ਜਿਸ ਮੰਦਰ 'ਚ ਹੋਇਆ ਸੀ ਵਿਆਹ, ਉਸੇ ਮੰਦਰ 'ਚ ਨਵ-ਵਿਆਹੁਤਾ ਨੇ ਦਿੱਤੀ ਜਾਨ

09/29/2019 12:24:27 PM

ਸਮਾਣਾ (ਦਰਦ)-ਸਮਾਣਾ ਦੀ ਅੱਗਰਵਾਲ ਕਾਲੋਨੀ ਵਿਖੇ ਮੰਦਰ ਦੇ ਪੁਜਾਰੀ ਦੇ ਨਿਵਾਸ ਸਥਾਨ 'ਤੇ 15 ਦਿਨਾਂ ਤੋਂ ਆਪਣੇ ਪਤੀ ਨਾਲ ਰਹਿ ਰਹੀ ਉਸ ਦੀ ਨਵ-ਵਿਆਹੁਤਾ ਸਾਲੇਹਾਰ ਵੱਲੋਂ ਭੇਤਭਰੇ ਹਾਲਾਤ ਵਿਚ ਸ਼ਨੀਵਾਰ ਸਵੇਰੇ ਬਾਥਰੂਮ ਵਿਚ ਫਾਹਾ ਲਾ ਕੇ ਆਤਮ-ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਦਿੱਤੇ ਜਾਣ 'ਤੇ ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ ਨੇ ਸਿਟੀ ਪੁਲਸ ਅਧਿਕਾਰੀਆਂ ਨਾਲ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ।

ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ. ਐੱਸ. ਆਈ. ਬੰਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀ ਅੱਗਰਵਾਲ ਕਾਲੋਨੀ ਸਥਿਤ ਹਨੂਮਾਨ ਮੰਦਰ ਦੇ ਪੁਜਾਰੀ ਰਾਮਪਾਲ ਦਾ ਸਾਲਾ ਅਨਿਲ ਕੁਮਾਰ ਨਿਵਾਸੀ ਜੀਂਦ ਆਪਣੀ ਨਵ-ਵਿਆਹੁਤਾ ਪਤਨੀ ਆਰਤੀ ਦੇ ਨਾਲ 15 ਦਿਨਾਂ ਤੋਂ ਉਨ੍ਹਾਂ ਕੋਲ ਰਹਿ ਰਿਹਾ ਸੀ। ਸ਼ਨੀਵਾਰ ਸਵੇਰੇ ਸਾਢੇ 3 ਵਜੇ ਉਸ ਦੀ ਪਤਨੀ ਆਪਣੇ ਕਮਰੇ ਵਿਚੋਂ ਬਾਥਰੂਮ ਵਿਚ ਗਈ ਅਤੇ ਕਾਫੀ ਦੇਰ ਤਕ ਉਸ ਦੇ ਵਾਪਸ ਨਾ ਆਉਣ 'ਤੇ ਜਦੋਂ ਉਸ ਦਾ ਪਤੀ ਅਨਿਲ ਕੁਮਾਰ ਉਸ ਨੂੰ ਵੇਖਣ ਲਈ ਗਿਆ ਤਾਂ ਬਾਥਰੂਮ ਦੀ ਅੰਦਰੋਂ ਕੁੰਡੀ ਲੱਗੀ ਹੋਈ ਸੀ। ਦਰਵਾਜ਼ਾ ਖੜਕਾਉਣ ਦੇ ਬਾਵਜੂਦ ਨਾ ਖੁੱਲ੍ਹਣ 'ਤੇ ਦਰਵਾਜ਼ਾ ਤੋੜ ਦਿੱਤਾ ਤਾਂ ਬਾਥਰੂਮ ਵਿਚ ਲੱਗੀ ਗਰਿੱਲ ਨਾਲ ਚੁੰਨੀ ਬੰਨ੍ਹ ਕੇ ਆਪਣੀ ਪਤਨੀ ਨੂੰ ਫਾਹਾ ਲੈ ਕੇ ਲਟਕੀ ਹੋਈ ਵੇਖਿਆ, ਜਿਸ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪਾਤੜਾਂ ਵਿਚ ਰਹਿੰਦੀ ਉਸ ਦੀ ਚਚੇਰੀ ਭੈਣ ਤੇ ਹੋਰ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ। ਪੁਲਸ ਅਧਿਕਾਰੀ ਅਨੁਸਾਰ ਮ੍ਰਿਤਕਾ ਦੇ ਪਤੀ ਨੇ ਆਪਣੀ ਪਤਨੀ ਨੂੰ ਮੰਦਬੁੱਧੀ ਦੱਸਿਆ ਹੈ। ਬਿਹਾਰ ਦੇ ਛਪਰਾ ਜ਼ਿਲੇ ਵਿਚ ਰਹਿਣ ਵਾਲੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਸਮਾਣਾ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੇ ਬਿਆਨ ਦਰਜ ਕਰ ਕੇ ਪੋਸਟਮਾਰਟਮ ਅਤੇ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਿਸ ਮੰਦਰ 'ਚ ਹੋਇਆ ਸੀ ਵਿਆਹ, ਉਥੇ ਹੀ ਦਿੱਤੀ ਜਾਨ
ਮ੍ਰਿਤਕਾ ਦੀ ਨਣਾਨ ਆਸ਼ਾ ਅਤੇ ਨਣਦੋਈਏ ਰਾਜਪਾਲ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਅਗਰਵਾਲ ਕਾਲੋਨੀ ਦੇ ਇਸੇ ਹਨੂਮਾਨ ਮੰਦਰ ਵਿਚ ਬਿਹਾਰ ਨਿਵਾਸੀ ਆਰਤੀ ਅਤੇ ਅਨਿਲ ਨਿਵਾਸੀ ਜੀਂਦ ਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਆਰਤੀ ਆਪਣੇ ਪਤੀ ਦੇ ਨਾਲ ਸਹੁਰੇ ਚਲੀ ਗਈ ਪਰ ਉਸ ਜਗ੍ਹਾ 'ਤੇ ਦਿਲ ਨਾ ਲੱਗਣ ਕਾਰਨ 15 ਦਿਨ ਪਹਿਲਾਂ ਆਰਤੀ ਆਪਣੇ ਪਤੀ ਨਾਲ ਮੰਦਰ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਆ ਕੇ ਰਹਿਣ ਲੱਗ ਪਈ ਸੀ, ਜਿਥੇ ਸ਼ਨੀਵਾਰ ਤੜਕੇ ਸਵੇਰੇ ਆਰਤੀ ਨੇ ਆਤਮਹੱਤਿਆ ਕਰ ਲਈ।


Shyna

Content Editor

Related News