ਮਾਂ ਦੀ ਮਮਤਾ ਸ਼ਰਮਸਾਰ, ਨਵਜੰਮੇ ਦੀ ਲਾਸ਼ ਨੂੰ ਨੋਚਦੇ ਰਹੇ ਕੁੱਤੇ

Wednesday, Aug 01, 2018 - 02:12 PM (IST)

ਮੋਹਾਲੀ (ਕੁਲਦੀਪ) : ਕਲਯੁਗ ਦੇ ਇਸ ਜ਼ਮਾਨੇ 'ਚ ਮਾਂ ਦੀ ਮਮਤਾ ਉਸ ਸਮੇਂ ਸ਼ਰਮਸਾਰ ਹੋ ਗਈ, ਜਦੋਂ ਨਵਜੰਮੇ ਬੱਚੇ ਨੂੰ ਪਲਾਸਟਿਕ ਦੇ ਲਿਫਾਫੇ 'ਚ ਬੰਦ ਕਰਕੇ ਸੁੱਟ ਦਿੱਤਾ ਗਿਆ। ਇੰਨਾ ਹੀ ਨਹੀਂ, ਇਸ ਲਿਫਾਫੇ 'ਚੋਂ ਨਵਜੰਮੇ ਬੱਚੇ ਨੂੰ ਕੁੱਤੇ ਨੋਚ-ਨੋਚ ਖਾਂਦੇ ਰਹੇ। ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ ਕਰੀਬ ਸਾਢੇ 6 ਵਜੇ ਦੀ ਹੈ। ਫੇਜ਼-2 ਸਥਿਤ ਕਮਿਊਨਿਟੀ ਸੈਂਟਰ ਨੇੜੇ ਕਿਸੇ ਰਾਹਗੀਰ ਨੇ ਅਜੀਬ ਤਰ੍ਹਾਂ ਦਾ ਲਾਲ ਲਿਫਾਫਾ ਦੇਖਿਆ। ਲਿਫਾਫੇ ਦੇ ਆਸ-ਪਾਸ ਅਵਾਰਾ ਕੁੱਤੇ ਘੁੰਮ ਰਹੇ ਸਨ। ਜਦੋਂ ਰਾਹਗੀਰ ਨੇ ਧਿਆਨ ਨਾਲ ਲਿਫਾਫੇ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਸ 'ਚ ਕੋਈ ਨਵਜੰਮਿਆ ਬੱਚਾ ਹੈ ਪਰ ਬੱਚਾ ਹਿਲਜੁੱਲ ਨਹੀਂ ਕਰ ਰਿਹਾ ਸੀ। 
ਰਾਹਗੀਰ ਨੇ ਪੁਲਸ ਕੰਟਰੋਲ ਰੂਮ 'ਤੇ ਇਸ ਦੀ ਸੂਚਨਾ ਦਿੱਤੀ। ਪੁਲਸ ਦੀ ਪੀ. ਸੀ. ਆਰ. ਪਾਰਟੀ ਮੌਕੇ 'ਤੇ ਪੁੱਜ ਗਈ। ਪੁਲਸ ਸਟੇਸ਼ਨ ਫੇਜ਼-1 ਨੂੰ ਵੀ ਸੂਚਿਤ ਕੀਤਾ ਗਿਆ, ਜਿੱਥੇ ਜਾਂਚ ਅਧਿਕਾਰੀ ਥਾਣੇਦਾਰ ਪ੍ਰਿਤਪਾਲ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਲਿਫਾਫੇ ਨੂੰ ਚੁੱਕ ਕੇ ਸਿਵਲ ਹਸਪਤਾਲ ਫੇਜ਼-6 'ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਨਵਜੰਮੇ ਬੱਚੇ ਨੂੰ ਮ੍ਰਿਤਕ ਐਲਾਨਿਆ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News