੇ ਦੀ ਸੰਭਾਵਨਾ ਜਤਾਈ ਗਈ ਹੈ। ਕੁਝ ਥਾਵਾਂ ’ਤੇ ਹਲਕੀ ਵਰਖਾ ਦੇ ਵੀ ਅਸਾਰ ਹਨ। ਖ਼ਾਸ ਕਰ ਕੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ’ਚ ਮੌਸਮ ਨੂੰ ਲੈ ਕੇ ਸਥਿਤੀ ਕਾਫੀ ਦਿਲਚਸਪ ਬਣੀ ਹੋਈ ਹੈ, ਜਿੱਥੇ ਲੋਕ ਬਾਰਿਸ਼ ਦੀ ਰੂਪ ’ਚ ਹਨ ਪਰ ਅਜੇ ਤੱਕ ਇੰਦਰ ਦੇਵ ਆਪਣੀ ਕਿਰਪਾ ਨਹੀਂ ਕਰ ਰਹੇ ਅਤੇ ਲੋਕਾਂ ਨੂੰ ਸੁਖੀ ਠੰਢ ਨਾਲ ਜੂਝਣਾ ਪੈ ਰਿਹਾ ਹੈ।
ਲੰਮੇ ਸਮੇਂ ਤੋਂ ਕਿਉਂ ਬਣੀ ਹੋਈ ਹੈ ਧੁੰਦ ਦੀ ਸਥਿਤੀ ?
ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਦੇ ਇੰਡੋ-ਗੈਂਗੇਟਿਕ ਮੈਦਾਨਾਂ ’ਚ ਸਥਿਰ ਵਾਤਾਵਰਣੀ ਹਾਲਾਤ, ਕਮਜ਼ੋਰ ਧੁੱਪ ਅਤੇ ਵੱਧ ਨਮੀ ਧੁੰਦ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਦਾ ਮੁੱਖ ਕਾਰਨ ਹਨ। ਪੱਛਮੀ ਵਿਘਨਾਂ ਦੀ ਗੈਰ-ਹਾਜ਼ਰੀ ਕਾਰਨ ਹਵਾਵਾਂ ਬਹੁਤ ਹੌਲੀ ਜਾਂ ਲਗਭਗ ਨਾ ਹੋਣ ਦੇ ਬਰਾਬਰ ਹਨ, ਜਿਸ ਨਾਲ ਧੁੰਦ ਖ਼ਤਮ ਨਹੀਂ ਹੋ ਰਹੀ। ਠੰਡੀ ਸਤ੍ਹਾ, ਉੱਚ ਨਮੀ ਅਤੇ ਹਵਾ ਦੀ ਕਮੀ ਕਾਰਨ ਧੁੰਦ ਬਣਨ ਅਤੇ ਉਸਦੇ ਟਿਕੇ ਰਹਿਣ ਲਈ ਅਨੁਕੂਲ ਹਾਲਾਤ ਬਣੇ ਹੋਏ ਹਨ। ਮੌਸਮੀ ਪੈਟਰਨ ’ਚ ਕਿਸੇ ਵੱਡੇ ਬਦਲਾਅ ਦੀ ਕਮੀ ਕਾਰਨ ਧੁੰਦ ਰੋਜ਼ਾਨਾ ਬਣ ਰਹੀ ਹੈ।
ਪ੍ਰਦੂਸ਼ਣ ਨੇ ਵੀ ਵਧਾਈ ਮੁਸ਼ਕਲ
ਉੱਚ ਪੱਧਰੀ ਪ੍ਰਦੂਸ਼ਣ ਨੇ ਵੀ ਧੁੰਦ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਪ੍ਰਦੂਸ਼ਣ ਦੇ ਕਣ ਨਮੀ ਨੂੰ ਆਪਣੇ ਨਾਲ ਜੋੜ ਕੇ ਧੁੰਦ ਨੂੰ ਹੋਰ ਮੋਟਾ ਅਤੇ ਲੰਬੇ ਸਮੇਂ ਤੱਕ ਟਿਕਾਊ ਬਣਾ ਰਹੇ ਹਨ। ਧੂੜ ਅਤੇ ਪ੍ਰਦੂਸ਼ਕ ਕਣ ਧੁੱਪ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕ ਰਹੇ ਹਨ, ਜਿਸ ਨਾਲ ਧੁੰਦ ਛੱਟਣ ਵਿੱਚ ਦੇਰੀ ਹੋ ਰਹੀ ਹੈ।
ਕਦੋਂ ਮਿਲ ਸਕਦੀ ਹੈ ਰਾਹਤ?
ਮਾਹਿਰਾਂ ਅਨੁਸਾਰ ਧੁੰਦ ਤੋਂ ਰਾਹਤ ਉਦੋਂ ਹੀ ਮਿਲ ਸਕਦੀ ਹੈ ਜਦੋਂ ਹਵਾਵਾਂ ਦੀ ਗਤੀ ’ਚ ਵਾਧਾ ਹੋਵੇ, ਕੋਈ ਨਵਾਂ ਪੱਛਮੀ ਵਿਘਨ ਸਰਗਰਮ ਹੋਵੇ ਜਾਂ ਦਿਨ ਦੇ ਤਾਪਮਾਨ ’ਚ ਸਪੱਸ਼ਟ ਵਾਧਾ ਦਰਜ ਕੀਤਾ ਜਾਵੇ। ਉਸ ਤੋਂ ਪਹਿਲਾਂ ਰਾਤ ਅਤੇ ਸਵੇਰ ਦੇ ਸਮੇਂ ਘਣੀ ਤੋਂ ਬਹੁਤ ਘਣੀ ਧੁੰਦ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦਕਿ ਕੁਝ ਥਾਵਾਂ ’ਤੇ ਇਹ ਦਿਨ ਤੱਕ ਵੀ ਖਿੱਚ ਸਕਦੀ ਹੈ।
