ਢਿੱਲੋਂ ਬ੍ਰਦਰਜ਼ ਦੇ ਮਾਮਲੇ ''ਚ ਨਵਾਂ ਮੋੜ, DNA ਨੇ ਖੋਲ੍ਹੀਆਂ ਕਈ ਪਰਤਾਂ, ਸਵਾਲਾਂ ''ਚ ਘਿਰੀ ਪੁਲਸ

Saturday, Oct 26, 2024 - 01:45 PM (IST)

ਢਿੱਲੋਂ ਬ੍ਰਦਰਜ਼ ਦੇ ਮਾਮਲੇ ''ਚ ਨਵਾਂ ਮੋੜ, DNA ਨੇ ਖੋਲ੍ਹੀਆਂ ਕਈ ਪਰਤਾਂ, ਸਵਾਲਾਂ ''ਚ ਘਿਰੀ ਪੁਲਸ

ਜਲੰਧਰ/ਕਪੂਰਥਲਾ (ਵਰੁਣ)–ਅਗਸਤ 2023 ਵਿਚ ਬਿਆਸ ਦਰਿਆ ਵਿਚ ਛਾਲ ਮਾਰਨ ਵਾਲੇ ਕਪੂਰਥਲਾ ਦੇ ਢਿੱਲੋਂ ਬ੍ਰਦਰਜ਼ ਸੁਸਾਈਡ ਕੇਸ ’ਚ ਵੱਡਾ ਖ਼ੁਲਾਸਾ ਹੋਇਆ ਹੈ। ਦਰਿਆ ਵਿਚ ਛਾਲ ਮਾਰਨ ਦੇ 17 ਦਿਨਾਂ ਬਾਅਦ ਤਰਨਤਾਰਨ ਵਿਚੋਂ ਮਿਲੀ ਇਕ ਲਾਸ਼ ਨੂੰ ਜਸ਼ਨਦੀਪ ਢਿੱਲੋਂ ਦੀ ਦੱਸ ਕੇ ਥਾਣਾ ਨੰਬਰ 1 ਦੇ ਸਾਬਕਾ ਇੰਸਪੈਕਟਰ ਨਵਦੀਪ ਸਿੰਘ ਅਤੇ ਹੋਰਨਾਂ 2 ਮੁਲਾਜ਼ਮਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਵਾਈ ਗਈ ਸੀ ਪਰ ਡੈੱਡਬਾਡੀ ਦਾ ਡੀ. ਐੱਨ. ਏ. ਸੈਂਪਲ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਨਾਲ ਨਹੀਂ ਮਿਲਿਆ। ਡੀ. ਐੱਨ. ਏ. ਟੈਸਟ ਦੇ ਫੇਲ੍ਹ ਹੋਣ ਤੋਂ ਸਾਬਿਤ ਹੋ ਗਿਆ ਕਿ ਉਕਤ ਲਾਸ਼ ਜਸ਼ਨ ਦੀ ਨਹੀਂ, ਸਗੋਂ ਕਿਸੇ ਹੋਰ ਦੀ ਸੀ ਤਾਂ ਕੀ ਪੰਜਾਬ ਪੁਲਸ ਨੇ ਆਪਣੇ ਹੀ ਇੰਸਪੈਕਟਰ ਅਤੇ 2 ਹੋਰ ਮੁਲਾਜ਼ਮਾਂ ’ਤੇ ਅਣਪਛਾਤੀ ਲਾਸ਼ ਪਾ ਦਿੱਤੀ?

ਇਹ ਵੀ ਪੜ੍ਹੋ- ਪੰਜਾਬ ਦੇ ਅਰਮਾਨਪ੍ਰੀਤ ਨੇ ਕਰਵਾਈ ਬੱਲੇ-ਬੱਲੇ, NDA ਦੀ ਮੈਰਿਟ ਸੂਚੀ ‘ਚ ਪਹਿਲਾ ਰੈਂਕ ਕੀਤਾ ਹਾਸਲ

ਹੈਰਾਨੀ ਦੀ ਗੱਲ ਹੈ ਕਿ ਕਪੂਰਥਲਾ ਪੁਲਸ ਨੇ ਇਸ ਮਾਮਲੇ ਵਿਚ ਇਕ ਵਾਰ ਵੀ ਜਲੰਧਰ ਕਮਿਸ਼ਨਰੇਟ ਪੁਲਸ ਦੇ ਥਾਣਾ ਨੰਬਰ 1 ਵਿਚ ਜਾ ਕੇ ਇਨਵੈਸਟੀਗੇਸ਼ਨ ਤਕ ਨਹੀਂ ਕੀਤੀ ਅਤੇ ਬਿਨਾਂ ਜਾਂਚ ਕੀਤੇ ਹੀ ਰੰਜਿਸ਼ਨ ਜਾਂ ਫਿਰ ਸਿਆਸੀ ਦਬਾਅ ਕਾਰਨ ਕਮਿਸ਼ਨਰੇਟ ਪੁਲਸ ਦੇ ਇੰਸ. ਨਵਦੀਪ ਸਿੰਘ ਨੂੰ ਡਿਸਮਿਸ ਅਤੇ 2 ਮੁਲਾਜ਼ਮਾਂ ਨੂੰ (ਮਹਿਲਾ ਪੁਲਸ ਮੁਲਾਜ਼ਮ ਵੀ) ਸਸਪੈਂਡ ਕਰ ਦਿੱਤਾ। ਮਨਵਜੀਤ ਢਿੱਲੋਂ ਅਤੇ ਜਸ਼ਨਦੀਪ ਢਿੱਲੋਂ ਦੇ ਜਿਸ ਦੋਸਤ ਮਾਨਵਦੀਪ ਸਿੰਘ ਉੱਪਲ ਨਿਵਾਸੀ ਲਾਜਪਤ ਨਗਰ ਜਲੰਧਰ ਦੇ ਬਿਆਨਾਂ ’ਤੇ ਇਹ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ, ਉਸ ਨੇ ‘ਪੰਜਾਬ ਕੇਸਰੀ’ ਸਾਹਮਣੇ ਸਾਰੀ ਸੱਚਾਈ ਦੱਸੀ।

PunjabKesari
ਮਾਨਵਦੀਪ ਨੇ ਦੱਸਿਆ ਕਿ 17 ਅਗਸਤ ਨੂੰ ਮਾਨਵ ਢਿੱਲੋਂ ਨੂੰ ਡੀ. ਸੀ. ਪੀ. ਜਲੰਧਰ ਦੀ ਕੋਰਟ ਤੋਂ ਜ਼ਮਾਨਤ ਦਿਵਾ ਕੇ ਉਹ ਇਕੱਠੇ ਹੀ ਗੱਡੀ ਵਿਚ ਗਏ ਸਨ। ਇਸ ਦੌਰਾਨ ਮਾਨਵ ਦੇ ਘਰੋਂ ਫੋਨ ਆਇਆ ਕਿ ਜਸ਼ਨ ਢਿੱਲੋਂ ਬਿਆਸ ਦਰਿਆ ਦੇ ਪੁਲ ’ਤੇ ਖੜ੍ਹਾ ਹੈ ਅਤੇ ਉਹ ਅਜੀਬ ਗੱਲਾਂ ਕਰ ਰਿਹਾ ਹੈ। ਮਾਨਵ ਢਿੱਲੋਂ ਅਤੇ ਮਾਨਵਦੀਪ ਤੁਰੰਤ ਮੌਕੇ ’ਤੇ ਪਹੁੰਚ ਗਏ। ਜਦੋਂ ਦੋਵਾਂ ਭਰਾਵਾਂ ਨੇ ਦਰਿਆ ਵਿਚ ਛਾਲ ਮਾਰੀ, ਉਸ ਤੋਂ ਪਹਿਲਾਂ ਦੋਵਾਂ ਭਰਾਵਾਂ ਨੇ ਪ੍ਰਾਈਵੇਟ ਵਿਚ ਗੱਲਾਂ ਕਰਨ ਦਾ ਕਹਿ ਕੇ ਉਸ ਨੂੰ ਗੱਡੀ ਵਿਚ ਬੈਠਣ ਨੂੰ ਕਿਹਾ ਸੀ। ਉਹ ਵੱਖ-ਵੱਖ ਥਾਵਾਂ ’ਤੇ ਜਾ ਕੇ ਉਨ੍ਹਾਂ ਦੀ ਭਾਲ ਵੀ ਕਰਦੇ ਰਹੇ ਪਰ 2 ਸਤੰਬਰ 2023 ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਤਰਨਤਾਰਨ ਦੇ ਇਕ ਪਿੰਡ ਵਿਚੋਂ ਅਮਨ ਸਿੰਘ ਦੇ ਖੇਤਾਂ ਨੇੜਿਓਂ ਇਕ ਲਾਸ਼ ਮਿਲੀ ਹੈ, ਜਿਸ ਦੀ ਧੌਣ ਨਹੀਂ ਸੀ।

ਢਿੱਲੋਂ ਪਰਿਵਾਰ ਅਤੇ ਦੋਸਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦਾਅਵਾ ਕੀਤਾ ਕਿ ਦਰਿਆ ਵਿਚ ਛਾਲ ਮਾਰਨ ਸਮੇਂ ਜਸ਼ਨ ਢਿੱਲੋਂ ਨੇ ਇਹੀ ਕੱਪੜੇ ਪਹਿਨੇ ਸਨ। ਦੂਜੇ ਪਾਸੇ ਜਿਉਂ ਹੀ ਮਾਮਲੇ ਬਾਰੇ ਕਪੂਰਥਲਾ ਪੁਲਸ ਨੂੰ ਪਤਾ ਲੱਗਾ ਤਾਂ ਸ਼ਿਕਾਇਤ ਲੈਣ ਤੋਂ ਬਾਅਦ ਪੁਲਸ ਨੇ ਬਿਨਾਂ ਕੋਈ ਇਨਵੈਸਟੀਗੇਸ਼ਨ ਕੀਤੇ ਇੰਸ. ਨਵਦੀਪ ਸਿੰਘ ਅਤੇ ਇਕ ਮਹਿਲਾ ਪੁਲਸ ਮੁਲਾਜ਼ਮ ਸਮੇਤ 3 ਕਰਮਚਾਰੀਆਂ ’ਤੇ ਥਾਣਾ ਤਲਵੰਡੀ ਚੌਧਰੀ ਵਿਚ ਕੇਸ ਦਰਜ ਕਰ ਲਿਆ। ਇੰਸ. ਨਵਦੀਪ ਸਿੰਘ ਨੂੰ ਡਿਸਮਿਸ ਅਤੇ ਬਾਕੀ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਹਾਲਾਂਕਿ ਲਾਸ਼ ਦਾ ਡੀ. ਐੱਨ. ਏ. ਸੈਂਪਲ ਉਸੇ ਦਿਨ ਲੈ ਲਿਆ ਗਿਆ ਸੀ ਪਰ ਜਸ਼ਨਦੀਪ ਸਿੰਘ ਢਿੱਲੋਂ ਦੇ ਪਿਤਾ ਨੇ ਆਪਣਾ ਡੀ. ਐੱਨ. ਏ. ਸੈਂਪਲ ਨਹੀਂ ਦਿੱਤਾ ਸੀ।

ਇਹ ਵੀ ਪੜ੍ਹੋ- ਜਲੰਧਰ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ, ਇਸ ਬੀਮਾਰੀ ਸਬੰਧੀ ਹਦਾਇਤਾਂ ਕੀਤੀਆਂ ਜਾਰੀ

PunjabKesari

ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ 4 ਮਹੀਨੇ ਅਤੇ 12 ਦਿਨ ਨਿਕਲਣ ਜਾਣ ਤੋਂ ਬਾਅਦ ਜਸ਼ਨ ਢਿੱਲੋਂ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਨੇ ਡੀ. ਐੱਨ. ਏ. ਸੈਂਪਲ ਦਿੱਤਾ ਅਤੇ ਜਦੋਂ ਹੁਣ ਡੀ. ਐੱਨ. ਏ. ਰਿਪੋਰਟ ਆਈ ਤਾਂ ਦੋਵਾਂ ਦੇ ਡੀ. ਐੱਨ. ਏ. ਇਕ-ਦੂਜੇ ਨਾਲ ਨਹੀਂ ਮਿਲੇ, ਜਿਸ ਤੋਂ ਸਾਫ਼ ਹੋ ਗਿਆ ਕਿ ਉਹ ਲਾਸ਼ ਜਸ਼ਨਦੀਪ ਢਿੱਲੋਂ ਦੀ ਨਹੀਂ, ਸਗੋਂ ਕਿਸੇ ਹੋਰ ਦੀ ਲਾਸ਼ ਨੂੰ ਜਸ਼ਨਦੀਪ ਢਿੱਲੋਂ ਦੀ ਦੱਸ ਕੇ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮਾਂ ’ਤੇ ਐਕਸ਼ਨ ਲੈ ਲਿਆ ਗਿਆ। ਮਾਨਵਦੀਪ ਉੱਪਲ ਨੇ ਕਿਹਾ ਕਿ ਇਸ ਮਾਮਲੇ ਵਿਚ ਢਿੱਲੋਂ ਪਰਿਵਾਰ ਕੋਈ ਦਿਲਚਸਪੀ ਨਹੀਂ ਵਿਖਾ ਰਿਹਾ ਸੀ।
ਦੂਜੇ ਪਾਸੇ ਖ਼ੁਲਾਸਾ ਹੋਣ ਤੋਂ ਬਾਅਦ ਡੀ. ਜੀ. ਪੀ. ਗੌਰਵ ਯਾਦਵ ਨੇ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ, ਐੱਸ. ਪੀ. ਹੈੱਡਕੁਆਰਟਰ ਸਰਬਜੀਤ ਸਿੰਘ ਰਾਏ ਅਤੇ ਜਲੰਧਰ ਰੂਰਲ ਪੁਲਸ ਦੇ ਐੱਸ. ਪੀ. ਡੀ. ਦੀ ਇਕ ਸਪੈਸ਼ਲ ਇਨਵੈਸਟੀਗੇਸਨ ਟੀਮ ਬਣਾਈ। 31 ਦਸੰਬਰ 2024 ਤੋਂ ਪਹਿਲਾਂ ਇਸ ਮਾਮਲੇ ਦੀ ਰਿਪੋਰਟ ਡੀ. ਜੀ. ਪੀ. ਸਾਹਮਣੇ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਦੂਜੇ ਪਾਸੇ ਮਾਨਵਦੀਪ ਸਿੰਘ ਨੇ ਅਦਾਲਤ ਨੂੰ ਧਾਰਾ 164 ਤਹਿਤ ਬਿਆਨ ਵੀ ਦਿੱਤੇ ਹਨ, ਜਿਸ ਵਿਚ ਉਸ ਨੇ ਕਿਹਾ ਕਿ ਮਾਨਵ ਢਿੱਲੋਂ ਨੇ ਥਾਣੇ ’ਚ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ਅਤੇ ਮਹਿਲਾ ਪੁਲਸ ਮੁਲਾਜ਼ਮ ਨਾਲ ਵੀ ਭਿੜਿਆ ਸੀ, ਜਿਸ ਕਾਰਨ ਹੀ ਉਸ ਖ਼ਿਲਾਫ਼ ਥਾਣਾ ਨੰਬਰ 1 ਵਿਚ 107/51 ਤਹਿਤ ਕਾਰਵਾਈ ਕੀਤੀ ਗਈ ਸੀ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਹਾਈਕੋਰਟ ਦਾ ਰੁਖ਼ ਕਰਨ ਮਗਰੋਂ ਮੁੜ ਲਾਈਵ ਹੋਇਆ ਨਿਹੰਗ ਸਿੰਘ, ਦਿੱਤੀ ਚਿਤਾਵਨੀ

ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਉਹ ਲਾਸ਼ ਜਸ਼ਨਦੀਪ ਢਿੱਲੋਂ ਦੀ ਨਹੀਂ ਸੀ ਤਾਂ ਇੰਸਪੈਕਟਰ ਸਮੇਤ 3 ਪੁਲਸ ਮੁਲਾਜ਼ਮਾਂ ਖ਼ਿਲਾਫ਼ ਜਿਹੜੀ ਕਾਰਵਾਈ ਕੀਤੀ ਗਈ ਅਤੇ ਜੋ ਇਸ ਮਾਮਲੇ ਵਿਚ ਸਜ਼ਾ ਭੁਗਤ ਰਹੇ ਹਨ, ਉਸ ਦਾ ਕਸੂਰਵਾਰ ਕੌਣ ਠਹਿਰਾਇਆ ਜਾਵੇਗਾ, ਹਾਲਾਂਕਿ ਇਸ ਮਾਮਲੇ ਵਿਚ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਕੱਟ ਦਿੱਤਾ ਪਰ ਐੱਸ. ਪੀ. ਹੈੱਡਕੁਆਰਟਰ ਸਰਬਜੀਤ ਰਾਏ ਨੇ ਫੋਨ ’ਤੇ ਦੱਸਿਆ ਕਿ ਕਈ ਵਾਰ ਬਾਡੀ ਡੀ-ਫ੍ਰੀਜ਼ ਹੋਣ ਕਾਰਨ ਸੈਂਪਲ ਫੇਲ੍ਹ ਹੋ ਜਾਂਦੇ ਹਨ ਪਰ ਉਨ੍ਹਾਂ ਵੱਲੋਂ ਦੋਬਾਰਾ ਸੈਂਪਲ ਭੇਜਿਆ ਗਿਆ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਇਹ ਦੱਸਣਯੋਗ ਹੈ ਕਿ ਇਹ ਡੀ. ਐੱਨ. ਏ. ਰਿਪੋਰਟ ਮਈ 2024 ਵਿਚ ਹੀ ਆ ਗਈ ਸੀ ਪਰ ਪੁਲਸ ਨੇ ਹੁਣ ਜਾ ਕੇ ਦੋਬਾਰਾ ਸੈਂਪਲ ਭੇਜਿਆ ਹੈ, ਜਿਸ ਨਾਲ ਵੀ ਚਰਚਾ ਹੈ ਕਿ 31 ਦਸੰਬਰ ਦੀ ਮਿਆਦ ਵਧਾਉਣ ਦੇ ਚੱਕਰ ’ਚ ਤਾਂ ਸੈਂਪਲ ਦੇਰੀ ਨਾਲ ਨਹੀਂ ਭੇਜੇ ਗਏ।

ਇਹ ਵੀ ਪੜ੍ਹੋ- MP ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਸਣੇ 2 ਹੋਰ ਨੌਜਵਾਨਾਂ ਨੂੰ ਲਿਆ ਪ੍ਰੋਡਕਸ਼ਨ ਵਾਰੰਟ ’ਤੇ, ਜਾਣੋ ਪੂਰਾ ਮਾਮਲਾ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News