ਸੰਘਣੀ ਧੁੰਦ ਕਾਰਨ ਦੋ ਬੱਸਾਂ ਦੀ ਟੱਕਰ ’ਚ ਦੋ ਜ਼ਖਮੀ, ਸਕੂਲੀ ਬੱਚੇ ਵਾਲ-ਵਾਲ ਬਚੇ
Friday, Dec 19, 2025 - 02:39 PM (IST)
ਬਟਾਲਾ (ਸਾਹਿਲ)- ਬੀਤੇ ਦਿਨ ਸਵੇਰੇ ਪਈ ਸੰਘਣੀ ਧੁੰਦ ਕਾਰਨ ਬਟਾਲਾ ਦੇ ਨਜ਼ਦੀਕੀ ਪਿੰਡ ਮਿਰਜ਼ਾਜਾਨ ਵਿਖੇ ਦੋ ਬੱਸਾਂ ਦੀ ਹੋਈ ਟੱਕਰ ਵਿਚ ਸਕੂਲੀ ਬੱਸ ਚਾਲਕ ਸਮੇਤ ਦੋ ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਇਕ ਪ੍ਰਾਈਵੇਟ ਕੰਪਨੀ ਬੱਸ ਸਵਾਰੀਆਂ ਲੈ ਕੇ ਪਿੰਡ ਅਕਰਪੁਰਾ ਨੂੰ ਜਾ ਰਹੀ ਸੀ। ਜਦੋਂ ਇਹ ਬੱਸ ਬਟਾਲਾ-ਡੇਰਾ ਬਾਬਾ ਨਾਨਕ ਰੋਡ ਸਥਿਤ ਪਿੰਡ ਮਿਰਜ਼ਾਜਾਨ ਵਿਖੇ ਪਹੁੰਚੀ ਤਾਂ ਸਵੇਰੇ ਪਈ ਸੰਘਣੀ ਧੁੰਦ ਦੇ ਚਲਦਿਆਂ ਸਾਹਮਣਿਓਂ ਆ ਰਹੀ ਇਕ ਸਕੂਲੀ ਬੱਸ ਨਾਲ ਅਚਾਨਕ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਸਕੂਲੀ ਬੱਸ ਡਰਾਈਵਰ ਵਿਜੈ ਕੁਮਾਰ ਪੁੱਤਰ ਰੁਲਦੂ ਰਾਮ ਵਾਸੀ ਅਕਰਪੁਰਾ ਦੀਆਂ ਦੋਵੇਂ ਲੱਤ ਟੁੱਟ ਜਾਣ ਨਾਲ ਇਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਦਕਿ ਪ੍ਰਾਈਵੇਟ ਬੱਸ ਵਿਚ ਸਵਾਰ ਸਵਾਰੀਆਂ ਵਿਚੋਂ ਇਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਦੀ ਪਛਾਣ ਇਮਰਾਨ ਭੱਟ ਪੁੱਤਰ ਗੁਲਾਬ ਅਹਿਮਦ ਵਾਸੀ ਕਸ਼ਮੀਰ ਹਾਲ ਵਾਸੀ ਮੁਰਗੀ ਮੁਹੱਲਾ ਬਟਾਲਾ ਵਜੋਂ ਹੋਈ ਹੈ ਅਤੇ ਇਹ ਪਿੰਡਾਂ ਵਿਚ ਤੁਰ-ਫਿਰ ਕੇ ਕੱਪੜਾ ਵੇਚਣ ਦਾ ਕੰਮ ਕਰਦਾ ਹੈ ਤੇ ਇਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਜਦਕਿ ਸਕੂਲੀ ਬੱਸ ਵਿਚ ਸਵਾਰ ਬੱਚੇ ਵਾਲ ਵਾਲ ਬਚ ਗਏ।
ਇਹ ਵੀ ਪੜ੍ਹੋ- ਪੰਜਾਬ : SHO ਦੀ ਦਰਦਨਾਕ ਮੌਤ, ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸੀ ਐਂਬੂਲੈਂਸ
ਉਧਰ, ਇਸ ਹਾਦਸੇ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਮੌਕੇ ’ਤੇ ਪੁਲਸ ਪਾਰਟੀ ਸਮੇਤ ਪਹੁੰਚੇ ਥਾਣਾ ਕਿਲਾ ਲਾਲ ਸਿੰਘ ਦੇ ਏ.ਐੱਸ.ਆਈ ਦਿਲਬਾਗ ਸਿੰਘ ਨੇ ਘਟਨਾਸਥਲ ਦਾ ਜਾਇਜ਼ਾ ਲੈਣ ਉਪਰੰਤ ਸਕੂਲੀ ਬੱਸ ਚਾਲਕ ਵਿਜੈ ਕੁਮਾਰ ਦੇ ਬਿਆਨ ਕਲਮਬੱਧ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨਾਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ...
