ਹਿੰਦੂਆਂ ਦੇ ਕਾਤਲ ਵਲਟੋਹਾ ਨੂੰ ਪਾਰਟੀ ''ਚੋਂ ਕੱਢੇ ਸੁਖਬੀਰ : ਨਿਮਿਸ਼ਾ

01/13/2019 1:01:28 PM

ਜਲੰਧਰ/ਹੁਸ਼ਿਆਰਪੁਰ (ਜ.ਬ.)— ਕਾਂਗਰਸ ਦੀ ਸੀਨੀਅਰ ਨੇਤਾ ਨਿਮਿਸ਼ਾ ਮਹਿਤਾ ਨੇ ਖੇਮਕਰਨ ਸੀਟ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ 'ਚੋਂ ਕੱਢੇ ਜਾਣ ਦੀ ਮੰਗ ਕੀਤੀ ਹੈ। ਅੱਜ ਇਥੇ ਜਾਰੀ ਇਕ ਬਿਆਨ 'ਚ ਨਿਮਿਸ਼ਾ ਨੇ ਕਿਹਾ ਕਿ 30 ਸਤੰਬਰ 1983 ਨੂੰ ਪੱਟੀ 'ਚ ਡਾ. ਸੁਦਰਸ਼ਨ ਕੁਮਾਰ ਤ੍ਰੇਹਣ ਦੀ ਹੱਤਿਆ ਦੇ ਮਾਮਲੇ 'ਚ ਵਲਟੋਹਾ ਦੇ ਨਾਂ ਦਾ ਖੁਲਾਸਾ ਹੋ ਜਾਣ ਤੋਂ ਬਾਅਦ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੂੰ ਤੁਰੰਤ ਪਾਰਟੀ 'ਚੋਂ ਬਰਖਾਸਤ ਕਰਨ। ਨਿਮਿਸ਼ਾ ਨੇ ਕਿਹਾ ਕਿ ਵਿਰਸਾ ਸਿੰਘ ਹਿੰਦੂਆਂ ਦਾ ਕਾਤਲ ਹੈ ਅਤੇ ਉਹ ਵਲਟੋਹਾ ਵਿਰੁੱਧ ਜਲਦੀ ਹੀ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕਰੇਗੀ।

ਨਿਮਿਸ਼ਾ ਨੇ ਕਿਹਾ ਕਿ ਤ੍ਰੇਹਣ ਦੀ ਹੱਤਿਆ ਦੇ ਦੋਸ਼ 'ਚ ਫੜੇ ਗਏ ਬਲਦੇਵ ਸਿੰਘ ਨੇ ਇਸ ਕਤਲ 'ਚ ਵਲਟੋਹਾ ਦੀ ਭੂਮਿਕਾ ਦਾ ਖੁਲਾਸਾ ਕੀਤਾ ਸੀ ਅਤੇ ਵਲਟੋਹਾ ਅੱਜ ਤੱਕ ਇਸ ਮਾਮਲੇ 'ਚ ਖੁਦ ਨੂੰ ਤੱਥਾਂ ਦੇ ਆਧਾਰ 'ਤੇ ਬੇਕਸੂਰ ਸਾਬਿਤ ਨਹੀਂ ਕਰ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਅਦਾਲਤ ਵੱਲੋਂ ਬਰੀ ਕੀਤਾ ਗਿਆ ਹੈ ਪਰ ਇਸ 'ਚ ਉਨ੍ਹਾਂ ਨੇ ਆਪਣੇ ਵੋਟਰਾਂ, ਸਰਕਾਰ ਅਤੇ ਚੋਣ ਕਮਿਸ਼ਨ ਨੂੰ ਹਨੇਰੇ 'ਚ ਰੱਖਿਆ ਅਤੇ ਚੋਣ ਲੜਦੇ ਰਹੇ। 

ਨਿਮਿਸ਼ਾ ਨੇ ਕਿਹਾ ਕਿ ਉਹ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਨਾ ਸਿਰਫ ਤ੍ਰੇਹਣ ਦੀ ਹੱਤਿਆ ਦੀ ਜਾਂਚ ਦੁਬਾਰਾ ਖੋਲ੍ਹਣ ਦੀ ਮੰਗ ਕਰੇਗੀ ਸਗੋਂ ਨਾਲ ਹੀ ਵਿਰਸਾ ਸਿੰਘ ਵਲਟੋਹਾ ਵਿਰੁੱਧ ਧੋਖਾਧੜੀ ਦੇ ਦੋਸ਼ 'ਚ ਆਈ. ਪੀ. ਸੀ. ਦੀ ਧਾਰਾ 406-420 ਦੇ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕਰੇਗੀ। ਨਿਮਿਸ਼ਾ ਨੇ ਕਿਹਾ ਕਿ ਵਲਟੋਹਾ ਵਰਗੇ ਵਿਅਕਤੀ ਲਈ ਸਿਆਸਤ ਦੀ ਮੁੱਖ ਧਾਰਾ 'ਤੇ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਅਤੇ ਅਜਿਹੇ ਲੋਕਾਂ ਨੂੰ ਚੋਣਾਂ ਲੜ ਕੇ ਸਰਕਾਰੀ ਖਰਚੇ 'ਤੇ ਐਸ਼ਪ੍ਰਸਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। 

ਨਿਮਿਸ਼ਾ ਨੇ ਕਿਹਾ ਕਿ ਅਕਾਲੀ ਦਲ ਇਕ ਪਾਸੇ ਤਾਂ ਖੁਦ ਨੂੰ ਸੈਕੂਲਰ ਪਾਰਟੀ ਹੋਣ ਦਾ ਦਾਅਵਾ ਕਰਦਾ ਹੈ ਜਦਕਿ ਦੂਜੇ ਪਾਸੇ ਵਲਟੋਹਾ ਵਰਗੇ ਨੇਤਾਵਾਂ ਨੂੰ ਐੱਸ. ਐੱਸ. ਬੋਰਡ ਦੀਆਂ ਕੁਰਸੀਆਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਚੋਣਾਂ ਲੜਾ ਕੇ ਸੰਸਦੀ ਸਕੱਤਰ ਵਰਗੇ ਅਹੁਦਿਆਂ 'ਤੇ ਬਿਠਾਇਆ ਜਾਂਦਾ ਹੈ। ਨਿਮਿਸ਼ਾ ਨੇ ਕਿਹਾ ਕਿ ਵਲਟੋਹਾ ਨੇ ਵਿਧਾਨ ਸਭਾ 'ਚ ਸ਼ਰੇਆਮ ਐਲਾਨ ਕੀਤਾ ਸੀ ਕਿ ਉਹ ਅੱਤਵਾਦੀ ਸੀ, ਹੈ ਅਤੇ ਰਹੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਲਟੋਹਾ ਦੇ ਅਜਿਹੇ ਘਟੀਆ ਬਿਆਨ 'ਤੇ ਕਾਰਵਾਈ ਕਰਨ ਦੀ ਬਜਾਏ ਉਸ ਦੀ ਪਿੱਠ ਥਾਪੜੀ ਸੀ। ਨਿਮਿਸ਼ਾ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਦੀ ਜਨਤਾ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਉਹ ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਹੋਣ ਦਾ ਕਬੂਲਨਾਮਾ ਕਰਨ ਵਾਲੇ ਵਿਅਕਤੀ ਨੂੰ ਟਿਕਟਾਂ ਅਤੇ ਪਾਰਟੀ ਦੇ ਵੱਡੇ ਅਹੁਦੇ ਕਿਉਂ ਦਿੰਦੇ ਰਹੇ।


shivani attri

Content Editor

Related News