ਭਤੀਜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਚਾਚੇ ਨੂੰ ਤਿੰਨ ਸਾਲ ਦੀ ਕੈਦ
Thursday, Jan 09, 2025 - 02:17 PM (IST)
ਮੋਗਾ (ਸੰਦੀਪ ਸ਼ਰਮਾ) : ਸਪੈਸ਼ਲ ਜੱਜ ਫਾਸਟ ਟ੍ਰੈਕ ਅਦਾਲਤ ਅਤੇ ਜ਼ਿਲ੍ਹਾ ਤੇ ਵਧੀਕ ਸੈਸ਼ਨ ਜੱਜ ਬਿਸ਼ਨ ਸਰੂਪ ਦੀ ਅਦਾਲਤ ਨੇ ਚਾਚੇ ਨੂੰ ਨਾਬਾਲਗ ਭਤੀਜੀ ਨੂੰ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਤਿੰਨ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਜ਼ਿਲ੍ਹੇ ਦੇ ਇਕ ਪਿੰਡ ਦੀ ਨਾਬਾਲਗ ਲੜਕੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ 10ਵੀਂ ਜਮਾਤ ਵਿਚ ਪੜ੍ਹਦੀ ਹੈ। ਉਸਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਹੈ। 4 ਅਕਤੂਬਰ 2017 ਦੀ ਸਵੇਰ ਨੂੰ ਉਸ ਦੀ ਮਾਂ ਨੇ ਉਸ ਨੂੰ ਨੇੜੇ ਹੀ ਰਹਿੰਦੀ ਉਸ ਦੀ ਦਾਦੀ ਤੋਂ 500 ਰੁਪਏ ਲੈ ਕੇ ਆਉਣ ਅਤੇ ਫੋਨ ’ਤੇ ਗੱਲ ਕਰਵਾਉਣ ਲਈ ਭੇਜਿਆ ਸੀ, ਜਦੋਂ ਉਸ ਨੇ ਆਪਣੀ ਦਾਦੀ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਉਸ ਦਾ ਚਾਚਾ ਬਾਹਰ ਆ ਗਿਆ। ਉਸਨੇ ਦੱਸਿਆ ਕਿ ਦਾਦੀ ਘਰ ਨਹੀਂ ਅਤੇ ਨੰਬਰ ਲਿਖਣ ਲਈ ਕਾਪੀ ਲਿਆਉਣ ਲਈ ਕਿਹਾ ਤਾਂ ਜੋ ਉਹ ਗੱਲ ਕਰ ਸਕਣ ਅਤੇ ਅੰਦਰ ਚਲੇ ਗਏ। ਜਿਵੇਂ ਹੀ ਉਹ ਅੰਦਰ ਆਇਆ ਤਾਂ ਉਸ ਨੂੰ ਬਾਂਹ ਤੋਂ ਫੜ ਕੇ ਅੰਦਰ ਖਿੱਚ ਲਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗਾ।
ਉਸ ਵੱਲੋਂ ਵਿਰੋਧ ਕਰ ਕੇ ਰੌਲਾ ਪਾਇਆ ਗਿਆ ਅਤੇ ਚਾਚੇ ਦੀ ਛਾਤੀ ’ਤੇ ਵਾਰ ਵੀ ਕੀਤੇ ਅਤੇ ਉਸ ਦੇ ਚੁੰਗਲ ’ਚੋਂ ਫਰਾਰ ਹੋ ਕੇ ਉਸ ਨੇ ਆਪਣੀ ਮਾਂ ਅਤੇ ਦਾਦੀ ਨੂੰ ਦੱਸਿਆ। ਜਦੋਂ ਉਸ ਦੀ ਦਾਦੀ ਚਾਚੇ ਨੂੰ ਝਿੜਕਣ ਗਈ ਤਾਂ ਉਸ ਨੇ ਉਸ ਨੂੰ ਧਮਕੀ ਦਿੱਤੀ ਅਤੇ ਉਸ ਦੇ ਪਿਤਾ ਜੋ ਕਿ ਰਾਜਸਥਾਨ ਗਏ ਹੋਏ ਸਨ, 6 ਅਕਤੂਬਰ ਨੂੰ ਆਉਂਦਿਆਂ ਹੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਇਸ ’ਤੇ ਪੁਲਸ ਨੇ ਮ੍ਰਿਤਕਾ ਦੇ ਚਾਚਾ ਗੁਰਬਚਨ ਸਿੰਘ ਖ਼ਿਲਾਫ਼ ਧਾਰਾ 354ਬੀ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਮੰਗਲਵਾਰ ਨੂੰ ਸਬੂਤਾਂ ਅਤੇ ਗਵਾਹਾਂ ਦੇ ਮੱਦੇਨਜ਼ਰ ਅਦਾਲਤ ਨੇ ਗੁਰਬਚਨ ਸਿੰਘ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਤਿੰਨ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਦੋਸ਼ੀ ਨੂੰ ਮੌਕੇ ’ਤੇ 10,000 ਰੁਪਏ ਦਾ ਜੁਰਮਾਨਾ ਜਮ੍ਹਾ ਕਰਵਾਉਣ ਤੋਂ ਬਾਅਦ ਜ਼ਮਾਨਤ ਮਿਲ ਗਈ।