NIA ਨੇ ਲੁਧਿਆਣਾ ਕੋਰਟ ਧਮਾਕੇ ਦੇ ਸਾਜ਼ਿਸ਼ਕਰਤਾ ਹਰਪ੍ਰੀਤ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ

Friday, Dec 02, 2022 - 09:18 AM (IST)

NIA ਨੇ ਲੁਧਿਆਣਾ ਕੋਰਟ ਧਮਾਕੇ ਦੇ ਸਾਜ਼ਿਸ਼ਕਰਤਾ ਹਰਪ੍ਰੀਤ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ (ਏਜੰਸੀ)- ਲੋੜੀਂਦੇ ਅੱਤਵਾਦੀ ਅਤੇ ਲੁਧਿਆਣਾ ਕੋਰਟ ਬੰਬ ਧਮਾਕੇ ਦੇ ਮਾਸਟਰਮਾਈਂਡ ਹਰਪ੍ਰੀਤ ਸਿੰਘ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ। ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਹਰਪ੍ਰੀਤ ਸਿੰਘ ਉਰਫ 'ਹੈਪੀ ਮਲੇਸ਼ੀਆ' ਨੂੰ ਕੁਆਲਾਲੰਪੁਰ ਤੋਂ ਹਵਾਈ ਅੱਡੇ 'ਤੇ ਪਹੁੰਚਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਬੁਲਾਰੇ ਨੇ ਦੱਸਿਆ ਕਿ ਉਸ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਹਰਪ੍ਰੀਤ ਨੂੰ ਪਿਛਲੇ ਸਾਲ ਦਸੰਬਰ ਵਿੱਚ ਲੁਧਿਆਣਾ ਅਦਾਲਤ ਦੀ ਇਮਾਰਤ ਵਿੱਚ ਹੋਏ ਬੰਬ ਧਮਾਕੇ ਨਾਲ ਸਬੰਧਤ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਜ਼ਖ਼ਮੀ ਹੋ ਗਏ ਸਨ। ਇਹ ਕੇਸ ਪਹਿਲਾਂ ਪਿਛਲੇ ਸਾਲ 23 ਦਸੰਬਰ ਨੂੰ ਪੰਜਾਬ ਦੇ ਲੁਆਣਾ ਕਮਿਸ਼ਨਰੇਟ ਦੇ ਥਾਣਾ ਡਵੀਜ਼ਨ ਨੰਬਰ ਪੰਜ ਵਿੱਚ ਦਰਜ ਕੀਤਾ ਗਿਆ ਅਤੇ 13 ਜਨਵਰੀ ਨੂੰ ਐੱਨ.ਆਈ.ਏ. ਵੱਲੋਂ ਇਸ ਨੂੰ ਮੁੜ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਇੰਡ ਗੋਲਡੀ ਬਰਾੜ ਗ੍ਰਿਫਤਾਰ !

ਬੁਲਾਰੇ ਨੇ ਦੱਸਿਆ, "ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ਆਈ. ਐੱਸ. ਵਾਈ. ਐੱਫ.) ਦੇ ਮੁਖੀ ਲਖਬੀਰ ਸਿੰਘ ਰੋਡੇ ਦਾ ਸਹਿਯੋਗੀ ਹਰਪ੍ਰੀਤ ਸਿੰਘ ਰੋਡੇ ਦੇ ਨਾਲ ਲੁਧਿਆਣਾ ਅਦਾਲਤ ਦੀ ਇਮਾਰਤ 'ਚ ਹੋਏ ਧਮਾਕੇ ਦੇ ਸਾਜ਼ਿਸ਼ਕਰਤਾਵਾਂ 'ਚੋਂ ਇਕ ਸੀ।" ਬੁਲਾਰੇ ਨੇ ਕਿਹਾ, "ਉਸਨੇ ਰੋਡੇ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ, ਆਈ.ਈ.ਡੀ. ਦੀ ਸਪਲਾਈ ਦਾ ਤਾਲਮੇਲ ਕੀਤਾ, ਜੋ ਪਾਕਿਸਤਾਨ ਤੋਂ ਭਾਰਤ ਵਿੱਚ ਉਸਦੇ ਸਾਥੀਆਂ ਨੂੰ ਭੇਜਿਆ ਗਿਆ ਸੀ।" ਉਸ ਆਈ.ਈ.ਡੀ. ਦਾ ਇਸਤੇਮਾਲ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾਕੇ ਵਿੱਚ ਕੀਤਾ ਗਿਆ ਸੀ।' ਐੱਨ.ਆਈ.ਏ. ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਵਿਸਫੋਟਕਾਂ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲਿਆਂ ਵਿੱਚ ਵੀ ਸ਼ਾਮਲ ਸੀ ਅਤੇ ਪੁਲਸ ਨੂੰ ਲੋੜੀਂਦਾ ਸੀ। ਇਸ ਤੋਂ ਪਹਿਲਾਂ NIA ਨੇ ਹਰਪ੍ਰੀਤ ਸਿੰਘ 'ਤੇ 10 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਸੀ। ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ ਉਸ ਵਿਰੁੱਧ ਲੁੱਕ ਆਊਟ ਸਰਕੂਲਰ (ਐੱਲ.ਓ.ਸੀ.) ਵੀ ਜਾਰੀ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਆਪਣੇ ਦੇਸ਼ ਦੀ ਟੀਮ ਵਿਸ਼ਵ ਕੱਪ ਤੋਂ ਹੋਈ ਬਾਹਰ ਤਾਂ ਇਰਾਨੀ ਮੁੰਡੇ ਨੇ ਮਨਾਇਆ ਜਸ਼ਨ, ਫ਼ੌਜ ਨੇ ਸਿਰ 'ਚ ਮਾਰੀ ਗੋਲੀ


author

cherry

Content Editor

Related News