ਮਰਯਾਦਾ ਦੀ ਉਲੰਘਣਾ ਨਾਲ ਬਣੇ ਕਿਸੇ ਜਥੇਦਾਰ ਨੂੰ ਨਿਹੰਗ ਸਿੰਘ ਮਾਨਤਾ ਨਹੀਂ ਦਿੰਦੇ : ਸਮੂਹ ਨਿਹੰਗ ਸਿੰਘ ਜਥੇਬੰਦੀਆਂ
Sunday, Mar 16, 2025 - 07:22 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ/ਚੌਵੇਸ਼) : ਨਿਹੰਗ ਸਿੰਘ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀਚੰਦ ਸਾਹਿਬ ਸੰਪਰਦਾਇ ਤਰਨਾ ਦਲ ਸੁਰਸਿੰਘ, ਜਥੇ: ਬਾਬਾ ਜੋਗਾ ਸਿੰਘ ਮੁਖੀ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਦੀ ਸਰਪ੍ਰਸਤੀ ਹੇਠ ਸਮੂਹ ਤਰਨਾ ਦਲਾਂ ਦੇ ਮੁਖੀ ਸਾਹਿਬਾਨਾਂ ਦੀ ਗੁਰਦੁਆਰਾ ਸ਼ਹੀਦੀ ਬਾਗ਼ ਛਾਉਣੀ ਤਰਨਾ ਦਲ ਵਿਖੇ ਇੱਕਤਰਤਾ ਹੋਈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਤੇ ਬਾਬਾ ਜੋਗਾ ਸਿੰਘ ਨੇ ਆਪਣੀ ਵਿਚਾਰ ਚਰਚਾ ਉਪਰੰਤ ਸਮੂਹ ਤਰਨਾ ਦਲ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੇ ਨਿਪਟਾਰੇ ਲਈ ਪੁਰਾਤਨ ਰਵਾਇਤ ਮੁਤਾਬਕ ਗੁਰਮਤੇ ਕੀਤੇ ਉਪਰੰਤ ਬਾਬਾ ਬਲਬੀਰ ਸਿੰਘ ਮੁਖੀ ਦੀ ਅਗਵਾਈ ਵਿੱਚ ਸਾਰੇ ਤਰਨਾ ਦਲਾਂ ਦੇ ਮੁਖੀਆਂ ਨੇ ਪ੍ਰੈਸ ਮੂਹਰੇ ਇੱਕਤਰ ਹੋ ਕੇ ਮੌਜੂਦਾ ਹਲਾਤਾਂ ਬਾਰੇ ਜਾਣਕਾਰੀ ਜਨਤਕ ਕੀਤੀ। ਬਾਬਾ ਬਲਬੀਰ ਸਿੰਘ ਨੇ ਕਿਹਾ ਨਿਹੰਗ ਸਿੰਘ ਦਲ ਸਮੁੱਚੇ ਰੂਪ ਵਿੱਚ ਧਾਰਮਿਕ ਦਲ ਹਨ ਇਨ੍ਹਾਂ ਦੀ ਕਿਸੇ ਰਾਜਸੀ ਪਾਰਟੀ ਧੜੇ ਨਾਲ ਕੋਈ ਸਾਂਝ ਨਹੀਂ ਹੈ ਇਹ ਪੁਰਾਤਨ ਸਮੇਂ ਤੋਂ ਮਰਿਆਦਾ ਦੀ ਰਾਖੀ ਕਰਦੇ ਆਏ ਹਨ ਤੇ ਅੱਗੇ ਵੀ ਕਰਨਗੇ। ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਹੈ ਪਰ ਮਰਯਾਦਾ ਦੇ ਮਾਮਲੇ ’ਚ ਕਿਸੇ ਨਾਲ ਵੀ ਨਿਹੰਗ ਸਿੰਘ ਦਲਾਂ ਦਾ ਕੋਈ ਸਮਝੌਤਾ ਨਹੀਂ। ਮਰਯਾਦਾ ਦੀ ਉਲੰਘਣਾ ਕਰਕੇ ਬਣਾਏ ਕਿਸੇ ਜਥੇਦਾਰ ਨੂੰ ਨਿਹੰਗ ਸਿੰਘ ਦਲ ਮਾਨਤਾ ਨਹੀਂ ਦਿੰਦੇ, ਉਨ੍ਹਾਂ ਕਿਹਾ ਕਿ ਮੁਖੀਆਂ ਦਾ ਸਭ ਤੋਂ ਪਹਿਲਾਂ ਵਿਰੋਧ ਨਿਹੰਗ ਸਿੰਘ ਦਲਾਂ ਨੇ ਕੀਤਾ ਸੀ ਜਿਸ ’ਤੇ ਇੰਨ ਬਿੰਨ ਅੱਜ ਵੀ ਡਟੇ ਹਾਂ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੂੰ ਚਾਹੀਦਾ ਹੈ ਕਿ ਆਪਣੇ ਕੀਤੇ ਮਤਿਆਂ ਨੂੰ ਰੱਦ ਕਰੇ ਅਤੇ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਬਹਾਲ ਕਰੇ। ਇਸ ਤੋਂ ਪਹਿਲਾਂ ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਸ਼ਾਂਤੀ ਪੂਰਨ ਮੁਕੰਮਲ ਹੋ ਜਾਣ ’ਤੇ ਸਭ ਜਥੇਬੰਦੀਆਂ ਤੇ ਪ੍ਰਸਾਸ਼ਨ ਆਦਿ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪ ਹੁਦਰੇ ਤਰੀਕੇ ਨਾਲ ਲਾਏ ਗਏ ਜਥੇਦਾਰਾਂ ਨੂੰ ਨਿਹੰਗ ਸਿੰਘ ਦਲ ਆਪਣੇ ਕਿਸੇ ਸਮਾਗਮ ਵਿੱਚ ਨਹੀਂ ਸੱਦਣਗੇ ਅਤੇ ਨਾ ਹੀ ਸਿਰਪਾਓ ਦਿੱਤਾ/ ਲਿਆ ਜਾਵੇਗਾ।
ਇਸ ਮੌਕੇ ਬਾਬਾ ਗੁਰਦੇਵ ਸਿੰਘ ਸਹੀਦੀ ਬਾਗ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਮੇਜਰ ਸਿੰਘ ਦਸਮੇਸ ਤਰਨਾ ਦਲ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਾ ਬਟਾਲਾ, ਬਾਬਾ ਕੁਲਦੀਪ ਸਿੰਘ ਮਾਣਕ ਝਾੜ ਸਾਹਿਬ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਨੰਦ ਸਿੰਘ, ਬਾਬਾ ਚੜਤ ਸਿੰਘ, ਬਾਬਾ ਪ੍ਰਗਟ ਸਿੰਘ, ਬਾਬਾ ਰਾਜਾਰਾਜ ਸਿੰਘ ਅਰਬਾਂ ਖਰਬਾਂ, ਬਾਬਾ ਕੁਲਵਿੰਦਰ ਸਿੰਘ ਚੌਂਤਾ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਖੜਕ ਸਿੰਘ, ਬਾਬਾ ਜਸਵਿੰਦਰ ਸਿੰਘ ਜੱਸੀ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਅਤੇ ਬੇਅੰਤ ਹੀ ਮੁਖੀ ਸ਼ਾਮਿਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8