ਜਾਂਚ ਪੂਰੀ ਹੋਣ ਤੱਕ ਜ਼ੀਰਕਪੁਰ ''ਚ ਕੋਈ ਵੀ ਬਿਲਡਿੰਗ ਪਲਾਨ ਪਾਸ ਨਹੀਂ ਹੋਵੇਗਾ : ਸਿੱਧੂ

04/21/2018 7:49:08 AM

ਚੰਡੀਗੜ੍ਹ  (ਬਿਊਰੋ) - ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿਚ ਇੰਪੀਰੀਅਲ ਗਾਰਡਨਜ਼/ਪੁਸ਼ਪ ਇੰਪਾਇਰ ਦੀ ਹਾਲ ਹੀ ਵਿਚ ਡਿੱਗੀ ਇਮਾਰਤ ਦੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਮੈਜਿਸਟ੍ਰੇਟ ਜਾਂਚ ਪੂਰੀ ਹੋਣ ਤੱਕ ਅਤੇ ਲੋਕ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਮਿਊਂਸਪਲ ਕੌਂਸਲ ਜ਼ੀਰਕਪੁਰ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦਾ ਬਿਲਡਿੰਗ ਪਲਾਨ ਪਾਸ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੇਸਮੈਂਟਾਂ ਦੀ ਖੁਦਾਈ 'ਤੇ ਮੁਕੰਮਲ ਰੋਕ ਲਾਈ ਗਈ ਹੈ ਅਤੇ ਪੁਸ਼ਪ ਇੰਪਾਇਰ ਦੀਆਂ ਖ਼ਾਲੀ ਇਮਾਰਤਾਂ ਨੂੰ ਸੀਲ ਕਰਨ ਦੇ ਵੀ ਹੁਕਮ  ਦਿੱਤੇ ਗਏ ਹਨ, ਜਿਨ੍ਹਾਂ ਇਮਾਰਤਾਂ ਵਿਚ ਲੋਕਾਂ ਦਾ ਨਿਵਾਸ ਹੈ, ਉਨ੍ਹਾਂ ਬਾਰੇ ਜਲਦੀ ਵੱਖਰੇ ਤੌਰ 'ਤੇ ਫੈਸਲਾ ਲਿਆ ਜਾਵੇਗਾ। ਸਿੱਧੂ ਨੇ ਅੱਗੇ ਕਿਹਾ ਕਿ ਇਸ ਮਾਮਲੇ 'ਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਅੱਜ ਇਕ ਬਿਆਨ 'ਚ ਇਹ ਖ਼ੁਲਾਸਾ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਲਈ ਕਾਇਮ ਟੀਮ ਦਾ ਘੇਰਾ ਵਧਾਇਆ ਗਿਆ ਹੈ ਅਤੇ ਇਸ ਵਿਚ ਡਿਪਟੀ ਕਮਿਸ਼ਨਰ ਮੋਹਾਲੀ ਗੁਰਪ੍ਰੀਤ ਕੌਰ ਸਪਰਾ, ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਕਰਨੇਸ਼ ਸ਼ਰਮਾ, ਮੁੱਖ ਇੰਜੀਨੀਅਰ (ਬੀ. ਐਂਡ ਆਰ.), ਮੁੱਖ ਆਰਕੀਟੈਕਟ ਪੰਜਾਬ, ਐੱਨ. ਡੀ. ਆਰ. ਐੱਫ. ਦਾ ਨੁਮਾਇੰਦਾ, ਮੁੱਖ ਚੌਕਸੀ ਅਫ਼ਸਰ ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਯੂਨੀਵਰਸਿਟੀ ਦੇ ਨੁਮਾਇੰਦੇ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮ 27 ਅਪ੍ਰੈਲ 2018 ਤੱਕ ਆਪਣੀ ਰਿਪੋਰਟ ਦੇਵੇਗੀ।


Related News