12 ਲੱਖ ਦੇ ਖਰਚੇ ਨਾਲ ਕਰਵਾਈ ਜਾਵੇਗੀ ਰਨਿਆਲਾ-ਸੈੱਲਾ ਚੋਅ ਦੀ ਸਫ਼ਾਈ: ਨਿਮਿਸ਼ਾ ਮਹਿਤਾ

Monday, Jul 13, 2020 - 04:44 PM (IST)

12 ਲੱਖ ਦੇ ਖਰਚੇ ਨਾਲ ਕਰਵਾਈ ਜਾਵੇਗੀ ਰਨਿਆਲਾ-ਸੈੱਲਾ ਚੋਅ ਦੀ ਸਫ਼ਾਈ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ/ਜਲੰਧਰ: ਪਿੰਡ ਰਨਿਆਲਾ 'ਚੋਂ ਜਾਣ ਵਾਲੇ ਚੋਅ ਦੀ ਸਫ਼ਾਈ 12 ਲੱਖ ਦੀ ਲਾਗਤ ਨਾਲ ਪੰਜਾਬ ਸਰਕਾਰ ਦੇ ਡਰੇਨੇਜ਼ ਵਿਭਾਗ ਪਾਸੋਂ ਕਾਂਗਰਸ ਰਾਜ ਦੇ ਚੱਲਦਿਆਂ ਕਰਵਾਈ ਜਾਵੇਗੀ। ਇਸ ਗੱਲ ਦਾ ਖੁਲਾਸਾ ਪੰਜਾਬ ਕਾਂਗਰਸ ਦੀ ਆਗੂ ਨਿਮਿਸ਼ਾ ਮਹਿਤਾ ਨੇ ਪਿੰਡ ਰਨਿਆਲਾ ਵਿਖੇ ਲੋਕਾਂ ਦੀ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਕੀਤਾ। ਪਿਛਲੇ ਸਾਲ ਰਨਿਆਲਾ ਵਾਸੀਆਂ ਨੇ ਨਿਮਿਸ਼ਾ ਮਹਿਤਾ ਪਾਸ ਇਹ ਚੋਅ ਸਾਫ਼ ਕਰਵਾਉਣ ਦੀ ਮੰਗ ਰੱਖੀ ਸੀ ਪਰ ਪਿਛਲੇ ਸਾਲ ਪੰਜਾਬ ਦੇ ਕਈ ਹਿੱਸਿਆਂ 'ਚ ਹੜ੍ਹ ਆ ਜਾਣ ਕਰਕੇ ਡਰੇਨੇਜ਼ ਵਿਭਾਗ ਪਾਸੋਂ ਸੈਲਾਂ 'ਚੋਂ ਸਾਫ ਨਹੀਂ ਕੀਤਾ ਗਿਆ ਸੀ। ਇਸ ਸਾਲ ਕਾਂਗਰਸ ਆਗੂ ਨਿਮਿਸ਼ਾ ਮਹਿਤਾ ਨੇ ਚੋਅ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਆਪ ਸਿੰਚਾਈ ਅਤੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਪਾਸ ਹਲਕਾ ਗੜ੍ਹਸ਼ੰਕਰ ਦੀ ਇਹ ਮੰਗ ਰੱਖੀ।

PunjabKesari

ਇਸ ਮੰਗ ਨੂੰ ਪ੍ਰਵਾਨ ਕਰਦਿਆਂ ਜਲ ਸਰੋਤ ਅਤੇ ਸਿੰਚਾਈ ਵਿਭਾਗ ਵਲੋਂ ਚੋਅ ਦੀ ਸਫ਼ਾਈ ਲਈ 12 ਲੱਖ ਰੁਪਏ ਪ੍ਰਵਾਨ ਕਰਵਾਏ ਗਏ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ 6 ਹਜ਼ਾਰ ਫੁੱਟ ਲੰਮੇ ਇਸ ਚੋਅ ਦੀ ਸਫਾਈ ਨਾਲ ਰਨਿਆਲੇ ਦੇ ਨਾਲ-ਨਾਲ ਚੋਅ ਲਾਗੇ ਪੈਂਦੇ ਹੋਰ ਪਿੰਡਾਂ ਦੀ ਵੀ ਬਰਸਾਤਾਂ 'ਚ ਪਾਣੀ ਚੜ੍ਹਨ ਕਾਰਨ ਆਉਣ ਵਾਲੀ ਸਮੱਸਿਆ ਹੱਲ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਡਰੇਨੇਜ਼ ਵਿਭਾਗ ਦੇ ਐੱਸ.ਡੀ.ਓ. ਹਰਜਿੰਦਰ ਸਿੰਘ ਅਤੇ ਜੇ.ਈ. ਨਰਿੰਦਰ  ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਹਫਤੇ ਦੇ ਅੰਦਰ-ਅੰਦਰ ਇਸ ਚੌਅ ਦੀ ਸਫਾਈ ਦਾ ਕੰਮ ਠੇਕੇਦਾਰ ਪਾਸੋ ਸ਼ੁਰੂ ਕਰ ਦਿੱਤਾ ਜਾਵੇਗਾ। ਪਿੰਡ ਰਨਿਆਲਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਿਮਿਸ਼ਾ ਮਹਿਤਾ ਦਾ ਚੌਅ ਸਾਫ ਕਰਵਾਉਣ ਦਾ ਮਸਲਾ ਹੱਲ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਨਿਮਿਸ਼ਾ ਮਹਿਤਾ ਕਦੇ ਝੂਠਾ ਵਾਅਦਾ ਨਹੀਂ ਕਰਦੇ ਅਤੇ ਜੋ ਫੋਨ ਕਾਲ ਕਰਦੇ ਹਨ ਉਹ ਪੂਰਾ ਜ਼ਰੂਰ ਕਰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ 25-30 ਸਾਲ ਤੋਂ ਰਨਿਆਲਾ ਪਿੰਡ ਦੀ ਪੰਚਾਇਤ ਵਾਰ-ਵਾਰ ਮਤੇ ਪਾ ਕੇ ਵਿਭਾਗਾਂ ਅਤੇ ਨੇਤਾਵਾਂ ਨੂੰ ਚੌਅ ਦੀ ਸਫਾਈ ਬਾਰੇ ਅਪੀਲ ਕਰ ਰਹੀ ਸੀ ਪਰ ਉਨ੍ਹਾਂ ਦੀ ਸੁਣਵਾਈ 30 ਸਾਲਾਂ ਬਾਅਦ ਨਿਮਿਸ਼ਾ ਪਾਸੋਂ ਹੀ ਕੀਤੀ ਗਈ।


author

Shyna

Content Editor

Related News