ਬਿਨਾਂ ਸੰਪਾਦਕੀ ਤੋਂ ਪ੍ਰਕਾਸ਼ਿਤ ਹੋਈਆਂ ਇੰਫਾਲ ਦੀਆਂ ਅਖਬਾਰਾਂ

11/23/2017 2:55:02 AM

ਜਲੰਧਰ  (ਪਾਹਵਾ) - ਭਾਜਪਾ ਯੁਵਾ ਮੋਰਚਾ (ਭਾਜਾਯੁਮੋ) ਦੇ ਕਥਿਤ ਵਰਕਰਾਂ ਵੱਲੋਂ  ਇਕ ਅਖਬਾਰ ਦੀਆਂ ਸਾੜੀਆਂ ਗਈਆਂ ਕਾਪੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਇੰਫਾਲ ਤੋਂ ਪ੍ਰਕਾਸ਼ਿਤ ਹੋਣ ਵਾਲੀਆਂ ਪ੍ਰਮੁੱਖ ਅਖਬਾਰਾਂ ਨੇ ਆਪਣੇ ਸੰਪਾਦਕੀ ਖਾਲੀ ਰੱਖੇ।
ਇਕ ਸਥਾਨਕ ਅਖਬਾਰ 'ਪੋਕਨਾਫਾਮ' ਦੀਆਂ ਕਾਪੀਆਂ ਨੂੰ ਸ਼ਨੀਵਾਰ ਇਥੇ ਭਾਜਪਾ ਦੇ ਦਫਤਰ ਦੇ ਬਾਹਰ ਕੁਝ ਅਣਪਛਾਤੇ ਅਨਸਰਾਂ ਨੇ ਅੱਗ ਲਾ ਕੇ ਸਾੜ ਦਿੱਤਾ ਸੀ। ਅੱਗ ਲਾਉਣ ਵਾਲਿਆਂ ਦਾ ਦੋਸ਼ ਸੀ ਕਿ ਅਖਬਾਰ 'ਚ ਕਥਿਤ ਤੌਰ 'ਤੇ ਪ੍ਰਧਾਨ ਮੰਤਰੀ ਵਿਰੁੱਧ ਸਮੱਗਰੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਭਾਜਪਾ ਯੁਵਾ ਮੋਰਚਾ ਦਾ ਇਹ ਵੀ ਦੋਸ਼ ਸੀ ਕਿ ਅਖਬਾਰ ਨੇ ਆਪਣੇ ਇਕ ਵਿਅੰਗਾਤਮਕ ਲੇਖ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਅਪਮਾਨਿਤ ਕੀਤਾ ਹੈ, ਨਾਲ ਹੀ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਅਕਸ ਨੂੰ ਵੀ ਖਰਾਬ ਕੀਤਾ ਹੈ। ਉਕਤ ਲੇਖ ਕੇਂਦਰ ਅਤੇ ਅੱਤਵਾਦੀ ਸੰਗਠਨ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ ਦਰਮਿਆਨ ਚੱਲ ਰਹੀ ਸ਼ਾਂਤੀ ਵਾਰਤਾ 'ਤੇ ਸਿਆਸੀ ਵਿਅੰਗ ਸੀ।
ਭਾਜਯੁਮੋ ਵਰਕਰ ਕਹਿ ਰਹੇ ਸਨ ਕਿ ਮੀਡੀਆ ਉਹ ਸਭ ਕੁਝ ਨਹੀਂ ਲਿਖ ਸਕਦਾ ਜੋ ਉਹ ਲਿਖਣਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੂੰ 'ਪਸ਼ੂ ਚੋਰ' ਕਹਿਣਾ ਬਹੁਤ ਗੰਭੀਰ ਮਾਮਲਾ ਹੈ। ਇਸ ਨੂੰ ਬੇਧਿਆਨ ਨਹੀਂ ਕੀਤਾ ਜਾ ਸਕਦਾ। ਇਸੇ ਵਿਰੁੱਧ ਉਕਤ ਅਖਬਾਰ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ।
ਭਾਜਪਾ ਯੁਵਾ ਮੋਰਚਾ ਦੀ ਉਕਤ ਕਾਰਵਾਈ ਵਿਰੁੱਧ ਇਹ ਵੱਖਰਾ ਢੰਗ ਸੀ, ਜਿਸ ਅਧੀਨ ਇੰਫਾਲ ਦੀਆਂ ਵੱਖ-ਵੱਖ ਅਖਬਾਰਾਂ ਨੇ ਆਪਣੇ ਸੰਪਾਦਕੀ ਵਾਲੀ ਥਾਂ ਨੂੰ ਖਾਲੀ ਛੱਡਿਆ। ਆਲ ਮਣੀਪੁਰ ਵਰਕਿੰਗ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ਼ਿਆਮਜਈ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਅਖਬਾਰ ਦੀਆਂ ਕਾਪੀਆਂ ਨੂੰ ਸਾੜਿਆ ਜਾਣਾ ਬੇਹੱਦ ਅਫਸੋਸਨਾਕ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਸਥਾਨ ਦੀ ਇਕ ਪ੍ਰਮੁੱਖ ਹਿੰਦੀ ਅਖਬਾਰ 'ਰਾਜਸਥਾਨ ਪੱਤ੍ਰਿਕਾ' ਨੇ ਵਸੁੰਧਰਾ ਸਰਕਾਰ ਦੀਆਂ ਨੀਤੀਆਂ ਪ੍ਰਤੀ ਆਪਣਾ ਵਿਰੋਧ ਪ੍ਰਗਟਾਉਂਦੇ ਹੋਏ 16 ਨਵੰਬਰ ਵਾਲੇ ਦਿਨ ਆਪਣਾ ਸੰਪਾਦਕੀ ਕਾਲਮ ਖਾਲੀ ਛੱਡਿਆ ਸੀ। ਸੰਪਾਦਕੀ ਕਾਲਮ ਨੂੰ ਮੋਟੇ ਕਾਲੇ ਬਾਰਡਰ ਨਾਲ ਘੇਰਦੇ ਹੋਏ ਅਖਬਾਰ ਨੇ ਲਿਖਿਆ ਸੀ ਕਿ ਰਾਜਸਥਾਨ 'ਚ ਸੂਬਾ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਕਾਰਨ ਆਜ਼ਾਦ ਪੱਤਰਕਾਰਤਾ ਖਤਰੇ 'ਚ ਹੈ।


Related News