ਨਿਊਜ਼ੀਲੈਂਡ ''ਚ ਮੌਤ ਦੇ ਮੂੰਹ ''ਚ ਗਏ ਨੌਜਵਾਨ ਦਾ ਹੋਇਆ ਸਸਕਾਰ, ਲਾਸ਼ ਦੇਖ ਧਾਹਾਂ ਮਾਰ ਰੋਈ ਮਾਂ (ਵੀਡੀਓ)
Sunday, Mar 04, 2018 - 06:32 PM (IST)
ਤਲਵੰਡੀ ਸਾਬੋ (ਮੁਨੀਸ਼) : ਦੋ ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਨਿਊਜ਼ੀਲੈਂਡ ਗਏ ਨੇੜਲੇ ਪਿੰਡ ਭਾਗੀਵਾਂਦਰ ਦੇ ਨੌਜਵਾਨ ਹਰਚੇਤ ਸਿੰਘ ਦੀ ਬੀਤੇ ਦਿਨੀ ਨਿਊਜ਼ੀਲੈਂਡ ਵਿਚ ਇਕ ਹਾਦਸੇ ਦੌਰਾਨ ਮੌਤ ਹੋ ਜਾਣ ਉਪਰੰਤ ਕਰੀਬ 15 ਦਿਨਾਂ ਬਾਅਦ ਐਤਵਾਰ ਨੂੰ ਉਸਦੀ ਮ੍ਰਿਤਕ ਦੇਹ ਪਿੰਡ ਪੁੱਜੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਸਰਕਾਰ ਕੋਲ ਮ੍ਰਿਤਕ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿੰਡ ਭਾਗੀਵਾਂਦਰ ਦੇ ਗਰੀਬ ਕਿਸਾਨ ਠਾਣਾ ਸਿੰਘ ਦਾ ਨੌਜਵਾਨ ਪੁੱਤਰ ਹਰਚੇਤ ਸਿੰਘ ਕਰੀਬ ਦੋ ਸਾਲ ਪਹਿਲਾਂ ਪੜ੍ਹਾਈ ਲਈ ਨਿਊਜ਼ੀਲੈਂਡ ਗਿਆ ਸੀ, ਜਿੱਥੇ ਓਪਨ ਵਰਕ ਵੀਜ਼ਾ ਹਾਂਸਲ ਕਰਕੇ ਉਹ ਵਾਈਕਾਟ ਜ਼ਿਲੇ ਦੇ ਪੂਨੀ ਫਾਰਮ ਹਾਊਸ ਵਿਚ ਕੰਮ ਕਰ ਰਿਹਾ ਸੀ ਤਾਂ ਜੋ ਕਮਾਈ ਕਰਕੇ ਉਹ ਪਰਿਵਾਰ ਨੂੰ ਆਰਥਿਕ ਸੰਕਟ 'ਚੋਂ ਬਾਹਰ ਕੱਢ ਸਕੇ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਇਸ ਦੇ ਚਲਦਿਆਂ ਬੀਤੀ 17 ਫਰਵਰੀ ਨੂੰ ਜਦੋਂ ਉਹ ਆਲੂ ਪੁੱਟਣ ਵਾਲੀ ਹਾਰਵੈਸਟਿੰਗ ਮਸ਼ੀਨ ਵਿਚ ਫਸੀ ਕੋਈ ਚੀਜ਼ ਕੱਢਣ ਲੱਗਾ ਤਾਂ ਉਸਦੀ ਲਪੇਟ ਵਿਚ ਆ ਗਿਆ ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਨਿਊਜ਼ੀਲੈਂਡ ਵਿਚ ਰਹਿ ਰਹੇ ਪੰਜਾਬੀਆਂ ਦੇ ਯਤਨਾ ਸਦਕਾ ਆਖਿਰ ਭਾਰਤੀ ਅੰਬੈਸੀ ਨੇ ਮ੍ਰਿਤਕ ਹਰਚੇਤ ਦੀ ਮ੍ਰਿਤਕ ਦੇਹ ਸ਼ਨੀਵਾਰ ਨੂੰ ਦੇਸ਼ ਪਹੁੰਚਾਈ। ਹਰਚੇਤ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਦੇ ਮੋਹਤਬਰ ਜਿਉਂ ਹੀ ਦਿੱਲੀ ਹਵਾਈ ਅੱਡੇ ਤੋਂ ਐਤਵਾਰ ਸਵੇਰੇ ਪਿੰਡ ਪਹੁੰਚੇ ਤਾਂ ਪਿੰਡ ਵਿਚ ਮਾਹੌਲ ਗਮਗੀਨ ਹੋ ਗਿਆ। ਪਿੰਡ ਦੇ ਸ਼ਮਸ਼ਾਨਘਾਟ ਵਿਚ ਮ੍ਰਿਤਕ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਨੂੰ ਉਸ ਦੇ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਕਰਜ਼ਾ ਚੁੱਕ ਕੇ ਵਿਦੇਸ਼ ਇਸ ਆਸ 'ਤੇ ਭੇਜਿਆ ਸੀ ਕਿ ਉਹ ਘਰ ਦੀ ਗਰੀਬੀ ਦੂਰ ਕਰੇਗਾ ਪਰ ਹੁਣ ਹਾਲਾਤ ਬਦਲ ਗਏ ਹਨ ਜਿੱਥੇ ਮ੍ਰਿਤਕ ਦਾ ਪਿਤਾ ਅਤੇ ਭਰਾ ਦੋਵੇਂ ਮਰੀਜ਼ ਹਨ, ਉੱਥੇ ਹੀ ਘਰ ਵਿਚ ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ।
ਦੂਜੇ ਪਾਸੇ ਦੁੱਖ ਪ੍ਰਗਟ ਕਰਨ ਪੁੱਜੀ ਹਲਕੇ ਦੀ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮ੍ਰਿਤਕ ਨੌਜਵਾਨ ਆਪਣੇ ਪਿਛੇ ਇਕ ਭਰਾ, ਦੋ ਭੈਣਾ, ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ। 'ਆਪ' ਆਗੂ ਬਲਜਿੰਦਰ ਕੌਰ ਨ ੇਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਪੀੜਤ ਪਰਿਵਾਰ ਦੀ ਮਦਦ ਦੀ ਮੰਗ ਕਰਨਗੇ। ਸਸਕਾਰ ਮੌਕੇ ਪ੍ਰੋ.ਬਲਜਿੰਦਰ ਕੌਰ ਤੋਂ ਇਲਾਵਾ ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਵਲੋਂ ਉਨ੍ਹਾਂ ਦੇ ਨਿੱਜੀ ਸਹਾਇਕ ਰਣਜੀਤ ਸੰਧੂ, ਸੁਖਮੰਦਰ ਸਿੰਘ ਭਾਗੀਵਾਂਦਰ ਮੈਂਬਰ ਜ਼ਿਲਾ ਪ੍ਰੀਸ਼ਦ, ਕ੍ਰਿਸ਼ਨ ਸਿੰਘ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ, ਸੀਨੀਅਰ ਅਕਾਲੀ ਆਗੂ ਮੋਤੀ ਸਿੰਘ ਸਾਬਕਾ ਸਰਪੰਚ, ਯੂਥ ਅਕਾਲੀ ਆਗੂ ਚਰਨਾ ਭਾਗੀਵਾਂਦਰ, ਬੀਰਬਲ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਭਾਗੀਵਾਂਦਰ, ਐਡਵੋਕੇਟ ਸਤਿੰਦਰ ਸਿੰਘ ਸਿੱਧੂ ਕੌਂਸਲਰ, ਜੰਗੀਰ ਸਿੰਘ ਸਾਬਕਾ ਸਰਪੰਚ, ਦੀਦਾਰ ਸਿੰਘ, ਗੁਰਪ੍ਰੀਤ ਸਿੰਘ ਮਨਦੀਪ ਸਿੰਘ ਨਿਊਜ਼ੀਲੈਡ ਆਦਿ ਹਾਜ਼ਰ ਸਨ।