ਜਦੋਂ ਵਾੜ ਹੀ ਖਾ ਜਾਏ ਖੇਤ..., ਚੋਰੀ ਦਾ ਅਜਿਹਾ ਤਰੀਕਾ ਕਿ ਵੱਡਿਆਂ-ਵੱਡਿਆਂ ਨੂੰ ਪੈ ਜਾਵੇ ਮਾਤ
Sunday, Nov 24, 2024 - 07:52 PM (IST)
ਲੁਧਿਆਣਾ (ਗਣੇਸ਼)- ਲੁਧਿਆਣਾ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਫੈਕਟਰੀ ਦੇ ਲਈ ਕੁਲੈਕਸ਼ਨ ਦਾ ਕੰਮ ਕਰਦੇ ਇਕ ਵਿਅਕਤੀ ਨੇ ਅਜਿਹਾ ਕਾਂਡ ਕਰ ਦਿੱਤਾ ਕਿ ਕਿਸੇ ਨੂੰ ਵੀ ਯਕੀਨ ਨਾ ਹੋਇਆ। ਕੋਤਵਾਲੀ ਥਾਣੇ ਦੇ ਅਧੀਨ ਪੈਂਦੀ ਅਕਾਲਗੜ੍ਹ ਮਾਰਕੀਟ ਵਿੱਚ ਇਸ ਵਿਅਕਤੀ ਨੇ ਕਿਸੇ ਕੰਮ ਲਈ ਆਪਣੀ ਐਕਟਿਵਾ ਖੜ੍ਹੀ ਕੀਤੀ ਤੇ ਮਾਰਕੀਟ ਵੱਲ ਚਲਾ ਗਿਆ।
ਇਸ ਮਗਰੋਂ ਕਰੀਬ 10 ਮਿੰਟ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੀ ਐਕਟਿਵਾ ਦੀ ਡਿੱਗੀ ਖੁੱਲ੍ਹੀ ਹੋਈ ਸੀ ਤੇ ਉਸ 'ਚੋਂ ਕੁਲੈਕਸ਼ਨ ਦੇ ਢਾਈ ਲੱਖ ਰੁਪਏ ਗ਼ਾਇਬ ਸਨ। ਇਸ ਸਬੰਧੀ ਉਸ ਨੇ ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਕਰਵਾ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਅਨਿਲ ਭਨੋਟ ਨੇ ਦੱਸਿਆ ਕਿ ਦੀਪਕ ਨਾਂ ਦਾ ਨੌਜਵਾਨ ਫੈਕਟਰੀ ਦਾ ਸਮਾਨ ਦੁਕਾਨਾਂ 'ਤੇ ਸਪਲਾਈ ਕਰਦਾ ਹੈ ਤੇ ਪੇਮੈਂਟ ਕੁਲੈਕਸ਼ਨ ਕਰਦਾ ਹੈ। ਰੋਜ਼ ਵਾਂਗ ਉਹ ਅੱਜ ਵੀ ਪੇਮੈਂਟ ਦੀ ਕੁਲੈਕਸ਼ਨ ਕਰ ਕੇ ਆ ਰਿਹਾ ਸੀ।
ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਲਈ 3 ਸੀਟਾਂ 'ਤੇ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ, ਪਤਨੀ ਅੰਮ੍ਰਿਤਾ ਵੜਿੰਗ ਵੀ ਹੋ ਗਏ ਭਾਵੁਕ
ਇਸ ਦੌਰਾਨ ਉਸ ਨੂੰ ਇੱਕ ਦੁਕਾਨ ਤੋਂ ਢਾਈ ਲੱਖ ਰੁਪਏ ਦੀ ਨਕਦੀ ਮਿਲੀ ਸੀ, ਜਿਸ ਮਗਰੋਂ ਉਹ ਅਕਾਲਗੜ੍ਹ ਮਾਰਕੀਟ ਵੱਲ ਆ ਗਿਆ ਤੇ ਆਪਣੀ ਐਕਟਿਵਾ ਉਥੇ ਖੜ੍ਹੀ ਕਰ ਕੇ ਕੰਮ ਲਈ ਮਾਰਕੀਟ ਵੱਲ ਚਲਾ ਗਿਆ। ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦੀ ਐਕਟਵਾ ਡਿੱਗੀ ਵਿੱਚੋਂ 2.5 ਲੱਖ ਰੁਪਏ ਗ਼ਾਇਬ ਸਨ।
ਇਹ ਮਾਮਲਾ ਪੁਲਸ ਨੂੰ ਸ਼ੱਕੀ ਜਾਪਿਆ ਤੇ ਜਦੋਂ ਇਸ ਮਾਮਲੇ ਦੀ ਪੁੱਛਗਿੱਛ ਦੀਪਕ ਕੁਮਾਰ ਤੋਂ ਕੀਤੀ ਗਈ ਤਾਂ ਉਹ ਵਾਰ-ਵਾਰ ਆਪਣੇ ਬਿਆਨਾਂ ਤੋਂ ਮੁਕਰਦਾ ਜਾ ਰਿਹਾ ਸੀ। ਇਸ ਮਗਰੋਂ ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਚੋਰੀ ਦੀ ਗੱਲ ਕਬੂਲ ਲਈ ਤੇ ਮੰਨਿਆ ਕਿ ਉਸ ਨੇ ਹੀ ਆਪਣੇ ਸਾਥੀ ਸਾਹਿਲ ਨਾਲ ਮਿਲ ਕੇ ਢਾਈ ਲੱਖ ਦੀ ਚੋਰੀ ਕੀਤੀ ਸੀ। ਪੁਲਸ ਨੇ ਉਸ ਦੀ ਐਕਟਿਵਾ ਅਤੇ ਚੋਰੀ ਹੋਏ ਢਾਈ ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਫੈਕਟਰੀ ਮਾਲਕ ਰੁਪੇਸ਼ ਅਹੂਜਾ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਜੀਜੇ ਦੇ ਆਏ ਫ਼ੋਨ ਨੇ ਨੌਜਵਾਨ ਦੇ ਉਡਾ'ਤੇ ਹੋਸ਼- 'ਹੈਲੋ ! ਤੇਰੀ ਭੈਣ ਨੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e