ਨਿੱਕੂ ਪਾਰਕ ਦੀ ਕੁਲੈਕਸ਼ਨ ਆਪਣੇ ਹੱਥਾਂ ''ਚ ਰੱਖੇਗਾ ਪ੍ਰਸ਼ਾਸਨ

Friday, Sep 20, 2019 - 10:03 AM (IST)

ਨਿੱਕੂ ਪਾਰਕ ਦੀ ਕੁਲੈਕਸ਼ਨ ਆਪਣੇ ਹੱਥਾਂ ''ਚ ਰੱਖੇਗਾ ਪ੍ਰਸ਼ਾਸਨ

ਜਲੰਧਰ (ਜ.ਬ.)—ਲੀਜ਼ ਖਤਮ ਹੋਣ ਕਾਰਣ ਸੀਲ ਹੋਏ ਨਿੱਕੂ ਪਾਰਕ ਨੂੰ ਅੱਜ ਰੁਟੀਨ ਵਾਂਗ ਖੋਲ੍ਹਿਆ ਗਿਆ ਤੇ ਲੋਕਾਂ ਦਾ ਆਉਣਾ-ਜਾਣਾ ਜਾਰੀ ਰਿਹਾ। ਪਾਰਕ ਦੀ ਦੇਖ-ਰੇਖ ਲਈ ਬਣਾਈ ਗਈ 13 ਮੈਂਬਰੀ ਕਮੇਟੀ ਦੇ ਮੈਂਬਰ ਅੱਜ ਨਿੱਕੂ ਪਾਰਕ ਵਿਚ ਕੰਮ-ਕਾਜ ਦੇਖਣ ਪਹੁੰਚੇ ਪਰ ਪਹਿਲਾਂ ਕੰਮ ਕਰ ਰਹੀ ਸੋਸਾਇਟੀ ਨੇ ਹੀ ਸਾਰਾ ਕੰਮ ਕੀਤਾ। ਕਮੇਟੀ ਵਲੋਂ ਹੁਕਮ ਦਿੱਤੇ ਗਏ ਹਨ ਕਿ ਨਿੱਕੂ ਪਾਰਕ ਵਿਚ ਜੋ ਵੀ ਕੰਮਕਾਜ ਹੋਵੇਗਾ, ਉਸ ਦੀ ਰਿਪੋਰਟ ਬਣਾ ਕੇ ਰੋਜ਼ਾਨਾ ਦੇਣੀ ਹੋਵੇਗੀ। ਇਸੇ ਤਰ੍ਹਾਂ ਉਕਤ ਰਿਪੋਰਟ ਨੂੰ ਈ-ਮੇਲ ਵੀ ਕਰਨਾ ਹੋਵੇਗਾ।

13 ਮੈਂਬਰੀ ਕਮੇਟੀ ਦਰਮਿਆਨ ਇਕ ਘੰਟੇ ਤੱਕ ਮੀਟਿੰਗ ਚੱਲੀ। ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ-ਕਮ-ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਐੱਸ. ਡੀ. ਐੱਮ.-1 ਸੰਜੀਵ ਸ਼ਰਮਾ ਸਣੇ ਰਿਟਾ. ਮੇਜਰ ਬਲਵਿੰਦਰ ਸਿੰਘ, ਰੈਵੇਨਿਊ ਆਫੀਸਰ ਜਸ਼ਨਜੀਤ ਸਿੰਘ ਸਣੇ ਕਈ ਕਮੇਟੀ ਮੈਂਬਰ ਮੌਜੂਦ ਰਹੇ। ਚੇਅਰਮੈਨ ਹਰਚਰਨ ਸਿੰਘ ਨੇ ਕਿਹਾ ਕਿ ਨਿੱਕੂ ਪਾਰਕ ਤੋਂ ਹੋਣ ਵਾਲੀ ਕੁਲੈਕਸ਼ਨ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਆਪਣੇ ਹੱਥਾਂ ਵਿਚ ਰੱਖਿਆ ਜਾਵੇਗਾ, ਜਿਸ ਦੇ ਲਈ ਅਕਾਊਂਟ ਖੁੱਲ੍ਹਵਾਇਆ ਜਾ ਰਿਹਾ ਹੈ, ਜਿਸ ਵਿਚ ਸਾਰਾ ਕੈਸ਼ ਜਮ੍ਹਾ ਕਰਵਾਇਆ ਜਾਵੇਗਾ।

17 ਸਤੰਬਰ ਨੂੰ ਨਿੱਕੂ ਪਾਰਕ ਚਿਲਡਰਨ ਭਲਾਈ ਸੋਸਾਇਟੀ ਦੀ ਲੀਜ਼ ਖਤਮ ਹੋਣ ਕਾਰਣ ਉਸ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਸ਼ਾਮ ਨੂੰ ਸੀਲ ਖੋਲ੍ਹ ਕੇ 13 ਮੈਂਬਰੀ ਕਮੇਟੀ ਬਣਾਈ ਗਈ ਸੀ। ਕਮੇਟੀ ਵਿਚ ਨਿੱਕੂ ਪਾਰਕ ਚਲਾਉਣ ਵਾਲੀ ਸੋਸਾਇਟੀ ਦੇ ਬਾਵਾ ਅਮਰਜੀਤ ਸਿੰਘ ਨੂੰ ਵੀ ਮੈਂਬਰ ਬਣਾਇਆ ਗਿਆ ਹੈ।
ਫਿਲਹਾਲ ਬਾਵਾ ਅਮਰਜੀਤ ਸਿੰਘ ਹੀ ਪਾਰਕ ਦੀ ਦੇਖ-ਰੇਖ ਕਰ ਰਹੇ ਹਨ। ਅੱਜ ਕਮੇਟੀ ਦੇ ਬਾਕੀ ਮੈਂਬਰ ਮੀਟਿੰਗ ਕਰਨ ਤੋਂ ਬਾਅਦ ਚਲੇ ਗਏ। ਆਉਣ ਵਾਲੇ ਦਿਨਾਂ ਵਿਚ ਕਮੇਟੀ ਕੀ ਕੰਮ ਕਰੇਗੀ, ਇਹ ਦੇਖਣਾ ਦਿਲਚਸਪ ਹੋਵੇਗਾ। ਚੇਅਰਮੈਨ ਹਰਚਰਣ ਸਿੰਘ ਦੁਪਹਿਰ ਨੂੰ ਮੀਟਿੰਗ ਵਿਚ ਤਾਂ ਮੌਜੂਦ ਰਹੇ ਪਰ ਉਹ ਸ਼ਾਮ ਨੂੰ ਵੀ ਨਿੱਕੂ ਪਾਰਕ ਪਹੁੰਚੇ ਅਤੇ ਕੰਮ-ਕਾਜ ਦੇਖਿਆ।


author

Shyna

Content Editor

Related News