ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ, ਪਰਿਵਾਰ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

09/15/2023 1:14:08 PM

ਸੁਲਤਾਨਪੁਰ ਲੋਧੀ (ਧੀਰ) : ਮਾਨਵਜੀਤ ਸਿੰਘ ਢਿੱਲੋਂ ਤੇ ਜਸ਼ਨਬੀਰ ਸਿੰਘ ਢਿੱਲੋਂ ਦਾ ਖ਼ੁਦਕੁਸ਼ੀ ਮਾਮਲਾ ਲਗਾਤਾਰ ਤੂਲ ਫੜ੍ਹਦਾ ਜਾ ਰਿਹਾ ਹੈ, ਜਦਕਿ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਮਾਮਲੇ ’ਚ ਮੁਲਜ਼ਮ ਪਾਏ ਗਏ ਜਲੰਧਰ ਦੇ ਥਾਣਾ ਨੰ. 1 ਦੇ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਮੁਅੱਤਲ, ਇਕ ਮਹਿਲਾ ਕਾਂਸਟੇਬਲ ਜਗਜੀਤ ਕੌਰ ਤੇ ਮੁਨਸ਼ੀ ਬਲਵਿੰਦਰ ਸਿੰਘ ਨੂੰ ਨਾਮਜ਼ਦ ਵੀ ਕੀਤਾ ਹੋਇਆ ਹੈ। ਕਾਫ਼ੀ ਦਿਨ ਬੀਤ ਚੁੱਕੇ ਹਨ ਪਰ ਹਾਲੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ :  ਸਿੱਖ ਭਾਈਚਾਰੇ ’ਚ ਮੁੱਖ ਮੰਤਰੀ ਮਾਨ ਦੇ ਫ਼ੈਸਲੇ ਦੀ ਚਰਚਾ, ਟਕਸਾਲੀ ਅਕਾਲੀ ਵੀ ਕਰ ਰਹੇ ਤਾਰੀਫ਼

ਬੀਤੇ ਦਿਨ ਜਤਿੰਦਰਪਾਲ ਸਿੰਘ ਢਿੱਲੋਂ, ਮਾਨਵਜੀਤ ਸਿੰਘ ਉਪਲ ਅਤੇ ਐਡਵੋਕੇਟ ਸਰਬਜੀਤ ਸਿੰਘ ਨੇ ਗੱਲਬਾਤ ਦੌਰਾਨ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਨਵਜੀਤ ਸਿੰਘ ਢਿੱਲੋਂ ਤੇ ਜਸ਼ਨਬੀਰ ਸਿੰਘ ਦੇ ਖ਼ੁਦਕੁਸ਼ੀ ਮਾਮਲੇ ’ਚ ਕਪੂਰਥਲਾ ਤੇ ਜਲੰਧਰ ਦੀ ਪੁਲਸ ਦਾ ਪੂਰਾ ਲਾਮ-ਲਸ਼ਕਰ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਬਚਾਉਣ ’ਚ ਲੱਗਾ ਹੋਇਆ ਹੈ, ਜਦਕਿ ਜਲੰਧਰ ਸ਼ਹਿਰ ’ਚ ਵੱਡਾ ਸਿਆਸੀ ਲੀਡਰ ਵੀ ਨਵਦੀਪ ਸਿੰਘ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਚੌਧਰੀਆਂ ਦੀ ਪੁਲਸ ਵੀ ਮਾਮਲੇ ’ਚ ਕੋਈ ਦਿਲਚਸਪੀ ਨਹੀਂ ਲੈ ਰਹੀ। ਉਹ ਇਨਸਾਫ਼ ਲਈ ਦਰ-ਦਰ ਭਟਕ ਰਹੇ ਹਨ। ਪੀੜਤ ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਮੁਅੱਤਲ ਐੱਸ. ਐੱਚ. ਓ., ਨਾਮਜ਼ਦ ਮਹਿਲਾ ਕਾਂਸਟੇਬਲ, ਮੁਨਸ਼ੀ ਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਓਨਾਂ ਚਿਰ ਉਹ ਚੁੱਪ ਨਹੀਂ ਬੈਠਣਗੇ। ਇਨਸਾਫ਼ ਲਈ ਹਰ ਸੰਘਰਸ਼ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ

ਆਪਣੇ ਪਤੀ ਨੂੰ ਬਚਾਉਣ ਖਾਤਿਰ ਮੁਅੱਤਲ ਐੱਸ. ਐੱਸ. ਓ. ਦੀ ਪਤਨੀ ਲਾ ਰਹੀ ਝੂਠੇ ਦੋਸ਼

ਢਿੱਲੋਂ ਬ੍ਰਦਰਜ਼ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨ ਮੁਅੱਤਲ ਐੱਸ. ਐੱਸ. ਓ. ਦੀ ਪਤਨੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਝੂਠ ਤੇ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਉਹ 2 ਜਵਾਨ ਪੁੱਤ ਗੁਆ ਚੁੱਕੇ ਹਨ, ਜਿਨ੍ਹਾਂ ਦੇ ਇਨਸਾਫ਼ ਲਈ ਉਹ ਲੜ ਰਹੇ ਹਨ, ਦੂਸਰੇ ਪਾਸੇ ਆਪਣੇ ਪਤੀ ਨੂੰ ਬਚਾਉਣ ਖਾਤਿਰ ਮੁਅੱਤਲ ਐੱਸ. ਐੱਸ. ਓ. ਦੀ ਪਤਨੀ ਉਨ੍ਹਾਂ ’ਤੇ ਦੋਸ਼ ਲਾ ਰਹੀ ਹੈ, ਜੋ ਬਹੁਤ ਗਲਤ ਗੱਲ ਹੈ, ਉਹ ਅਜਿਹਾ ਕਰ ਕੇ ਪ੍ਰਸ਼ਾਸਨ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਲੋਕ ਸਭ ਕੁਝ ਜਾਣਦੇ ਹਨ ਕਿ ਕੌਣ ਸਹੀ ਹੈ ਜਾਂ ਗ਼ਲਤ। ਉਨ੍ਹਾਂ ਕਿਹਾ ਕਿ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਨੇ ਜਿੱਥੇ ਵੀ ਡਿਊਟੀ ਕੀਤੀ ਹੈ, ਉੱਥੇ ਚਰਚਾ ਦੇ ਵਿਚ ਹੀ ਰਹੇ ਹਨ। ਨਵਦੀਪ ਸਿੰਘ ਦੇ ‘ਦਬੰਗ’ ਸਟਾਇਲ ਤੇ ਗਰਮ ਸੁਭਾਅ ਬਾਰੇ ਸਾਰਿਆਂ ਨੂੰ ਪਤਾ ਹੀ ਹੈ। ਇਹ ਵੀ ਪਤਾ ਹੈ ਕਿ ਉਹ ਥਾਣੇ ਦੇ ਵਿਚ ਆਉਣ ਵਾਲਿਆਂ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦੇ ਸਨ।

ਇਹ ਵੀ ਪੜ੍ਹੋ :  ਪੰਜਾਬ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫ਼ੈਸਲਾ

ਪਰਿਵਾਰਕ ਮੈਂਬਰਾਂ ਨੇ ਨਵਦੀਪ ਦੀ ਪਤਨੀ ਨੂੰ ਕੀਤੇ ਕਈ ਸਵਾਲ?

-ਜਦੋਂ ਨਵਦੀਪ ਸਿੰਘ ਨੇ ਫਗਵਾੜਾ ’ਚ ਇਕ ਗ਼ਰੀਬ ਸਬਜ਼ੀ ਵਿਕਰੇਤਾ ਦੇ ਟੋਕਰੇ ਨੂੰ ਲੱਤ ਮਾਰੀ ਸੀ, ਉਦੋਂ ਕਿਉਂ ਨੀ ਲਾਈਵ ਹੋ ਕੇ ਉਨ੍ਹਾਂ (ਮੁਅੱਤਲ ਐੱਸ. ਐੱਚ. ਓ. ਦੀ ਪਤਨੀ) ਨੇ ਆਪਣਾ ਪੱਖ ਰੱਖਿਆ?
-ਇਕ ਵੱਡੇ ਲੀਡਰ ਦੀ ਸ਼ਹਿ ’ਤੇ ਵਾਰ-ਵਾਰ ਬਦਲੀ ਕਰਵਾ ਕੇ ਜਲੰਧਰ ਦੇ ਇਕ ਹੀ ਥਾਣੇ ’ਚ ਡਿਊਟੀ ਲਗਵਾਈ ਗਈ, ਉਦੋਂ ਕਿਉਂ ਨਹੀਂ ਬੋਲੇ?
-ਆਖਿਰ ਸਿਆਸੀ ਲੀਡਰ ਨਾਲ ਨਵਦੀਪ ਸਿੰਘ ਦੇ ਕੀ ਸੰਬੰਧ ਹਨ? ਉਹ ਕਿਉਂ ਉਸ ਨੂੰ ਬਚਾਉਣ ’ਚ ਲੱਗੇ ਹੋਏ ਹਨ?
-ਸਾਫ਼ ਦਿਸ ਰਿਹਾ ਹੈ ਕਿ ਜਲੰਧਰ ਸ਼ਹਿਰ ਦੇ ਵੱਡੇ ਪੁਲਸ ਅਧਿਕਾਰੀ ਨਵਦੀਪ ਸਿੰਘ ਨੂੰ ਬਚਾਅ ਰਹੇ ਹਨ, ਅਜਿਹਾ ਕਿਉਂ?
-ਪਤੀ-ਪਤਨੀ ਦੇ ਝਗੜੇ ਨੂੰ ਆਪਸੀ ਰਜ਼ਾਮੰਦੀ ਨਾਲ ਵੀ ਹੱਲ ਕੀਤਾ ਜਾ ਸਕਦਾ ਸੀ। ਫਿਰ ਕਿਉਂ ਨਹੀਂ ਕੀਤਾ?
-ਲੜਕੀ ਧਿਰ ਵੱਲੋਂ ਆਏ ਲੜਕੇ ’ਤੇ ਧਾਰਾ 107/51 ਕਿਉਂ ਲਗਾਈ ਗਈ ਤੇ ਪੱਗ ਦੀ ਬੇਅਦਬੀ ਕਿਉਂ ਕੀਤੀ?
-15 ਅਗਸਤ ਦਾ ਦਿਨ ਹੋਵੇ, ਉਤੋਂ ਥਾਣੇ ਦੇ ਕੈਮਰੇ ਬੰਦ ਹੋਣ, ਕੀ ਅਜਿਹਾ ਹੋ ਸਕਦਾ ਹੈ?

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ‘ਆਪ’ ਦੇ ਕਾਰਜਕਾਰੀ ਮੈਂਬਰ ਨੂੰ ਮਾਰੀਆਂ ਗੋਲ਼ੀਆਂ

ਪਤਨੀ ਦਾ ਫੋਨ ਟ੍ਰੇਸ ਕਰ ਕੇ ਨਵਦੀਪ ਸਿੰਘ ਦਾ ਲਗਾਇਆ ਜਾ ਸਕਦੈ ਪਤਾ

ਗੁੱਸ ’ਚ ਆਏ ਲੋਕਾਂ ਨੇ ਕਿਹਾ ਕਿ ਹੈਰਾਨੀਜਨਕ ਗੱਲ ਇਹ ਹੈ ਕਿ ਇੰਨੇ ਦਿਨ ਬੀਤ ਚੁੱਕੇ ਹਨ ਪਰ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਹਨ। ਸ਼ਾਇਦ ਮਾਮਲੇ ’ਚ ਪੁਲਸ ਮੁਲਾਜ਼ਮਾਂ ਦਾ ਨਾਂ ਆਉਣ ਕਰ ਕੇ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਨਾ ਗ੍ਰਿਫ਼ਤਾਰ ਕਰਨ ’ਤੇ ਹੁਣ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਤੋਂ ਭਰੋਸਾ ਹੀ ਉੱਠ ਗਿਆ ਹੈ। ਲੱਗਦਾ ਹੈ ਕਿ ਪੁਲਸ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਦੀ ਜ਼ਮਾਨਤ ਹੋਣ ਦਾ ਇੰਤਜ਼ਾਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਪਰ ਪੁਲਸ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਦੀ ਪਤਨੀ ਦਾ ਮੋਬਾਇਲ ਨੰਬਰ ਕਿਉਂ ਨਹੀਂ ਟ੍ਰੇਸ ਕਰ ਰਹੀ। ਮੋਬਾਇਲ ਨੰਬਰ ਟ੍ਰੇਸ ਕਰ ਕੇ ਲੋਕੇਸ਼ਨ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਫ਼ਰਾਰ ਹੋਣ ਤੋਂ ਬਾਅਦ ਨਵਦੀਪ ਸਿੰਘ ਨੇ ਕਿੱਥੇ ਹੈ ਅਤੇ ਉਸ ਨੇ ਕਿੰਨੀ ਵਾਰ ਆਪਣੀ ਪਤਨੀ ਨੂੰ ਫੋਨ ਕੀਤਾ।

 ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਸਪਾਲ ਸਿੰਘ ਦਾ ਬਿਆਨ

ਇਸ ਸੰਬੰਧੀ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਸਪਾਲ ਸਿੰਘ ਨੇ ਕਿਹਾ ਕਿ ਢਿੱਲੋਂ ਬ੍ਰਦਰਜ਼ ਦੇ ਖ਼ੁਦਕੁਸ਼ੀ ਮਾਮਲੇ ’ਚ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਤੇ ਮੁਨਸ਼ੀ ਬਲਵਿੰਦਰ ਸਿੰਘ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਨਵਦੀਪ ਸਿੰਘ ਤੇ ਜਗਜੀਤ ਕੌਰ ਵੱਲੋਂ ਅਦਾਲਤ ’ਚ ਲਾਈ ਅਗਾਊਂ ਜ਼ਮਾਨਤ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਕੋਈ ਇਸ ਬਾਰੇ ਨੋਟਿਸ ਪ੍ਰਾਪਤ ਹੁੰਦਾ ਹੈ ਤਾਂ ਜਾਣਕਾਰੀ ਉਨ੍ਹਾਂ ਨੇ ਹੀ ਦੇਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮਾਂ ਦਾ ਪਤਾ ਨਹੀਂ ਲੱਗਦਾ ਤਾਂ ਅਦਾਲਤ ਜ਼ਰੀਏ ਉਨ੍ਹਾਂ ਨੂੰ ਭਗੌੜੇ ਕਰਾਰ ਐਲਾਨ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harnek Seechewal

Content Editor

Related News