ਜਾਨ ਨੂੰ ਖਤਰਾ ਦੱਸ ਕੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
Friday, Dec 21, 2018 - 09:11 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) : ਪੰਜਾਬ 'ਚ 2013 ਨੂੰ ਹੋਈਆਂ ਪੰਚਾਇਤੀ ਚੋਣਾਂ 'ਚ ਹਲਕੇ ਦੇ ਪਿੰਡ ਸੈਦੋਕੇ ਵਿਖੇ ਚੋਣਾਂ ਦੌਰਾਨ 7 ਜੁਲਾਈ 2013 ਨੂੰ ਇਕ ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਪਿੰਡ ਦੌਧਰ ਵਿਖੇ ਵੀ ਇਕ ਅਕਾਲੀ ਸਰਪੰਚ ਅਤੇ ਉਸਦੇ ਗੰਨਮੈਨ ਦੀ 8 ਸਾਲ ਪਹਿਲਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਚੋਣਾਂ 'ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਰਾਜ ਸਿੰਘ ਦੌਧਰ ਨੇ ਪਿੰਡ ਦੇ ਕਾਂਗਰਸੀ ਆਗੂ ਤੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਚੋਣ ਕਮਿਸ਼ਨ ਪੰਜਾਬ, ਡੀ. ਜੀ. ਪੀ. ਪੰਜਾਬ, ਡਿਪਟੀ ਕਮਿਸ਼ਨਰ ਮੋਗਾ ਅਤੇ ਜ਼ਿਲਾ ਪੁਲਸ ਮੁਖੀ ਨੂੰ ਭੇਜੇ ਸ਼ਿਕਾਇਤ ਪੱਤਰ 'ਚ ਜਿੱਥੇ ਉਕਤ ਕਾਂਗਰਸੀ ਆਗੂ ਤੋਂ ਪੁਲਸ ਵਲੋਂ ਦਿੱਤੇ 4 ਗੰਨਮੈਂਨ ਵਾਪਸ ਲੈਣ ਦੀ ਮੰਗ ਕੀਤੀ ਹੈ, ਉੱਥੇ ਚੋਣਾਂ ਨਿਰਪੱਖ ਕਰਵਾਉਣ ਲਈ ਵੀਡੀਓਗ੍ਰਾਫੀ ਦੀ ਵੀ ਮੰਗ ਕੀਤੀ ਹੈ।
ਸ਼ਿਕਾਇਤ ਪੱਤਰ ਦੀਆਂ ਕਾਪੀਆਂ ਪ੍ਰੈੱਸ ਨੂੰ ਜਾਰੀ ਕਰਦਿਆਂ ਜਥੇਦਾਰ ਜਗਰਾਜ ਸਿੰਘ ਦੌਧਰ ਨੇ ਕਿਹਾ ਕਿ ਉਹ ਪਿੰਡ ਦੌਧਰ ਦੇ ਲੰਬਾ ਅਰਸਾ ਸਰਪੰਚ ਰਹੇ ਹਨ। ਇਸ ਸਾਲ ਵੀ ਉਸਨੇ ਪਿੰਡ ਦੀ ਪੰਚਾਇਤ ਦੀ ਸਰਬਸੰਮਤੀ ਕਰਵਾ ਦਿੱਤੀ ਸੀ, ਜਿਸ ਤਹਿਤ ਪਿੰਡ ਦੇ ਕਾਂਗਰਸੀ ਆਗੂ ਨੇ ਉਸਦੇ ਨਾਲ 7 ਮੈਂਬਰਾਂ ਨੂੰ ਸਰਬਸੰਮਤੀ ਨਾਲ ਨਿਯੁਕਤ ਕਰ ਦਿੱਤਾ ਸੀ ਪਰ ਉਕਤ ਕਾਂਗਰਸੀ ਆਗੂ ਨੇ ਉਸ ਨਾਲ ਕਿੜ ਕੱਢਣ ਲਈ ਕਿਹਾ ਕਿ ਮੈਂ ਤਾਂ ਚੋਣ ਲੜਨੀ ਹੈ। ਜਥੇਦਾਰ ਦੌਧਰ ਨੇ ਕਿਹਾ ਕਿ ਉਹ ਚੋਣ ਦੀ ਆੜ 'ਚ ਮੇਰਾ ਜਾਨੀ ਨੁਕਸਾਨ ਕਰਨਾ ਚਾਹੁੰਦਾ ਹੈ, ਕਿਉਂਕਿ ਉਸਦੇ ਕੁਝ ਉੱਚ ਪੁਲਸ ਅਧਿਕਾਰੀਆਂ ਨਾਲ ਸਬੰਧ ਹਨ ਜਿਨ੍ਹਾਂ ਨੇ ਉਸਨੂੰ 4 ਗੰਨਮੈਨ ਮੁਹੱਈਆ ਕਰਵਾਏ ਹੋਏ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਸਦੇ ਨਾਮੀ ਗੈਂਗਸਟਰਾਂ ਨਾਲ ਵੀ ਸਬੰਧ ਹਨ ਜੋ ਕਿ ਉਸਦੇ ਨਾਲ ਹੀ ਗੱਡੀ 'ਚ ਘੁੰਮਦੇ ਰਹਿਦੇ ਹਨ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਤੁਰੰਤ ਦਖਲ ਦੀ ਮੰਗ ਕਰਦਿਆਂ ਜਿੱਥੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ, ਉੱਥੇ ਚੋਣਾਂ ਨਿਰਪੱਖ ਕਰਵਾਉਣ ਲਈ ਪੂਰੀ ਚੋਣ ਦੀ ਵੀਡੀਓਗ੍ਰਾਫੀ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਵੀਡੀਓਗ੍ਰਾਫੀ ਦਾ ਖਰਚਾ ਵੀ ਉਹ ਖੁਦ ਕਰਨ ਨੂੰ ਤਿਆਰ ਹਨ।