ਜਲੰਧਰ ਬਾਰੇ ਪੂਰਾ ਫੀਡਬੈਕ ਲੈ ਕੇ ਆਏ ਨਵੇਂ ਕਮਿਸ਼ਨਰ ਆਦਿੱਤਿਆ ਉੱਪਲ ਨੇ ਸੰਭਾਲਿਆ ਚਾਰਜ

12/12/2023 4:45:47 PM

ਜਲੰਧਰ (ਖੁਰਾਣਾ) : ਪੰਜਾਬ ਸਰਕਾਰ ਨੇ ਹਾਲ ਹੀ ’ਚ 2015 ਬੈਚ ਦੇ ਆਈ. ਏ. ਐੱਸ. ਅਧਿਕਾਰੀ ਆਦਿੱਤਿਆ ਉੱਪਲ ਨੂੰ ਜਲੰਧਰ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਤਾਇਨਾਤ ਕੀਤਾ ਹੈ। ਇਥੇ ਰਹੇ ਕੁਝ ਅਧਿਕਾਰੀਆਂ ਤੋਂ ਜਲੰਧਰ ਸ਼ਹਿਰ ਬਾਰੇ ਪੂਰਾ ਫੀਡਬੈਕ ਲੈਣ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਆਪਣਾ ਚਾਰਜ ਸੰਭਾਲ ਲਿਆ। ਨਿਗਮ ਕੰਪਲੈਕਸ ਪਹੁੰਚਣ ’ਤੇ ਨਵੇਂ ਕਮਿਸ਼ਨਰ ਸ਼੍ਰੀ ਉੱਪਲ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਕਮਿਸ਼ਨਰ ਦਾ ਸਵਾਗਤ ਕਰਨ ਵਾਲਿਆਂ ’ਚ ਐਡੀਸ਼ਨਲ ਕਮਿਸ਼ਨਰ ਮੈਡਮ ਸ਼ਿਖਾ ਭਗਤ, ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ, ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਅਤੇ ਜ਼ੋਨਲ ਕਮਿਸ਼ਨਰ ਵਿਕਰਾਂਤ ਸ਼ਰਮਾ ਪ੍ਰਮੁੱਖ ਸਨ। ਜ਼ਿਕਰਯੋਗ ਹੈ ਕਿ ਨਵੇਂ ਕਮਿਸ਼ਨਰ ਨੇ ਹਾਲ ਹੀ ’ਚ ਤਿਆਰ ਹੋਏ ਨਵੇਂ ਆਫਿਸ ਵਿਚ ਬੈਠਣਾ ਸ਼ੁਰੂ ਕੀਤਾ ਹੈ, ਜਿਸ ਦਾ ਨਿਰਮਾਣ ਪਿਛਲੇ 6 ਮਹੀਨਿਆਂ ਤੋਂ ਚੱਲ ਰਿਹਾ ਸੀ। ਸਾਬਕਾ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਕਾਰਜਕਾਲ ਦੌਰਾਨ ਇਸ ਆਫਿਸ ਦੇ ਪੁਨਰ-ਨਿਰਮਾਣ ਲਈ ਟੈਂਡਰ ਲਾਏ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਨਵੇਂ ਕਮਿਸ਼ਨਰ ਨੂੰ ਅਜੇ ਸ਼ਹਿਰ ਵਿਚ ਸੈਟਲ ਹੋਣ ਵਿਚ 1-2 ਦਿਨ ਚੱਲਣਗੇ ਅਤੇ ਉਹ ਆਪਣੀ ਰਿਹਾਇਸ਼ ਮਾਡਲ ਟਾਊਨ ਸਥਿਤ ਕਮਿਸ਼ਨਰ ਹਾਊਸ ਨੂੰ ਬਣਾ ਸਕਦੇ ਹਨ।

ਇਹ ਵੀ ਪੜ੍ਹੋ : ਸਟਾਫ਼ ਨੂੰ ਜਗ੍ਹਾ ਨਾ ਦੇਣ ’ਤੇ ਦੂਸਰੀ ਵਾਰ ਗ੍ਰਹਿ ਸਕੱਤਰ ਹਾਈ ਕੋਰਟ ’ਚ ਤਲਬ

ਵੱਡਾ ਸ਼ਹਿਰ ਹੈ ਜਲੰਧਰ, ਨੇੜੇ-ਤੇੜੇ ਰਹੀ ਪੋਸਟਿੰਗ
ਤਬਾਦਲੇ ਤੋਂ ਪਹਿਲਾਂ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਰਹੇ ਅਾਦਿੱਤਿਆ ਉੱਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਪਟਿਆਲਾ ਦੇ ਮੁਕਾਬਲੇ ਜਲੰਧਰ ਕਾਫੀ ਵੱਡਾ ਸ਼ਹਿਰ ਹੈ। ਜਨਸੰਖਿਆ, ਮੀਡੀਆ ਹੱਬ ਅਤੇ ਹੋਰਨਾਂ ਮੁੱਦਿਆਂ ਦੇ ਆਧਾਰ ’ਤੇ ਵੀ ਜਲੰਧਰ ਸ਼ਹਿਰ ਸਰਕਾਰ ਲਈ ਕਾਫੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕ ਸਭਾ ਅਤੇ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ, ਇਸ ਲਈ ਵੀ ਉਨ੍ਹਾਂ ਦੀ ਇਹ ਪੋਸਟਿੰਗ ਕਾਫੀ ਮਹੱਤਵਪੂਰਨ ਹੈ। ਸ਼੍ਰੀ ਉੱਪਲ ਨੇ ਕਿਹਾ ਕਿ ਉਹ ਦੋਆਬਾ ਵਿਚ ਕਈ ਜਗ੍ਹਾ ਪੋਸਟਿੰਗ ਰਹੇ ਹਨ ਅਤੇ ਉਨ੍ਹਾਂ ਨੂੰ ਜਲੰਧਰ ਆ ਕੇ ਆਪਣਾ ਜਿਹਾ ਹੀ ਲੱਗ ਰਿਹਾ ਹੈ। ਉਨ੍ਹਾਂ ਮੰਨਿਆ ਕਿ ਉਹ ਸ਼ਹਿਰ ਵਿਚ ਆਉਣ ਤੋਂ ਪਹਿਲਾਂ ਕੁਝ ਮਾਮਲਿਆਂ ’ਤੇ ਫੀਡਬੈਕ ਲੈ ਕੇ ਆਏ ਹਨ। ਇਸ ਦੌਰਾਨ ਉਨ੍ਹਾਂ ਨਿਗਮ ਅਧਿਕਾਰੀਆਂ ਤੋਂ ਸਰਫੇਸ ਵਾਟਰ ਪ੍ਰਾਜੈਕਟ, ਸਵੱਛ ਭਾਰਤ ਮਿਸ਼ਨ, ਸਵੱਛਤਾ ਸਰਵੇਖਣ ਆਦਿ ਦੀ ਵੀ ਸੰਖੇਪ ਜਾਣਕਾਰੀ ਲਈ ਅਤੇ ਕਿਹਾ ਕਿ ਜਲਦ ਸਾਰੇ ਪ੍ਰਾਜੈਕਟਾਂ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕਰ ਕੇ ਉਨ੍ਹਾਂ ਨੂੰ ਤੇਜ਼ ਰਫਤਾਰ ਦਿੱਤੀ ਜਾਵੇਗੀ ਅਤੇ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਦੇ ਪੌਸ਼ ਇਲਾਕੇ ’ਚ ਔਰਤ ਨੂੰ ਲੁੱਟ ਕੇ ਭੱਜਾ ਸਿੱਖੀ ਸਰੂਪ ਧਾਰਨ ਕੀਤਾ ਲੁਟੇਰਾ ਕਾਬੂ, ਤਲਾਸ਼ੀ ਦੌਰਾਨ ਉੱਡੇ ਹੋਸ਼

ਰੈਣ ਬਸੇਰਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ
ਅੱਜ ਤੋਂ ਕਈ ਸਾਲ ਪਹਿਲਾਂ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਦੇ ਆਧਾਰ ’ਤੇ ਸ਼ਹਿਰਾਂ ਵਿਚ ਸਰਵੇ ਕਰ ਕੇ ਬੇਘਰ ਲੋਕਾਂ ਦਾ ਡਾਟਾ ਤਿਆਰ ਕੀਤਾ ਗਿਆ ਸੀ ਅਤੇ ਉਸਦੇ ਆਧਾਰ ’ਤੇ ਜਲੰਧਰ ਸ਼ਹਿਰ ਵਿਚ ਹੀ ਲਗਭਗ 8 ਜਗ੍ਹਾ ਰੈਣ ਬਸੇਰਿਆਂ ਦਾ ਨਿਰਮਾਣ ਕੀਤਾ ਗਿਆ ਸੀ। ਕਈ ਸਾਲਾਂ ਤੱਕ ਇਹ ਰੈਣ ਬਸੇਰੇ ਲੋਕਾਂ ਨੂੰ ਸਹੂਲਤ ਦਿੰਦੇ ਰਹੇ ਅਤੇ ਇਥੇ ਸੈਂਕੜੇ ਲੋਕ ਰਾਤਾਂ ਬਿਤਾਉਂਦੇ ਰਹੇ ਪਰ ਸਰਕਾਰੀ ਸਿਸਟਮ ਹੋਣ ਕਾਰਨ ਜਲੰਧਰ ਨਿਗਮ ਤੋਂ ਰੈਣ ਬਸੇਰਿਆਂ ਦਾ ਸੰਚਾਲਨ ਨਹੀਂ ਹੋ ਸਕਿਆ। ਲੱਖਾਂ ਰੁਪਏ ਦੇ ਟੈਂਡਰ ਲਾ ਕੇ ਪ੍ਰਾਈਵੇਟ ਹੱਥਾਂ ਵਿਚ ਵੀ ਸੰਚਾਲਨ ਦਾ ਕੰਮ ਦਿੱਤਾ ਗਿਆ ਪਰ ਉਸ ਤੋਂ ਬਾਅਦ ਨਿਗਮ ਨੇ ਖੁਦ ਨੋਡਲ ਅਧਿਕਾਰੀ ਰੱਖ ਕੇ ਰੈਣ ਬਸੇਰੇ ਚਲਾਏ। ਪਿਛਲੇ ਕਈ ਕਮਿਸ਼ਨਰਾਂ ਨੇ ਇਨ੍ਹਾਂ ਰੈਣ ਬਸੇਰਿਆਂ ਵੱਲ ਕੋਈ ਖਾਸ ਧਿਆਨ ਦਿੱਤਾ, ਜਿਸ ਕਾਰਨ ਕਈਆਂ ’ਤੇ ਤਾਂ ਤਾਲੇ ਲੱਗ ਗਏ ਅਤੇ ਕਈਆਂ ਵਿਚ ਕਬਜ਼ੇ ਹੋ ਗਏ ਅਤੇ ਲੋਕਾਂ ਨੇ ਇਥੇ ਰਾਤਾਂ ਬਿਤਾਉਣੀਆਂ ਹੀ ਛੱਡ ਦਿੱਤੀਆਂ। ਹੁਣ ਸਿਰਫ ਖਾਲਸਾ ਕਾਲਜ ਦੇ ਨੇੜੇ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਰੈਣ ਬਸੇਰਿਆਂ ’ਤੇ ਹੀ ਇੱਕਾ-ਦੁੱਕਾ ਲੋਕ ਦੇਖੇ ਜਾ ਸਕਦੇ ਹਨ। ਨਵੇਂ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਇਨ੍ਹਾਂ ਰੈਣ ਬਸੇਰਿਆਂ ਬਾਰੇ ਸੰਖੇਪ ਗੱਲਬਾਤ ਕੀਤੀ ਅਤੇ ਕਿਹਾ ਕਿ ਸਰਦੀ ਦੇ ਮੌਸਮ ਵਿਚ ਲੋਕਾਂ ਨੂੰ ਛੱਤ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਨ੍ਹਾਂ ਰੈਣ ਬਸੇਰਿਆਂ ਦੀ ਸਹੂਲਤ ਉਨ੍ਹਾਂ ਨੂੰ ਦਿੱਤੀ ਜਾਵੇਗੀ।

PunjabKesari

ਸਮਾਰਟ ਸਿਟੀ ਜਲੰਧਰ ਦੇ ਸੀ. ਈ. ਓ. ਦਾ ਵੀ ਚਾਰਜ ਸੰਭਾਲਿਆ
ਆਈ. ਏ. ਐੱਸ. ਅਧਿਕਾਰੀ ਆਦਿੱਤਿਆ ਉੱਪਲ ਨੇ ਅੱਜ ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਦਾ ਵੀ ਚਾਰਜ ਸੰਭਾਲ ਲਿਆ। ਬਾਅਦ ਦੁਪਹਿਰ ਉਹ ਸਮਾਰਟ ਸਿਟੀ ਦਫਤਰ ਗਏ, ਜਿਥੇ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ’ਤੇ ਚਰਚਾ ਕੀਤੀ। ਸਮਾਰਟ ਸਿਟੀ ਦੇ ਜਿਹੜੇ ਪ੍ਰਾਜੈਕਟ ਰੁਕੇ ਹੋਏ ਹਨ ਜਾਂ ਰੀਂਗ-ਰੀਂਗ ਕੇ ਚੱਲ ਰਹੇ ਹਨ, ਉਨ੍ਹਾਂ ਬਾਬਤ ਫੀਡਬੈਕ ਲਈ ਅਤੇ ਜਲਦ ਪ੍ਰਾਜੈਕਟਾਂ ਸਬੰਧੀ ਰੋਡਮੈਪ ਬਣਾਉਣ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸਮਾਰਟ ਸਿਟੀ ਵੱਲੋਂ ਕਰਵਾਏ ਗਏ ਸਾਰੇ 60 ਪ੍ਰਾਜੈਕਟਾਂ ਵਿਚ ਹੋਈਆਂ ਕਥਿਤ ਗੜਬੜੀਆਂ ਦੀ ਜਾਂਚ ਦਾ ਜ਼ਿੰਮਾ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਹੋਇਆ ਹੈ। ਹੁਣ ਦੇਖਣਾ ਹੈ ਕਿ ਸਮਰਾਟ ਸਿਟੀ ਦੇ ਕਿਹੜੇ-ਕਿਹੜੇ ਕੰਮ ਨਵੇਂ ਸੀ. ਈ. ਓ. ਲਈ ਚੁਣੌਤੀ ਸਾਬਿਤ ਹੁੰਦੇ ਹਨ।

ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ, ਵੋਟਰ ਸੂਚੀਆਂ ਦੀ ਸੁਧਾਈ ਤੇ ਪ੍ਰਕਾਸ਼ਨਾ ਦਾ ਅਮਲ ਸ਼ੁਰੂ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News