ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਗਲੀਆਂ ’ਚ ਪੈਦਲ ਚੱਲੇ ਨਿਗਮ ਅਧਿਕਾਰੀ
Saturday, Aug 25, 2018 - 03:51 AM (IST)

ਜਲੰਧਰ, (ਖੁਰਾਣਾ)— ਬਸਤੀ ਬਾਵਾ ਖੇਲਾ ਇਲਾਕੇ ਵਿਚ ਪੈਂਦੇ ਰਾਜ ਨਗਰ, ਕਿਲਾ ਮੁਹੱਲਾ ਤੇ ਕਟਹਿਰਾ ਮੁਹੱਲੇ ਦੇ ਵਾਸੀਆਂ ਦਾ ਗੁੱਸਾ ਅੱਜ ਉਸ ਸਮੇਂ ਫੁੱਟ ਪਿਆ ਜਦੋਂ ਇਲਾਕੇ ਵਿਚ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਹੁੰਦਾ ਵੇਖ ਵਾਰਡ ਦੀ ਭਾਜਪਾ ਕੌਂਸਲਰ ਸ਼ਵੇਤਾ ਧੀਰ ਤੇ ਉਨ੍ਹਾਂ ਦੇ ਪਤੀ ਵਿਨੀਤ ਧੀਰ ਨੇ ਨਗਰ ਨਿਗਮ ਦੇ ਖਿਲਾਫ ਕਪੂਰਥਲਾ ਰੋਡ ਹਾਈਵੇ ’ਤੇ ਜਾ ਕੇ ਧਰਨਾ ਲਾ ਦਿੱਤਾ। ਇਸ ਧਰਨੇ ਵਿਚ 400 ਦੇ ਕਰੀਬ ਵਾਰਡ ਵਾਸੀਆਂ ਨੇ ਇਕੱਠੇ ਹੋ ਕੇ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਨੂੰ ਰੱਜ ਕੇ ਭੰਡਿਆ। ਕਰੀਬ 3 ਘੰਟੇ ਇਸ ਸੜਕ ’ਤੇ ਆਵਾਜਾਈ ਕਾਫੀ ਪ੍ਰਭਾਵਿਤ ਰਹੀ ਹੈ ਅਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਬਾਅਦ ਦੁਪਹਿਰ ਜਿੱਥੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ, ਉਥੇ ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਦੇ ਐੱਸ. ਈ. ਕਿਸ਼ੋਰ ਬਾਂਸਲ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੂੰ ਕੌਂਸਲਰ ਤੇ ਉਨ੍ਹਾਂ ਦੇ ਪਤੀ ਨੇ ਸੀਵਰੇਜ ਜਾਮ ਦੇ ਕਈ ਮੌਕੇ ਵਿਖਾਏ।
ਖਾਸ ਗੱਲ ਇਹ ਰਹੀ ਕਿ ਐੱਸ. ਈ. ਕਿਸ਼ੋਰ ਬਾਂਸਲ ਦੇ ਨਾਲ ਨਗਰ ਨਿਗਮ ਦੇ ਸਾਰੇ ਉੱਚ ਅਧਿਕਾਰੀ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਗਲੀਆਂ ਵਿਚ ਪੈਦਲ ਚੱਲੇ। ਇਸ ਦੌਰਾਨ ਨਿਗਮ ਅਧਿਕਾਰੀਆਂ ਦੀਆਂ ਜੁਰਾਬਾਂ ਤੱਕ ਗਿੱਲੀਆਂ ਹੋ ਗਈਆਂ ਜੋ ਉਨ੍ਹਾਂ ਨੂੰ ਘਰ ਜਾ ਕੇ ਬਦਲਣੀਆਂ ਪਈਆਂ। ਕੌਂਸਲਰ ਪਤੀ ਵਿਨੀਤ ਧੀਰ ਨੇ ਦੱਸਿਆ ਕਿ ਵਾਰਡ ਦੇ ਹਜ਼ਾਰਾਂ ਵਾਸੀ ਹਰ ਰੋਜ਼ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਪਰ ਨਿਗਮ ਇਸ ਸਮੱਸਿਆ ਦਾ ਹੱਲ ਨਹੀਂ ਕੱਢ ਰਿਹਾ। ਉਨ੍ਹਾਂ ਦੱਸਿਆ ਕਿ ਮੇਨ ਕਪੂਰਥਲਾ ਰੋਡ ਦੀ ਸੀਵਰ ਲਾਈਨ ਉੱਚੀ ਹੋਣ ਕਾਰਨ ਇਹ ਸਮੱਸਿਆ ਆਈ ਹੈ ਪਰ ਹੁਣ ਮੁਹੱਲੇ ਦੀਆਂ ਲਾਈਨਾਂ ਨੂੰ ਨਹਿਰ ਦੀ ਪੁਲੀ ਕੋਲ ਮੈਨ ਹੋਲ ਨਾਲ ਜੋੜਨ ਲਈ 7 ਦਿਨ ਦਾ ਸਮਾਂ ਮੰਗਿਆ ਗਿਆ ਹੈ, ਜਿਸ ਦੌਰਾਨ ਵਾਰਡ ਨੂੰ ਪੂਰੀ ਤਰ੍ਹਾਂ ਸਾਫ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
29 ਜੂਨ ਤੋਂ ਲਗਾਤਾਰ ਹੋ ਰਹੀਆਂ ਸਨ ਸ਼ਿਕਾਇਤਾਂ : ਵਿਨੀਤ ਧੀਰ ਨੇ ਦੱਸਿਆ ਕਿ 29 ਜੂਨ ਤੋਂ ਲਗਾਤਾਰ ਫੋਨ ਅਤੇ ਵਟਸਐਪ ’ਤੇ ਐੈੱਸ. ਡੀ. ਓ. ਰਵਿੰਦਰ ਅਤੇ ਜੇ. ਈ. ਯਸ਼ ਅਤੇ ਹੇਮੰਤ ਆਦਿ ਨੂੰ ਸੀਵਰੇਜ ਸਮੱਸਿਆ ਬਾਰੇ ਸ਼ਿਕਾਇਤਾਂ ਕਰ ਰਹੇ ਸੀ। ਕੌਂਸਲਰ ਸ਼ਵੇਤਾ ਧੀਰ ਨੇ ਇਹ ਮਾਮਲਾ ਕੌਂਸਲਰ ਹਾਊਸ ਵਿਚ ਵੀ ਉਠਾਇਆ ਸੀ ਜਿੱਥੇ ਐੱਸ. ਈ. ਕਿਸ਼ੋਰ ਬਾਂਸਲ ਨੇ ਇਸਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਸਾਬਕਾ ਕਮਿਸ਼ਨਰ ਨੂੰ ਵੀ ਸਮੱਸਿਆ ਬਾਰੇ ਕਈ ਵਾਰ ਦੱਸਿਆ ਗਿਆ ਅਤੇ ਮੇਅਰ ਦੇ ਧਿਆਨ ਵਿਚ ਵੀ ਸਮੱਸਿਆ ਲਿਆਂਦੀ ਗਈ ਪਰ ਫਿਰ ਵੀ ਕੋਈ ਹੱਲ ਨਾ ਹੁੰਦਾ ਵੇਖ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ।
ਮੇਅਰ ਖਿਲਾਫ ਕੱਢਿਆ ਗੁੱਸਾ : ਭਾਜਪਾ ਆਗੂ ਵਿਨੀਤ ਧੀਰ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਮੇਅਰ ਜਗਦੀਸ਼ ਰਾਜਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਵਾਰਡ ਦਾ ਦੌਰਾ ਕਰਨ ਨੂੰ ਕਿਹਾ। ਇਸ ਦੌਰਾਨ ਮੇਅਰ ਨੂੰ ਦੱਸਿਆ ਕਿ ਵਾਰਡ ਵਾਸੀ ਮੇਅਰ ਅਤੇ ਕੌਂਸਲਰ ਦਾ ਪੁਤਲਾ ਫੂਕਣ ਦੀ ਤਿਆਰੀ ਕਰ ਰਹੇ ਹਨ। ਵਿਨੀਤ ਧੀਰ ਨੇ ਕਿਹਾ ਕਿ ਗੱਲਬਾਤ ਦੌਰਾਨ ਮੇਅਰ ਅਚਾਨਕ ਨਾਰਾਜ਼ ਹੋ ਗਏ ਅਤੇ ਉਨ੍ਹਾਂ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪ੍ਰਦਰਸ਼ਨਕਾਰੀਆਂ ਨੇ ਧਰਨੇ ਦੌਰਾਨ ਮੇਅਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।