ਸੰਤ ਸੀਚੇਵਾਲ ਵੱਲੋਂ ਆਪਣੇ ਅਖ਼ਤਿਆਰੀ ਫ਼ੰਡ 'ਚੋਂ ਮਕੌੜਾ ਪੱਤਣ ਵਿਖੇ ਦਿੱਤੀ ਨਵੀਂ ਬੇੜੀ ਲੋਕਾਂ ਦੇ ਸਪੁਰਦ

Wednesday, Jun 26, 2024 - 05:45 PM (IST)

ਸੰਤ ਸੀਚੇਵਾਲ ਵੱਲੋਂ ਆਪਣੇ ਅਖ਼ਤਿਆਰੀ ਫ਼ੰਡ 'ਚੋਂ ਮਕੌੜਾ ਪੱਤਣ ਵਿਖੇ ਦਿੱਤੀ ਨਵੀਂ ਬੇੜੀ ਲੋਕਾਂ ਦੇ ਸਪੁਰਦ

ਮਕੌੜਾ ਪੱਤਣ/ਗੁਰਦਾਸਪੁਰ (ਗੋਰਾਇਆ, ਹਰਮਨ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਾਵੀ ਦਰਿਆ 'ਤੇ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਆਪਣੇ ਅਖ਼ਤਿਆਰੀ ਫ਼ੰਡ ਵਿੱਚੋਂ ਲੈ ਕੇ ਦਿੱਤੀ ਇੱਕ ਵੱਡੀ ਬੇੜੀ ਨੂੰ ਅੱਜ ਲੋਕਾਂ ਦੇ ਸਪੁਰਦ ਕੀਤਾ ਗਿਆ ਹੈ। ਇਸ ਬੇੜੀ ਨਾਲ ਹੁਣ ਮਕੌੜਾ ਪੱਤਣ ਤੋਂ ਪਾਰ ਦੇ ਪਿੰਡ ਤੂਰ, ਭਰਿਆਲ, ਰਾਜਪੁਰ ਚਿੱਬ, ਮੰਮੀ ਚੱਕ ਰੰਗਾ, ਕੂਕਰ, ਝੂੰਬਰ, ਕਜਲੇ ਦੇ ਵਸਨੀਕਾਂ ਨੂੰ ਰਾਵੀ ਦਰਿਆ ਪਾਰ ਕਰਨ ਵਿੱਚ ਸਹੂਲਤ ਮਿਲੇਗੀ।  ਇਸ ਮੌਕੇ ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਗੁਰਦੇਵ ਸਿੰਘ ਧਾਮ, ਐਕਸੀਅਨ ਡਰੇਨਜ਼ ਸ੍ਰੀ ਦਿਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕਟ

ਬੇੜੀ ਨੂੰ ਇਲਾਕਾ ਨਿਵਾਸੀਆਂ ਦੇ ਸਪੁਰਦ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਿਛਲੇ ਸਾਲ ਬਰਸਾਤਾਂ ਦੇ ਸੀਜ਼ਨ ਦੌਰਾਨ ਇੱਕ ਮੀਡੀਆ ਰਿਪੋਰਟ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਮਕੌੜਾ ਪੱਤਣ ਵਿਖੇ ਰਾਵੀ ਦ‌ਰਿਆ ਵਿੱਚ ਚੱਲ ਰਹੀ ਕਿਸ਼ਤੀ ਦੀ ਹਾਲਤ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਪ੍ਰਸ਼ਾਸਨ ਨੇ ਨਵੀਂ ਬੇੜੀ ਦੀ ਮੰਗ ਰੱਖੀ ਸੀ।  ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ਅਨੁਸਾਰ ਆਪਣੇ ਅਖ਼ਤਿਆਰੀ ਕੋਟੇ ਵਿੱਚ ਅੱਠ ਲੱਖ ਰੁਪਏ ਨਵੀਂ ਬੇੜੀ ਬਣਾਉਣ ਲਈ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਹ ਬੇੜੀ ਬਣ ਕੇ ਤਿਆਰ ਹੋ ਗਈ ਹੈ ਅਤੇ ਮਕੌੜਾ ਪੱਤਣ ਵਿਖੇ ਪਹੁੰਚ ਗਈ ਹੈ, ਜਿਸ ਨੂੰ ਅੱਜ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਪਲਟੂਨ ਦਾ ਪੁਲ ਹਟਣ ਤੋਂ ਬਾਅਦ ਇਹ ਬੇੜੀ ਲੋਕਾਂ ਨੂੰ ਦਰਿਆ ਪਾਰ ਕਰਾਉਣ ਦਾ ਸਾਧਨ ਬਣੇਗੀ।  

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨਿਹੰਗਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਦਿਨ-ਦਿਹਾੜੇ ਕਰ ਦਿੱਤਾ ਵੱਡਾ ਕਾਂਡ

ਸੰਤ ਸੀਚੇਵਾਲ ਨੇ ਕਿਹਾ ਕਿ ਇੱਕ ਪਾਸੇ ਰਾਵੀ ਦਰਿਆ ਅਤੇ ਦੂਸਰੇ ਪਾਸੇ ਪਾਕਿਸਤਾਨ ਦੀ ਸਰਹੱਦ ਹੋਣ ਕਰਕੇ ਏਥੇ ਦੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਕੌੜਾ ਪੱਤਣ ਵਿਖੇ ਪੱਕਾ ਹਾਈ ਲੈਵਲ ਪੁੱਲ ਬਣਾਉਣ ਦਾ ਪ੍ਰੋਜੈਕਟ ਪਾਸ ਹੋ ਗਿਆ ਹੈ ਅਤੇ ਜਿਸ ਦੀ ਜ਼ਮੀਨ ਐਕਵਾਇਰ ਕਰਨ ਦੇ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਪੁੱਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਉਠਾਉਣਗੇ ਅਤੇ ਭਵਿੱਖ ਵਿੱਚ ਵੀ ਉਹ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।  

ਇਹ ਵੀ ਪੜ੍ਹੋ- ਨਸ਼ੇ ’ਚ ਝੂਮਦੀ ਕੁੜੀ ਨੂੰ ਪੁਲਸ ਨੇ ਲਿਆ ਹਿਰਾਸਤ ’ਚ, ਮੁਆਫੀਨਾਮਾ ਲਿਖ ਕੇ ਦਿੱਤੀ ਚਿਤਾਵਨੀ

ਇਸ ਮੌਕੇ ਮਕੌੜਾ ਪੱਤਣ ਤੋਂ ਪਾਰ ਪਿੰਡ ਤੂਰ ਦੇ ਸਰਪੰਚ ਗੁਰਨਾਮ ਸਿੰਘ, ਸਰਪੰਚ ਭਰਿਆਲ ਸ. ਰੂਪ ਸਿੰਘ, ਹਰਮੇਸ਼ ਸਿੰਘ ਰਾਜਪੁਰ ਚੇਬੇ ਸਮੇਤ ਇਲਾਕੇ ਦੇ ਲੋਕਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਬੇੜੀ ਦੇਣ ਲਈ ਧੰਨਵਾਦ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News