ਦੀਵਾਰਾਂ ’ਤੇ ਮਨਮੋਹਣੀਆਂ ਤਸਵੀਰਾਂ ਨਾਲ ਨਿੱਕੂ ਪਾਰਕ ਨੂੰ ਮਿਲੀ ਨਵੀਂ ਦਿੱਖ

Thursday, Aug 26, 2021 - 10:00 PM (IST)

ਦੀਵਾਰਾਂ ’ਤੇ ਮਨਮੋਹਣੀਆਂ ਤਸਵੀਰਾਂ ਨਾਲ ਨਿੱਕੂ ਪਾਰਕ ਨੂੰ ਮਿਲੀ ਨਵੀਂ ਦਿੱਖ

ਜਲੰਧਰ-ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਮਨੋਰੰਜਕ ਨਿੱਕੂ ਪਾਰਕ 'ਚ ਸੁੰਦਰੀਕਰਨ ਅਤੇ ਮੁੜ ਨਿਰਮਾਣ ਦੇ ਕੰਮ ਦਾ ਇਕ ਹੋਰ ਗੇੜ ਮੁੰਕਮਲ ਹੋਣ ਨਾਲ ਇਸ ਪਾਰਕ ਨੂੰ ਦੀਵਾਰਾਂ ’ਤੇ ਮਨਮੋਹਣੀਆਂ ਤਸਵੀਰਾਂ ਨਾਲ ਨਵਾਂ ਅਤੇ ਸੁੰਦਰ ਰੂਪ ਮਿਲਿਆ ਹੈ। ਇਸੇ ਤਰ੍ਹਾਂ ਬੜੇ ਚਿਰਾਂ ਤੋਂ ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਬਾਊਲਿੰਗ ਮਸ਼ੀਨ ਦੀ ਇਥੇ ਆਉਣ ਵਾਲੇ ਦਰਸ਼ਕਾਂ ਵਲੋਂ ਕੀਤੀ ਜਾ ਰਹੀ ਉਡੀਕ ਵੀ ਖ਼ਤਮ ਹੋਣ ਜਾ ਰਹੀ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਪ੍ਰੋਜੈਕਟ ਮੁਕੰਮਲ ਕਰ ਲਏ ਗਏ ਹਨ ਅਤੇ ਇਨਾਂ ਨੂੰ ਆਉਣ ਵਾਲੇ ਐਤਵਾਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਵੱਖ-ਵੱਖ ਥੀਮਾਂ ’ਤੇ ਅਧਾਰਿਤ ਪਾਰਕ ਦੀਆਂ ਕੰਧਾਂ ’ਤੇ ਪੇਂਟਿੰਗ ਕਰਵਾਈ ਗਈ ਹੈ ਜੋ ਕਿ ਬੱਚਿਆਂ ਲਈ ਆਕਰਸ਼ਨ ਦਾ ਕੇਂਦਰ ਬਣੇਗੀ। ਉਨ੍ਹਾਂ ਕਿਹਾ ਕਿ ਬ੍ਰੇਕ ਡਾਂਸ ਸਵਿੰਗ ਰੱਖ-ਰਖਾਵ ਦੀ ਘਾਟ ਕਰਕੇ ਬੰਦ ਪਿਆ ਸੀ ਜਦਕਿ ਕ੍ਰਿਕਟ ਗੇਂਦਬਾਜ਼ੀ ਮਸ਼ੀਨ ਪਾਰਕ 'ਚ ਨਵੀਂ ਲਗਾਈ ਗਈ ਹੈ।

PunjabKesari

ਇਹ ਵੀ ਪੜ੍ਹੋ : ਕਾਬੁਲ ਏਅਰਪੋਰਟ ਦੇ ਬਾਹਰ ਲਗਾਤਾਰ 2 ਧਮਾਕੇ, 13 ਦੀ ਮੌਤ ਤੇ ਕਈ ਜ਼ਖਮੀ

ਉਨ੍ਹਾਂ ਕਿਹਾ ਕਿ ਇਹ ਦੋਵੇਂ ਅੰਡਰ ਟਰਾਈਲ ਚੱਲ ਰਹੇ ਹਨ ਅਤੇ ਆਉਣ ਵਾਲੇ ਦਰਸ਼ਕਾਂ ਲਈ ਐਤਵਾਰ ਨੂੰ ਖੋਲ੍ਹ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਇਸ ਪ੍ਰਮੁੱਖ ਮਨੋਰੰਜਨ ਪਾਰਕ 'ਚ ਮਨੋਰੰਜਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਨਿੱਕੂ ਪਾਰਕ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਸ਼ਹਿਰ ਦੇ ਬਿਲਕੁਲ ਵਿਚਕਾਰ 4.5 ਏਕੜ 'ਚ ਬਣੀ ਹੋਈ ਇਸ ਪਾਰਕ ਦੀ ਸਾਂਭ-ਸੰਭਾਲ ਦੀ ਕਮੀ ਅਤੇ ਕੋਵਿਡ-19 ਮਹਾਂਮਾਰੀ ਕਰਕੇ ਲਗਭਗ ਇਕ ਸਾਲ ਤੱਕ ਬੰਦ ਰਹਿਣ ਕਰਕੇ ਹਾਲਤ ਖ਼ਰਾਬ ਬਣੀ ਹੋਈ ਸੀ।

ਇਹ ਵੀ ਪੜ੍ਹੋ : ਕੈਬਨਿਟ ਵੱਲੋਂ PSCFC ਤੇ ਬੈਕਫਿਨਕੋ ਦੇ ਕਰਜ਼ਦਾਰਾਂ ਨੂੰ 62.46 ਕਰੋੜ ਰੁਪਏ ਦੀ ਕਰਜ਼ਾ ਰਾਹਤ ਨੂੰ ਮਨਜ਼ੂਰੀ

ਡਿਪਟੀ ਕਮਿਸ਼ਨਰ ਵਲੋਂ ਕੁਝ ਮਹੀਨੇ ਪਹਿਲਾਂ ਪਾਰਕ ਦੀ ਹਾਲਤ ਦਾ ਜਾਇਜ਼ਾ ਲੈਣ ਉਪਰੰਤ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਵਲੋਂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਗਿਆ ਕਿ ਪਾਰਕ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਿੱਕੂ ਪਾਰਕ ਦੇ ਮੈਨੇਜਰ ਐੱਸ.ਐੱਸ. ਸਿੱਧੂ ਨੇ ਦੱਸਿਆ ਕਿ ਪਾਰਕ ਵਿਚਲੇ ਸਾਰੇ ਝੂਲੇ ਜਿਨਾਂ 'ਚ ਮਨੋਰੰਜਕ ਬੱਸ, ਫੁਹਾਰੇ, ਰੇਲ ਗੱਡੀ, ਸੰਗੀਤਮਈ ਫੁਹਾਰੇ, ਫਲੱਡ ਲਾਈਟਾਂ ਅਤੇ ਹੋਰ ਸ਼ਾਮਲ ਹਨ ਹਾਲ ਹੀ 'ਚ ਚਾਲੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਗੇਂਦਬਾਜ਼ੀ ਮਸ਼ੀਨ ਦੀ ਸਹੂਲਤ ਵੀ ਬੱਚਿਆਂ ਲਈ ਤਿਆਰ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News