ਨਿਜ਼ਾਮੂਦੀਨ ਮਸੀਤ ਵਿਵਾਦ ਦੇ ਸਬੰਧ ''ਚ 17 ਮੁਸਲਿਮ ਵਿਅਕਤੀ ਪਟਿਆਲਾ ''ਚ ਕੀਤੇ ਇਕਾਂਤਵਾਸ

Wednesday, Apr 01, 2020 - 09:50 PM (IST)

ਪਟਿਆਲਾ,(ਪਰਮੀਤ) : ਸਿਹਤ ਵਿਭਾਗ ਪਟਿਆਲਾ ਨੇ ਦਿੱਲੀ ਦੇ ਨਿਜ਼ਾਮੂਦੀਨ 'ਚ ਮਸਜਿਦ 'ਚ ਹੋਏ ਇਕੱਠ ਦਾ ਵਿਵਾਦ ਭੱਖਣ ਤੋਂ ਬਾਅਦ ਪਟਿਆਲਾ ਸ਼ਹਿਰ 'ਚ 17 ਮੁਸਲਿਮ ਵਿਅਕਤੀਆਂ ਨੂੰ ਇਕਾਂਤਵਾਸ 'ਚ ਰੱਖ ਦਿੱਤਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਦਿੱਲੀ ਵਿਵਾਦ ਸਬੰਧੀ ਦਿੱਲੀ ਤੋਂ ਕਿਸੇ ਤਰ੍ਹਾਂ ਦੀ ਕੋਈ ਸੂਚੀ ਪ੍ਰਾਪਤ ਨਹੀਂ ਹੋਈ ਸੀ ਪਰ ਅਸੀਂ ਆਪਣੇ ਪੱਧਰ 'ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਹ 17 ਵਿਅਕਤੀ ਇਕਾਂਤਵਾਸ ਵਿਚ ਰੱਖੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਦੀ ਸਨਾਖ਼ਤ ਵਾਸਤੇ ਸਥਾਨਕ ਸ਼ਹਿਰ ਵਾਸੀਆਂ ਨੇ ਵੱਡਾ ਰੋਲ ਅਦਾ ਕੀਤਾ ਹੈ, ਜਿਨ੍ਹਾਂ ਨੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਕਿ ਇਹ ਵਿਅਕਤੀ ਦਿੱਲੀ ਤੋਂ ਆਏ ਹਨ। ਡਾ. ਮਲਹੋਤਰਾ ਨੇ ਹੋਰ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਦਿੱਲੀ ਤੋਂ ਪਟਿਆਲਾ ਲਿਆਉਣ ਵਾਲੇ ਪੰਜ ਡਰਾਈਵਰ ਵੀ ਰੋਸ਼ਨਪੁਰ ਝੁੰਗੀਆਂ 'ਚ ਇਕਾਂਤਵਾਸ 'ਚ ਰੱਖੇ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ 10 ਹੋਰ ਵਿਅਕਤੀਆਂ ਦੇ ਕੋਰੋਨਾਵਾਇਰਸ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਰਾਜਿੰਦਰਾ ਹਸਪਤਾਲ ਦੀ ਮਾਈਕਰੋਬਾਇਓਲੋਜੀ ਲੈਬ 'ਚ ਕਰੋਨਾ ਜਾਂਚ ਲਈ 10 ਟੈਸਟ ਭੇਜੇ ਗਏ ਸਨ, ਜਿਨ੍ਹਾਂ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ 6 ਵਿਅਕਤੀ ਉਹ ਹਨ, ਜੋ ਕਿ ਦੇਸੀ ਮਹਿਮਾਨਦਾਰੀ ਏਰੀਏ 'ਚੋਂ 31 ਸਾਲਾ ਕਰੋਨਾ ਪਾਜ਼ੀਟਿਵ ਵਿਅਕਤੀ ਦੇ ਨੇੜ੍ਹੇ ਸੰਪਰਕ 'ਚ ਸਨ ਅਤੇ ਜਿਹਨਾਂ ਦੇ ਬੀਤੇ ਦਿਨੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸੈਂਪਲ ਲੈ ਕੇ ਰਾਜਿੰਦਰਾ ਹਸਪਤਾਲ ਦੀ ਲੈਬ ਵਿੱਚ ਭੇਜੇ ਗਏ ਸਨ, ਜੋ ਕਿ ਲੈਬ ਜਾਂਚ ਵਿਚ ਸਾਰੇ ਨੈਗਟਿਵ ਆਏ ਹਨ। ਇਸ ਤੋਂ ਇਲਾਵਾ ਪੋਜਟਿਵ ਕੇਸ ਦੇ ਨਾਲ ਦੁਬਈ ਤੋਂ ਆਏ ਪਿੰਡ ਹਸਨਪੂਰ ਦੇ ਰਹਿਣ ਵਾਲੇ ਵਿਅਕਤੀ ਅਤੇ ਜਿਲੇ ਦੇ ਹੋਰ ਵੱਖ ਵੱਖ ਏਰੀਏ ਤੋਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਏ ਤਿੰਨ ਵਿਅਕਤੀਆਂ ਦੇ ਵੀ ਕਰੋਨਾ ਟੈਸਟ ਨੈਗਟਿਵ ਆਏ ਹਨ। ਉਹਨਾਂ ਕਿਹਾ ਕਿ ਭਾਵਂੇ ਪੋਜੀਟਿਵ ਕੇਸ ਦੇ ਨੇੜੇ ਦੇ ਪਰਿਵਾਰਕ ਮੈਂਬਰਾ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਹੈ ਪ੍ਰੰਤੂ ਫਿਰ ਵੀ ਉਹ ਸਾਰੇ ਅੱਗਲੇ 14 ਦਿਨਾਂ ਲਈ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਰਹਿਣਗੇ ਅਤੇ ਉਹਨਾਂ ਨੂੰ ਬਿਮਾਰੀ ਤੋਂ ਬਚਾਅ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।ਇਸ ਤੋ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਵੀ ਏਰੀਏ ਵਿਚ ਘਰ ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਵਿਦੇਸ਼ ਤੋਂ ਆਏ ਯਾਤਰੀ ਜ਼ੋ ਕਿ ਵਿਭਾਗ ਦੀ ਨਿਗਰਾਨੀ ਹੇਠ ਘਰਾਂ ਵਿੱਚ ਹੀ ਏਕਾਂਤਵਾਸ ਵਿੱਚ ਹਨ ਜ਼ੇਕਰ ਉਨ੍ਹਾਂ ਵਿੱਚ ਕਰੋਨਾ ਸਬੰਧੀ ਕੋਈ ਵੀ ਲੱਛਣ ਸਾਹਮਣੇ ਆਉਂਦਾ ਹੈ ਤਾਂ ਰੈਪਿਡ ਰਿਸਪਾਂਸ ਟੀਮਾਂ ਦੀ ਮੱਦਦ ਨਾਲ ਉਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਉਣ ਦੇ ਪੁਖਤਾ ਪ੍ਰਬੰਧ ਹਨ।ਉਹਨਾਂ ਕਿਹਾ ਕਿ ਕੋਵਿਡ ਦੀ ਜਾਣਕਾਰੀ ਲਈ ਬਣਾਏ ਕੰਟਰੋਲ ਰੂਮ ਜਿਸਦਾ ਨੰਬਰ 0175-5128793 ਅਤੇ 0175-5127793 ਹਨ,ਵਿਚ 24 ਘੰਟੇ ਲਈ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ।ਲੋਕਾਂ ਵੱਲੋ ਇਹਨਾਂ ਨੰਬਰਾ ਤੇਂ ਕਾਲ ਕਰਕੇ ਕੋਵਿਡ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਇਹ ਕਾਲ ਸੈਂਟਰ ਛੁੱਟੀ ਵਾਲੇ ਦਿਨ ਵੀ ਖੁੱਲਾ ਰਹੇਗਾ।


Deepak Kumar

Content Editor

Related News