ਨਵ-ਵਿਆਹੀ ਜੋੜੀ ਨੇ ਵਿਆਹ ''ਤੇ ਪਾਈ ਨਵੀਂ ਪਿਰਤ, ਹੋ ਰਹੀ ਵਾਹ-ਵਾਹ

02/17/2020 5:00:09 PM

ਭੀਖੀ (ਤਾਇਲ) : ਸਥਾਨਕ ਬੀ. ਐੱਮ. ਜੀ. ਰਿਜ਼ੋਰਟ ਵਿਖੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ. ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਜ਼ਿਲਾ ਮਾਨਸਾ ਦੇ ਇੰਚਾਰਜ ਭਾਈ ਰਸਪ੍ਰੀਤ ਸਿੰਘ ਤੇ ਬੀਬੀ ਮਨਪ੍ਰੀਤ ਕੌਰ ਦੇ ਆਨੰਦ ਕਾਰਜ ਮੌਕੇ ਆਯੋਜਿਤ ਖੂਨਦਾਨ ਕੈਂਪ ਦਾ ਉਦਘਾਟਨ ਨਵ ਵਿਆਹੀ ਜੋੜੀ ਵੱਲੋਂ ਖੂਨਦਾਨ ਕਰਕੇ ਕੀਤਾ ਗਿਆ।ਮਨੁੱਖਤਾ ਦੇ ਭਲੇ ਲਈ ਸਿੱਖ ਇਤਿਹਾਸ ਵਿਚ ਪਹਿਲੀ ਵਾਰ ਵਿਆਹ ਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਨਵ-ਵਿਆਹੀ ਜੋੜੀ ਨੇ ਖੂਨਦਾਨ ਕਰਕੇ ਅਦੁੱਤੀ ਮਿਸਾਲ ਕਾਇਮ ਕੀਤੀ ਹੈ। 

ਇਹ ਵਿਆਹ ਸਮੁੱਚੇ ਸਮਾਜ ਲਈ ਪ੍ਰੇਰਨਾ ਸਰੋਤ ਅਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਕੈਂਪ ਵਿਚ 50 ਯੂਨਿਟ ਖੂਨ ਬਰਾਤੀਆਂ ਅਤੇ ਮਹਿਮਾਨਾਂ ਵੱਲੋਂ ਦਾਨ ਕੀਤਾ ਗਿਆ।ਇਸ ਮੌਕੇ ਤਰਨਜੀਤ ਸਿੰਘ ਨਿਮਾਣਾ ਨੇ ਨਵ-ਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ।ਖੂਨਦਾਨ ਇਕ ਉੱਤਮ ਦਾਨ ਹੈ ਅਤੇ ਸਾਨੂੰ ਸਰਬੱਤ ਦੇ ਭਲੇ ਲਈ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਨੇ ਬੀਰ ਰਸ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਧਾਰਮਿਕ ਅਤੇ ਸਾਹਿਤਕ ਕਿਤਾਬਾਂ ਨੂੰ ਵੀ ਇਸ ਮੌਕੇ ਮਹਿਮਾਨਾਂ ਨੂੰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ 'ਤੇ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਾਈ ਗਈ।


Gurminder Singh

Content Editor

Related News