ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਨਹੀਂ ਜਾਰੀ ਕੀਤੀ ਕੋਈ ਗਾਈਡਲਾਈਨਜ਼
Wednesday, Sep 13, 2017 - 01:04 AM (IST)
ਨਵਾਂਸ਼ਹਿਰ, (ਮਨੋਰੰਜਨ)- ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਦੇ ਰੀਆਨ ਇੰਟਰਨੈਸ਼ਨਲ ਸਕੂਲ 'ਚ ਸੱਤ ਸਾਲ ਦੇ ਮਾਸੂਮ ਪ੍ਰਦੂਮਨ ਦੀ ਹੱਤਿਆ ਤੋਂ ਜ਼ਿਲਾ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ ਜਦੋਂਕਿ ਰਾਜ ਦੇ ਜ਼ਿਲਾ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਪ੍ਰਬੰਧਕਾਂ ਨੂੰ ਗਾਈਡਲਾਈਨਜ਼ ਜਾਰੀ ਕੀਤੀ ਗਈ ਹੈ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 'ਚ ਪ੍ਰਸ਼ਾਸਨ ਵੱਲੋਂ ਇਸ ਸਬੰਧ 'ਚ ਅਧਿਕਾਰੀਆਂ ਤੇ ਸਕੂਲ ਪ੍ਰਬੰਧਕਾਂ ਨਾਲ ਅਜਿਹੀ ਕੋਈ ਬੈਠਕ ਵੀ ਨਹੀਂ ਅਜੇ ਤੱਕ ਕੀਤੀ ਗਈ। ਹੋਰਨਾਂ ਜ਼ਿਲਿਆਂ 'ਚ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਵੱਲੋਂ ਬੈਠਕ 'ਚ ਸਕੂਲ ਪ੍ਰਬੰਧਕਾਂ ਦੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਨਾ ਹੀ ਜ਼ਿਲਾ ਟਰਾਂਸਪੋਰਟ ਵਿਭਾਗ ਤੇ ਨਾ ਹੀ ਪੁਲਸ ਨੇ ਇਸ ਸਬੰਧ 'ਚ ਕਿਸੇ ਤਰ੍ਹਾਂ ਦੀ ਗਾਈਡਲਾਈਨਜ਼ ਜਾਰੀ ਕੀਤੀ ਹੈ। ਦੱਸ ਦਈਏ ਕਿ ਪ੍ਰਦੂਮਨ ਕਾਂਡ ਤੋਂ ਬਾਅਦ ਰਾਜ ਦੇ ਹੋਰ ਜ਼ਿਲਿਆਂ 'ਚ ਪ੍ਰਸ਼ਾਸਨ ਵੱਲੋਂ ਇਹੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਬੱਚਾ ਚਾਹੇ ਸਕੂਲ ਦੀ ਬੱਸ 'ਚ ਆਉਂਦਾ ਹੈ ਜਾਂ ਪ੍ਰਾਈਵੇਟ ਵਾਹਨ 'ਚ ਸਭ ਦੀ ਜ਼ਿੰਮੇਵਾਰੀ ਸਕੂਲ ਪ੍ਰਬੰਧਨ ਦੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਦੀ ਗਾਈਡਲਾਈਨਜ਼ ਮੁਤਾਬਕ ਜੂਨੀਅਰ ਵਿੰਗ ਬਾਥਰੂਮ ਦੇ ਬਾਹਰ ਕੇਵਲ ਮਹਿਲਾ ਦੀ ਡਿਊਟੀ ਲਾਉਣ ਦੇ ਹੁਕਮ ਦਿੱਤੇ ਗਏ ਹਨ। ਮਾਲੀ, ਸਵੀਪਰ, ਡਰਾਈਵਰ, ਕੰਡਕਟਰ ਤੇ ਅਟੈਂਡੈਂਟ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਗਾਈਡਲਾਈਨਜ਼ ਜਾਰੀ ਕੀਤੀ ਹੋਈ ਹੈ।
