ਨਿਹੰਗ ਸਿੰਘ ਨੇ ਕਿਰਪਾਨ ਨਾਲ ਦੂਸਰੇ ਨਿਹੰਗ ਸਿੰਘ ਦਾ ਵੱਢਿਆ ਗੁੱਟ, ਜਾਣੋ ਪੂਰਾ ਮਾਮਲਾ

Wednesday, Aug 07, 2024 - 09:16 PM (IST)

ਫਤਿਹਗੜ੍ਹ ਸਾਹਿਬ (ਬਿਪਨ ਭਾਰਦਵਾਜ) - ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਨਿਹੰਗ ਸਿੰਘ ਵੱਲੋਂ ਦੂਸਰੇ ਨਿਹੰਗ ਸਿੰਘ 'ਤੇ ਕਿਰਪਾਨ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਐਸ.ਐਚ.ਓ. ਗੁਰਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਨਿਹੰਗ ਸਿੰਘ ਸੁਖਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਗੁਰੂਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇੜੇ ਸਥਿਤ ਨਿਹੰਗ ਸਿੰਘਾਂ ਦੀ ਬਰੋਟਾ ਛਾਉਣੀ ਵਿਖੇ ਘੋੜਿਆਂ ਦੀ ਸੇਵਾ ਚੱਲਦੀ ਹੈ, ਜਿੱਥੇ ਉਹ ਸੇਵਾ ਕਰ ਰਹੇ ਸਨ। ਇਸੇ ਦੌਰਾਨ ਨਿਹੰਗ ਸਿੰਘ ਜਸਵੀਰ ਸਿੰਘ ਨੇ ਕਿਹਾ ਕਿ ਬਾਜ ਨਾਮਕ ਘੋੜੇ ਦੀ ਸੇਵਾ ਮੈਂ ਕਰਾਂਗਾ। ਜਿਸ 'ਤੇ ਨਿਹੰਗ ਸਿੰਘ ਗੁਰਜੰਟ ਸਿੰਘ ਨੇ ਕਿਹਾ ਕਿ ਹੁਣ ਮੈਂ ਸੇਵਾ ਕਰ ਰਿਹਾ ਹਾਂ ਤੁਸੀਂ ਬਾਅਦ ਵਿੱਚ ਆ ਕੇ ਸੇਵਾ ਕਰ ਲਿਓ। 

ਇਸੇ ਗੱਲ ਨੂੰ ਲੈ ਕੇ ਜਸਵੀਰ ਸਿੰਘ ਨੇ ਤੈਸ਼ ਵਿੱਚ ਆ ਕੇ ਆਪਣੀ ਕਿਰਪਾਨ ਕੱਢ ਕੇ ਬਾਜ ਨਾਮਕ ਘੋੜੇ ਦੀ ਗਰਦਨ 'ਤੇ ਵਾਰ ਕਰ ਦਿੱਤਾ ਤਾਂ ਘੋੜਾ ਡਰ ਕੇ ਭੱਜ ਗਿਆ। ਜਿਸ ਮਗਰੋਂ ਜਸਵੀਰ ਸਿੰਘ ਨੇ ਲਲਕਾਰਾ ਮਾਰਦੇ ਹੋਏ ਜਾਨੋਂ ਮਾਰਨ ਦੀ ਨੀਅਤ ਨਾਲ ਕਿਰਪਾਨ ਦਾ ਸਿੱਧਾ ਵਾਰ ਗੁਰਜੰਟ ਸਿੰਘ ਦੇ ਸਿਰ 'ਤੇ ਕਰ ਦਿੱਤਾ। ਜਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਗੁਰਜੰਟ ਸਿੰਘ ਨੇ ਆਪਣਾ ਖੱਬਾ ਹੱਥ ਸਿਰ 'ਤੇ ਰੱਖ ਲਿਆ ਅਤੇ ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਵਾਰ ਗੁਰਜੰਟ ਸਿੰਘ ਦੇ ਖੱਬੇ ਗੁੱਟ 'ਤੇ ਲੱਗਾ। ਗੁਰਜੰਟ ਸਿੰਘ ਦਾ ਗੁੱਟ ਬਾਂਹ ਨਾਲੋਂ ਵੱਖ ਹੋ ਕੇ ਧਰਤੀ 'ਤੇ ਡਿੱਗ ਪਿਆ। 

ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਅਗਲਾ ਵਾਰ ਗੁਰਜੰਟ ਸਿੰਘ ਦੇ ਸੱਜੇ ਹੱਥ ਦੀ ਹਥੇਲੀ 'ਤੇ ਲੱਗਾ, ਜਿਸ ਕਾਰਨ ਉਸਦੇ ਸੱਜੇ ਹੱਥ 'ਤੇ ਵੀ ਡੂੰਘਾ ਜ਼ਖਮ ਹੋ ਗਿਆ ਅਤੇ ਗੁਰਜੰਟ ਸਿੰਘ ਲਹੂ ਲੁਹਾਨ ਹੋ ਗਿਆ। ਜਿਸ ਤੋਂ ਬਾਅਦ ਜਸਵੀਰ ਸਿੰਘ ਧਮਕੀਆਂ ਦਿੰਦਾ ਹੋਇਆ ਕਿਰਪਾਨ ਸਮੇਤ ਮੌਕੇ 'ਤੋਂ ਦੌੜ ਗਿਆ। ਉਨਾਂ ਦੱਸਿਆ ਕਿ ਇਸ ਹਮਲੇ 'ਚ ਜ਼ਖਮੀ ਹੋਏ ਗੁਰਜੰਟ ਸਿੰਘ (27) ਨੂੰ ਇਲਾਜ਼ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦੋਸ਼ੀ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹਨ।

 


Inder Prajapati

Content Editor

Related News