ਆਪਸੀ ਭਾਈਚਾਰੇ ਦੀ ਮਿਸਾਲ : ਪਿੰਡ ਤਕੀਪੁਰ 'ਚ ਨਹੀਂ ਲੱਗਿਆ ਕਿਸੇ ਪਾਰਟੀ ਦਾ ਬੂਥ
Thursday, Jun 23, 2022 - 04:14 PM (IST)
ਲੌਂਗੋਵਾਲ(ਵਸ਼ਿਸ਼ਟ): ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਿੱਥੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਪੋਲਿੰਗ ਬੂਥਾਂ ਦੇ ਬਾਹਰ ਆਪਣੇ ਬੂਥਾਂ 'ਤੇ ਆਪਣੇ ਸਮਰਥਕਾਂ ਨੂੰ ਬਿਠਾਇਆ ਹੋਇਆ ਸੀ ਪਰ ਨੇੜਲੇ ਪਿੰਡ ਤਕੀਪੁਰ ਵਿਚ ਵਿਲੱਖਣ ਭਾਈਚਾਰਕ ਸਾਂਝ ਸਾਹਮਣੇ ਆਈ । ਪਿੰਡ ਦੇ ਲੋਕਾਂ ਨੇ ਆਪਸੀ ਸੂਝ-ਬੂਝ ਅਤੇ ਭਾਈਚਾਰਾ ਦਿਖਾਇਆ। ਪਿੰਡ ਦੇ ਪੋਲਿੰਗ ਬੂਥ ਦੇ ਬਾਹਰ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਆਪਣਾ ਬੂਥ ਨਹੀਂ ਲਗਾਇਆ ਗਿਆ। ਪੋਲਿੰਗ ਬੂਥ ਦੇ ਨੇੜੇ ਨਾ ਹੀ ਕਿਸੇ ਪਾਰਟੀ ਦੇ ਸਮਰਥਕ ਦਿਖਾਈ ਦਿੱਤੇ। ਵੋਟਰ ਆਪਣੀ ਮਨਮਰਜ਼ੀ ਨਾਲ ਪੋਲਿੰਗ ਬੂਥ 'ਤੇ ਆਉਂਦਾ ਸੀ ਤੇ ਵੋਟ ਪਾ ਕੇ ਚਲਾ ਜਾਂਦਾ ਸੀ। ਲੋਕਾਂ ਵਿਚ ਚਰਚਾ ਹੈ ਕਿ ਅਜਿਹੀ ਪਹਿਲਕਦਮੀ ਨਾਲ ਜਿੱਥੇ ਲੜਾਈ ਝਗੜੇ ਦੀ ਸੰਭਾਵਨਾ ਨਹੀਂ ਹੁੰਦੀ ਉੱਥੇ ਆਪਸੀ ਭਾਈਚਾਰਾ ਕਾਇਮ ਰਹਿੰਦਾ ਹੈ। ਜਾਣਕਾਰੀ ਅਨੁਸਾਰ ਪਿਛਲੀਆਂ ਚੋਣਾਂ ਵਿਚ ਵੀ ਇਸ ਪਿੰਡ ਦੇ ਲੋਕਾਂ ਨੇ ਇਸੇ ਤਰ੍ਹਾਂ ਭਾਈਚਾਰਾ ਕਾਇਮ ਰੱਖਿਆ ਸੀ।
ਇਹ ਵੀ ਪੜ੍ਹੋ- ਜ਼ਮੀਨੀ ਝਗੜੇ 'ਚ ਪਿਓ ਕੋਲੋਂ 14 ਸਾਲਾ ਇਕਲੌਤੇ ਪੁੱਤ ਦੇ ਵੱਜੀ ਗੋਲ਼ੀ, ਹੋਈ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ ਅੱਜ ਸਵੇਰ ਸੰਗਰੂਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਸੀ। ਜਿਸ ਵਿਚ ਸਿਆਸੀ ਪਾਰਟੀਆਂ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਤੋਂ ਇਲਾਵਾ ਹਲਕਾ ਵਿਧਾਇਕ ਅਤੇ ਸੰਗਰੂਰ ਵਾਸੀਆਂ ਨੇ ਵੋਟ ਪਾ ਕੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਲੋਕਾਂ 'ਚ ਇਸ ਚੋਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਸ਼ਾਇਦ ਵੱਖ-ਵੱਖ ਕਾਰਨ ਹੋ ਸਕਦੇ ਹਨ। ਸਿਆਸੀ ਪਾਰਟੀਆਂ ਅਤੇ ਸੰਗਰੂਰ ਵਾਸੀ ਹੁਣ ਇਸ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ 26 ਜੂਨ ਨੂੰ ਪਤਾ ਲੱਗ ਜਾਵੇਗਾ ਕਿ ਲੋਕਾਂ ਨੇ ਕਿਸ ਪਾਰਟੀ 'ਤੇ ਮੋਹਰ ਲਾਈ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।