ਅਜੇ ਤਾਂ ਵਿਆਹ ਦੇ ਚਾਅ ਵੀ ਨਹੀਂ ਸਨ ਪੂਰੇ ਹੋਏ, 3 ਮਹੀਨੇ ਬਾਅਦ ਹੀ ਸ਼ੱਕੀ ਹਾਲਾਤਾਂ ''ਚ ਹੋਈ ਮੌਤ

04/15/2018 1:26:44 PM

ਫਗਵਾੜਾ (ਜਲੋਟਾ)— ਫਗਵਾੜਾ 'ਚ ਨਵ-ਵਿਆਹੁਤਾ ਦੀ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਆਪਣੇ ਸਹੁਰੇ ਘਰ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੀ ਨਵ-ਵਿਆਹੁਤਾ ਦਾ ਵਿਆਹ ਕਰੀਬ 3 ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕਾ ਦੀ ਪਛਾਣ ਇੰਦਰਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਰੂਪ 'ਚ ਹੋਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ। ਮਾਮਲੇ ਨੂੰ ਲੈ ਕੇ ਮ੍ਰਿਤਕਾ ਦੀ ਮਾਂ ਬਲਜੀਤ ਕੌਰ ਪਤਨੀ ਨਰਿੰਦਰ ਸਿੰਘ ਵਾਸੀ ਮੁਹੱਲਾ ਸੂਫੀਆਂ ਨਕੋਦਰ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਇੰਦਰਜੀਤ ਕੌਰ ਦੇ ਦੋਸ਼ੀ ਪਤੀ ਹਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ, ਸਹੁਰਾ ਹਰਭਜਨ ਸਿੰਘ ਪੁੱਤਰ ਜੋਗਿੰਦਰ ਸਿੰਘ, ਸੱਸ ਜਸਵਿੰਦਰ ਕੌਰ ਸਮੇਤ 2 ਨਨਾਣਾਂ ਅਵਿਨਾਸ਼ ਕੌਰ ਅਤੇ ਹਰਪ੍ਰੀਤ ਕੌਰ ਸਾਰੇ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ 'ਚੋਂ ਤਿੰਨ ਦੋਸ਼ੀ ਸੱਸ, ਸਹੁਰਾ ਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। 
ਬਲਜੀਤ ਕੌਰ ਨੇ ਦੋਸ਼ ਲਗਾਇਆ ਕਿ ਬੇਟੀ ਇੰਦਰਜੀਤ ਕੌਰ ਨੂੰ ਦੋਸ਼ੀਆਂ ਨੇ ਸਹੁਰੇ ਘਰ 'ਚ ਦਾਜ ਲਈ ਮਾਰਿਆ ਹੈ। ਉਸ ਨੇ ਤਿੰਨੋਂ ਦੋਸ਼ੀਆਂ 'ਤੇ ਆਪਣੀ ਬੇਟੀ ਇੰਦਰਜੀਤ ਕੌਰ ਦੀ ਹੱਤਿਆ ਦੇ ਗੰਭੀਰ ਦੋਸ਼ ਲਗਾਏ ਹਨ। ਬਲਜੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਬੇਟੀ ਦਾ ਵਿਆਹ ਇਸੇ ਸਾਲ 17 ਜਨਵਰੀ 2018 ਨੂੰ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਸਰੀਰਕ ਤੌਰ 'ਤੇ ਪਰੇਸ਼ਾਨ ਅਤੇ ਤਸੀਹੇ ਦਿੰਦੇ ਰਹਿੰਦੇ ਸਨ। ਇਸ ਨੂੰ ਲੈ ਕੇ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਕਈ ਵਾਰ ਦੱਸਿਆ ਸੀ ਅਤੇ ਹਰ ਵਾਰ ਦੋਸ਼ੀ ਇਹੀ ਕਹਿ ਕੇ ਛੁੱਟ ਜਾਂਦੇ ਰਹੇ ਹਨ ਕਿ ਅੱਗੇ ਤੋਂ ਅਜਿਹਾ ਵਿਵਹਾਰ ਨਹੀਂ ਕਰਨਗੇ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਬੇਟੀ ਇਸ ਦੌਰਾਨ ਸਹੁਰੇ ਘਰ 'ਚ ਮਰ ਜਾਵੇਗੀ। 
ਹਾਲਾਂਕਿ ਉਕਤ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਮ੍ਰਿਤਕਾ ਇੰਦਰਜੀਤ ਕੌਰ ਦੇ ਗਲੇ 'ਤੇ ਡੂੰਘੇ ਨਿਸ਼ਾਨ ਸਨ ਅਤੇ ਉਸ ਦੇ ਬੁੱਲ੍ਹ ਵੀ ਨੀਲੇ ਪਏ ਸਨ। ਅਜਿਹੇ 'ਚ ਮ੍ਰਿਤਕਾ ਦੀ ਮੌਤ ਦਾ ਕਾਰਨ ਕੀ ਰਿਹਾ ਹੈ, ਇਸ ਦਾ ਖੁਲਾਸਾ ਉਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ। ਉਥੇ ਹੀ ਦੋਸ਼ੀ ਪੱਖ ਦੇ ਨੇੜੇ ਦੇ ਸੂਤਰਾਂ ਨੇ ਦਾਅਵਾ ਕਰਕੇ ਕਿਹਾ ਹੈ ਕਿ ਜੋ ਦੋਸ਼ ਉਨ੍ਹਾਂ 'ਤੇ ਲਗਾਏ ਜਾ ਰਹੇ, ਉਹ ਝੂਠੇ ਹਨ ਅਤੇ ਉਹ ਬੇਕਸੂਰ ਹਨ।


Related News