2 ਮੁਲਜ਼ਮ ਸਬੂਤਾਂ ਦੀ ਘਾਟ ਕਾਰਨ ਬਰੀ
Saturday, Oct 24, 2026 - 03:07 PM (IST)
ਮੋਗਾ (ਸੰਦੀਪ ਸ਼ਰਮਾ) : ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਆਸ਼ਿਮਾ ਦੀ ਅਦਾਲਤ ਵਲੋਂ ਲਗਭਗ ਦੋ ਸਾਲ ਪਹਿਲਾਂ ਦੋ ਪਹੀਆ ਵਾਹਨ ਚੋਰੀ ਕਰਨ ਦੇ ਦੋਸ਼ਾਂ ਹੇਠ ਥਾਣਾ ਸਿਟੀ-2 ਦੀ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਦੋ ਮੁਲਜ਼ਮਾਂ ਨੂੰ ਸਬੂਤਾਂ ਅਤੇ ਗਵਾਹਾਂ ਦੀ ਘਾਟ ਦੇ ਚੱਲਦਿਆਂ ਬਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮਾਮਲੇ ਵਿਚ ਮੁਲਜ਼ਮਾਂ ਵੱਲੋਂ ਆਪਣੇ ਵਕੀਲ ਸੀਨੀਅਰ ਐਡਵੋਕੇਟ ਅਮਿਤ ਮਿੱਤਲ ਰਾਹੀਂ ਮਾਣਯੋਗ ਅਦਾਲਤ ਵਿਚ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕੀਤਾ ਗਿਆ ਸੀ।
ਅਦਾਲਤ ਨੇ ਸੁਣਵਾਈ ਦੌਰਾਨ ਮੁਲਜ਼ਮਾਂ ਦੇ ਵਕੀਲ ਵੱਲੋਂ ਪੇਸ਼ ਕੀਤੀਆਂ ਦਲੀਲਾਂ ਅਤੇ ਸਬੂਤਾਂ ਦੇ ਆਧਾਰ ’ਤੇ ਆਪਣਾ ਫ਼ੈਸਲਾ ਸੁਣਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ 14 ਦਸੰਬਰ 2024 ਨੂੰ ਨਾਕਾਬੰਦੀ ਦੌਰਾਨ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਚੋਰੀ ਕੀਤੇ ਮੋਟਰਸਾਈਕਲ ਨੂੰ ਵੇਚਣ ਲਈ ਸਥਾਨਕ ਗਾਂਧੀ ਰੋਡ ਤੋਂ ਅਨਾਜ ਮੰਡੀ ਵੱਲ ਜਾ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਸਾਹਿਬ ਸਿੰਘ ਨੇ ਰੇਲਵੇ ਫਾਟਕਾਂ ਨੇੜੇ ਨਾਕਾਬੰਦੀ ਕੀਤੀ ਅਤੇ ਦੋਵਾਂ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਸੀ।
ਇਸ ਸਬੰਧੀ ਪੁਲਸ ਵੱਲੋਂ 14 ਦਸੰਬਰ 2024 ਨੂੰ ਹੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖ ਪੁੱਤਰ ਸ਼ਿੰਦਰ ਸਿੰਘ ਵਾਸੀ ਬਸਤੀ ਰਾਮਚੰਦ, ਨੇੜੇ ਰੇਲਵੇ ਸਟੇਸ਼ਨ, ਪਿੰਡ ਘੱਲਘਲਾਂ ਅਤੇ ਕੁਲਵਿੰਦਰ ਸਿੰਘ ਉਰਫ਼ ਗਿਰਧਾਰੀ ਪੁੱਤਰ ਰਾਜਪਾਲ ਸਿੰਘ ਵਾਸੀ ਪਿੱਪਲ ਵਾਲੀ ਗਲੀ, ਡਿੱਗੀ ਵਾਲਾ ਵਿਹੜਾ, ਮੋਗਾ ਵਜੋਂ ਹੋਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮਾਂ ਦੇ ਵਕੀਲ ਸੀਨੀਅਰ ਐਡਵੋਕੇਟ ਅਮਿਤ ਮਿੱਤਲ ਵੱਲੋਂ ਅਦਾਲਤ ਵਿਚ ਆਪਣਾ ਪੱਖ ਰੱਖਿਆ ਗਿਆ। ਕੇਸ ਦੀ ਅੰਤਿਮ ਸੁਣਵਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੀ ਘਾਟ ਦੇ ਮੱਦੇਨਜ਼ਰ ਦੋਵਾਂ ਮੁਲਜ਼ਮਾਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ।
