23 ਦਿਨਾਂ ਬਾਅਦ ਕੰਮ ''ਤੇ ਪਰਤੇ ਨਿਗਮ ਮੁਲਾਜ਼ਮ
Friday, Sep 01, 2017 - 05:27 AM (IST)

ਅੰਮ੍ਰਿਤਸਰ, (ਵੜੈਚ)- ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਨਿਗਮ ਕਰਮਚਾਰੀਆਂ ਦੀ ਬੈਠਕ ਤੋਂ ਬਾਅਦ ਤਨਖਾਹਾਂ ਦੀ ਪ੍ਰਵਾਨਗੀ ਮਿਲਣ 'ਤੇ 23 ਦਿਨਾਂ ਦੀ ਹੜਤਾਲ ਉਪਰੰਤ ਅਧਿਕਾਰੀਆਂ-ਕਰਮਚਾਰੀਆਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ।
ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਦੀਆਂ ਯੂਨੀਅਨਾਂ ਦੇ ਪ੍ਰਮੁੱਖ ਵਿਨੋਦ ਬਿੱਟਾ, ਹਰਜਿੰਦਰ ਸਿੰਘ ਵਾਲੀਆ, ਕਰਮਜੀਤ ਸਿੰਘ ਕੇ. ਪੀ. ਤੇ ਮੇਜਰ ਸਿੰਘ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰਦਿਆਂ ਨਿਗਮ ਦੇ ਵਿਹੜੇ 'ਚ ਮੰਤਰੀ, ਕਮਿਸ਼ਨਰ ਵੱਲੋਂ ਮੰਗਾਂ ਪੂਰੀਆਂ ਕਰਨ ਅਤੇ ਕਰਮਚਾਰੀਆਂ ਵੱਲੋਂ ਸੰਘਰਸ਼ ਦੌਰਾਨ ਸਹਿਯੋਗ ਦੇਣ ਦਾ ਧੰਨਵਾਦ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਾਂਝੀ ਸੰਘਰਸ਼ ਕਮੇਟੀ ਨੇ ਹਮੇਸ਼ਾ ਮੁਲਾਜ਼ਮਾਂ ਦੇ ਹੱਕਾਂ ਲਈ ਜੱਦੋ-ਜਹਿਦ ਕੀਤੀ ਹੈ। ਤਨਖਾਹਾਂ ਨਾ ਮਿਲਣ ਤੇ ਹੋਰਨਾਂ ਮੰਗਾਂ ਨੂੰ ਪੂਰਾ ਨਾ ਕਰਨ ਉਪਰੰਤ ਜਿਨ੍ਹਾਂ ਸਾਥੀਆਂ ਨੇ 23 ਦਿਨ ਸਾਥ ਦਿੱਤਾ ਉਹ ਧੰਨਵਾਦ ਅਤੇ ਵਧਾਈ ਦੇ ਪਾਤਰ ਹਨ।
ਮੁਲਾਜ਼ਮਾਂ ਦੇ ਹੱਕ 'ਚ ਬੈਠਕ ਦੌਰਾਨ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਮਿਸ਼ਨਰ ਗੁਰਲਵਲੀਨ ਸਿੰਘ ਦਾ ਹਾਰਦਿਕ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੈਠਕ ਦੌਰਾਨ 2 ਕਰੋੜ ਰਿਲੀਜ਼ ਕਰਦਿਆਂ ਸ਼ੁੱਕਰਵਾਰ 1 ਸਤੰਬਰ ਨੂੰ ਫਿਰ ਸਾਢੇ 4 ਕਰੋੜ ਦੇਣ ਦਾ ਭਰੋਸਾ ਦਿੱਤਾ ਅਤੇ ਬਾਕੀ ਲਟਕਦੀਆਂ ਮੰਗਾਂ ਨੂੰ ਗੌਰ ਨਾਲ ਸੁਣਦਿਆਂ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਲਛਮਣ ਸਿੰਘ ਅਬਦੁਲ, ਅਰੁਣ ਸਹਿਜਪਾਲ, ਸਤਿੰਦਰ ਸਿੰਘ, ਬਲਵਿੰਦਰ ਤੇ ਅਸ਼ੋਕ ਮਜੀਠਾ ਵੀ ਮੌਜੂਦ ਸਨ।