ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-4)

Monday, Apr 20, 2020 - 02:12 PM (IST)

ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-4)

ਲੇਖਕ – ਗੁਰਤੇਜ ਸਿੰਘ ਕੱਟੂ
98155 94197

ਜਦੋਂ ਨੈਲਸਨ ਨੂੰ ਪਹਿਲੀ ਵਾਰ ਗਰੀਬੀ ਦਾ ਅਹਿਸਾਸ ਹੋਇਆ...

ਜਿਸ ਬਸਤੀ ਵਿਚ ਨੈਲਸਨ ਰਹਿੰਦਾ ਸੀ ਉਸ ਦੀ ਜ਼ਿੰਦਗੀ ਤਾਂ ਨਰਕ ਸੀ ਪਰ ਇਸ ਦੇ ਬਾਵਜੂਦ ਵੀ ਏਥੇ ਆਪਣੀ ਕਿਸਮ ਦਾ ਸਵਰਗ ਸੀ, ਕਿਉਂਕਿ ਏਥੇ ਅਫ਼ਰੀਕੀ ਜ਼ਮੀਨ ਖਰੀਦ ਸਕਦੇ ਸਨ ਅਤੇ ਉਨ੍ਹਾਂ ਦਾ ਏਥੇ ਸ੍ਵੈ-ਸ਼ਾਸਨ ਵੀ ਸੀ। ਅਲੈਗਜ਼ੈਂਡਰਾ ’ਚ ਪਿੰਡਾਂ ਤੋਂ ਕੰਮਾਂ ਦੀ ਭਾਲ ਲਈ ਆਏ ਅਫ਼ਰੀਕਨਾਂ ਦੀ ਸੁਨਹਿਰੀ ਬਸਤੀ ਸੀ। ਇਸ ਸ਼ਹਿਰ ਦੀ ਆਬਾਦੀ ਲੋੜ ਤੋਂ ਬਹੁਤ ਵਧ ਗਈ ਸੀ। ਏਥੇ ਵੱਖ-ਵੱਖ ਕਬੀਲਿਆਂ ਦੇ ਲੋਕ ਆਪਸ ’ਚ ਰਲ-ਮਿਲ ਗਏ ਸਨ। ਇਹ ਸਭ ਸਰਕਾਰ ਨੂੰ ਚੰਗਾ ਨਹੀਂ ਲੱਗ ਰਿਹਾ ਸੀ, ਕਿਉਂਕਿ ਉਹ ਵੱਖ-ਵੱਖ ਕਬੀਲਿਆਂ ਦੇ ਆਪਸੀ ਮਿਲਵਰਤਨ ਨੂੰ ਪਸੰਦ ਨਹੀਂ ਕਰਦੀ ਸੀ। ਸਰਕਾਰ ਹਮੇਸ਼ਾ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਵਰਤਦੀ ਰਹਿੰਦੀ ਸੀ।

ਨੈਲਸਨ ਨੂੰ ਹੁਣ ਏਥੇ ਪਹਿਲੀ ਵਾਰ ਗਰੀਬੀ ਦਾ ਅਹਿਸਾਸ ਹੋਇਆ ਸੀ। ਉਸ ਦੀ ਜੇਬ ਅਕਸਰ ਖਾਲੀ ਰਹਿੰਦੀ। ਕੰਪਨੀ ਉਸਨੂੰ ਹਰ ਹਫ਼ਤੇ ਦੋ ਪਾਉਂਡ ਤਨਖ਼ਾਹ ਦਿੰਦੀ ਸੀ, ਇਸ ਤਨਖ਼ਾਹ ’ਚੋਂ 13 ਸ਼ਿਲਿੰਗ ਅਤੇ ਚਾਰ ਪੈਂਸ ਉਹ ਰਹਿਣ ਵਾਲੇ ਕਮਰੇ ਦਾ ਕਿਰਾਇਆ ਦਿੰਦਾ ਸੀ ਅਤੇ ਕੁਝ ਬੱਸ ਆਦਿ ਦੇ ਕਿਰਾਏ ’ਚ ਲੱਗ ਜਾਂਦੇ। ਇਸ ਤੋਂ ਇਲਾਵਾ ਉਹ ਆਪਣੀ ਪੱਤਰ-ਵਿਹਾਰ ਦੀ ਪ੍ਰੀਖਿਆ ਦੀ ਫੀਸ ਵੀ ਭਰਦਾ ਅਤੇ ਇਕ ਪਾਉਂਡ ਖਾਣ-ਪੀਣ ’ਤੇ ਖ਼ਰਚ ਕਰਦਾ ਸੀ। ਕੁਝ ਪੈਸੇ ਮੋਮਬੱਤੀਆਂ ਖਰੀਦਣ ’ਤੇ ਲਾ ਦਿੰਦਾ ਅਤੇ ਦੇਰ ਰਾਤ ਮੋਮਬੱਤੀਆਂ ਦੀ ਰੌਸ਼ਨੀ ’ਚ ਪੜ੍ਹਦਾ ਰਹਿੰਦਾ।

ਕਈ ਵਾਰ ਜਦੋਂ ਪੈਸੇ ਜ਼ਿਆਦਾ ਹੀ ਘੱਟ ਜਾਂਦੇ ਤਾਂ ਉਹ ਸ਼ਹਿਰ 6 ਮੀਲ ਤੁਰ ਕੇ ਹੀ ਚਲਾ ਜਾਂਦਾ ਅਤੇ ਤੁਰ ਕੇ ਹੀ ਘਰ ਵਾਪਿਸ ਆਉਂਦਾ। ਇਕ ਵਾਰ ਮਿਸਟਰ ਸਾਈਡੱਲਸਕੀ (ਕੰਪਨੀ ਮਾਲਕ) ਨੇ ਨੈਲਸਨ ਨੂੰ ਆਪਣਾ ਪੁਰਾਣਾ ਸੂਟ ਦਿੱਤਾ, ਜਿਸ ’ਤੇ ਕਾਫੀ ਟਾਂਕੇ ਅਤੇ ਟਾਕੀਆਂ ਲੱਗੀਆਂ ਹੋਈਆਂ ਸਨ। ਨੈਲਸਨ ਲਗਭਗ ਪੰਜ ਸਾਲ ਹਰ ਰੋਜ਼ ਇਹੀ ਸੂਟ ਪਾਉਂਦਾ ਰਿਹਾ।

PunjabKesari

ਨੈਲਸਨ ਇਕ ਸਵੇਰ ਬੱਸ ਦਾ ਕਿਰਾਇਆ ਬਚਾਉਣ ਲਈ ਪੈਦਲ ਹੀ ਸ਼ਹਿਰ ਵੱਲ ਜਾ ਰਿਹਾ ਸੀ ਕਿ ਅਚਾਨਕ ਹੀ ਉਸਨੂੰ ਰਸਤੇ ਵਿਚ ਉਸ ਦੀ ਫੋਰਟ ਹੇਅਰ ਯੂਨੀਵਰਸਿਟੀ ਕਾਲਜ ਦੀ ਇਕ ਦੋਸਤ ‘ਫਾਈਲਿਸ ਮਾਸੇਕੋ’ ਮਿਲ ਗਈ। ਨੈਲਸਨ ਉਸ ਤੋਂ ਅੱਖ ਬਚਾ ਕੇ ਲੰਘਣਾ ਚਾਹੁੰਦਾ ਸੀ ਪਰ ਉਸ ਨੇ ਨੈਲਸਨ ਨੂੰ ਆਵਾਜ਼ ਮਾਰ ਕੇ ਬੁਲਾ ਲਿਆ। ਉਸ ਨੇ ਨੈਲਸਨ ਨੂੰ ਆਪਣੇ ਘਰ ਆਉਣ ਲਈ ਕਿਹਾ। ਨੈਲਸਨ ਪਹਿਲਾਂ ਪਹਿਲਾਂ ਤਾਂ ਘਬਰਾਉਂਦਾ ਰਿਹਾ ਕਿ ਮੇਰੇ ਕੱਪੜੇ ਜ਼ਿਆਦਾ ਵਧੀਆ ਨਹੀਂ ਪਰ ਅਖ਼ੀਰ ਖਾਣੇ ਦੇ ਲਾਲਚ ਕਾਰਨ ਨੈਲਸਨ ਮਾਸੇਕੋ ਦੇ ਘਰ ਜਾਣ ਲਈ ਮੰਨ ਹੀ ਗਿਆ। ਇਸ ਤੋਂ ਬਾਅਦ ਨੈਲਸਨ ਅਕਸਰ ਹੀ ਮਾਸੇਕੋ ਦੇ ਘਰ ਚਲਾ ਜਾਂਦਾ ਸੀ ਤੇ ਰੱਜ ਕੇ ਖਾਣਾ ਖਾਂਦਾ।

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦਾ ਬਚਪਨ

3. 1941 ਦੇ ਅੰਤ ’ਚ ਨੈਲਸਨ ਨੂੰ ਸੁਨੇਹਾ ਮਿਲਿਆ ਕਿ ਰਾਜ-ਸਰਪ੍ਰਸਤ ਜੋਹਾਨਸਬਰਗ ਆ ਰਿਹਾ ਸੀ ਅਤੇ ਉਹ ਨੈਲਸਨ ਨੂੰ ਮਿਲਣਾ ਚਾਹੁੰਦਾ ਸੀ। ਇਹ ਸੁਣ ਕੇ ਨੈਲਸਨ ਇਕ ਵਾਰ ਤਾਂ ਥੋੜ੍ਹਾ ਡਰ ਜਿਹਾ ਗਿਆ ਸੀ ਪਰ ਹੁਣ ਨੈਲਸਨ ਆਪ ਵੀ ਰਾਜ-ਸਰਪ੍ਰਸਤ ਨੂੰ ਮਿਲਣਾ ਚਾਹੁੰਦਾ ਸੀ।

ਰਾਜ-ਸਰਪ੍ਰਸਤ ਅਤੇ ਨੈਲਸਨ ਲੰਮੇ ਸਮੇਂ ਬਾਅਦ ਮਿਲਕੇ ਬਹੁਤ ਖ਼ੁਸ਼ ਹੋਏ। ਨੈਲਸਨ ਸੋਚਦਾ ਸੀ ਕਿ ਰਾਜ-ਸਰਪ੍ਰਸਤ ਉਸ ਨੂੰ ਦੁਬਾਰਾ ਵਾਪਿਸ ਜਾਣ ਲਈ ਜ਼ੋਰ ਪਾਵੇਗਾ ਪਰ ਰਾਜ-ਸਰਪ੍ਰਸਤ ਨੇ ਉਸ ਨੂੰ ਇਕ ਵਾਰ ਵੀ ਵਾਪਿਸ ਜਾਣ ਲਈ ਨਹੀਂ ਕਿਹਾ ਅਤੇ ਨਾ ਹੀ ਰਾਜ-ਸਰਪ੍ਰਸਤ ਨੂੰ ਨੈਲਸਨ ਨਾਲ ਹੁਣ ਕੋਈ ਗੁੱਸਾ ਸੀ। ਉਸ ਨੇ ਨੈਲਸਨ ਨੂੰ ਉਸ ਦੇ ਚੁਣੇ ਹੋਏ ਰਾਹ ’ਤੇ ਕਦਮ ਵਧਾਉਂਣ ਤੋਂ ਬਿਲਕੁਲ ਨਹੀਂ ਵਰਜਿਆ ਪਰ ਉਹ ਜਸਟਿਸ ਨੂੰ ਜ਼ਰੂਰ ਆਪਣੇ ਨਾਲ ਵਾਪਸ ਲੈ ਜਾਣਾ ਚਾਹੁੰਦਾ ਸੀ।

1942 ’ਚ ਨੈਲਸਨ ਖਾਣ ਮੈਨੇਜਰ ਮਿਸਟਰ ਫੈਸਟਾਈਲ ਦੀ ਮਦਦ ਸਦਕਾ ਜੋਹਾਨਸਬਰਗ ਦੇ ਨਜ਼ਦੀਕ ਰਹਿਣ ਅਤੇ ਪੈਸੇ ਬਚਾਉਣ ਦੇ ਇਰਾਦੇ ਨਾਲ ਵਿਟਵਾਟਰਸਰੈਂਡ ਮੂਲ ਮਜ਼ਦੂਰ ਸੰਘ (WNLA) ’ਚ ਰਹਿਣ ਲਈ ਚਲਾ ਗਿਆ।
ਜੋਹਾਨਸਬਰਗ ਯਾਤਰਾ ਤੋਂ ਲਗਭਗ ਛੇ ਕੁ ਮਹੀਨੇ ਬਾਅਦ 1942 ’ਚ ਰਾਜ-ਪ੍ਰਸਤ ਦੀ ਮੌਤ ਹੋ ਗਈ। ਨੈਲਸਨ ਤੇ ਜਸਟਿਸ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਕਾਫ਼ੀ ਦੁੱਖ ਲੱਗਾ। ਉਹ ਦੋਵੇਂ ਜਲਦੀ ਜਲਦੀ ਮਕ੍ਰੇਕੇਜ਼੍ਵੇਨੀ ਰਾਜ-ਸਰਪ੍ਰਸਤ ਦੇ ਅੰਤਿਮ ਸੰਸਕਾਰ ’ਤੇ ਪਹਚੇ।

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-2)

ਰਾਜ-ਸਰਪ੍ਰਸਤ ਦੀ ਮੌਤ ਤੋਂ ਬਾਅਦ ਜਸਟਿਸ ਨੇ ਰਾਜ-ਭਾਗ ਸੰਭਾਲਣਾ ਸੀ। ਇਸ ਲਈ ਉਸਨੇ ਮਕ੍ਰੇਕੇਜ਼੍ਵੇਨੀ ਹੀ ਰਹਿਣਾ ਸੀ ਪਰ ਨੈਲਸਨ ਰਾਜ-ਸਰਪ੍ਰਸਤ ਦੇ ਅੰਤਿਮ ਸੰਸਕਾਰ ਤੋਂ ਕੁਝ ਦਿਨ ਬਾਅਦ ਫਿਰ ਵਾਪਿਸ ਸ਼ਹਿਰ ਪਰਤ ਆਇਆ ਸੀ।

1942 ਦੇ ਅਖ਼ੀਰ ’ਚ ਨੈਲਸਨ ਨੇ ਬੀ.ਏ. ਦਾ ਇਮਤਿਹਾਨ ਪਾਸ ਕਰ ਲਿਆ ਸੀ। ਹੁਣ ਉਸਨੇ ਉਹ ਦਰਜਾ ਪਾਸ ਕਰ ਲਿਆ ਸੀ ਜਿਸ ਬਾਰੇ ਉਹ ਕਦੀ ਸੋਚਦਾ ਹੁੰਦਾ ਸੀ ਕਿ ਇਹ ਬਹੁਤ ਉੱਚਾ ਦਰਜਾ ਹੁੰਦਾ ਹੈ ਪਰ ਹੁਣ ਉਸਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਡਿਗਰੀ ਆਪਣੇ ਆਪ ’ਚ ਕੋਈ ਜਾਦੂ ਦੀ ਛੜੀ ਨਹੀਂ। ਨੈਲਸਨ ਨੂੰ ਗਾਉਰ ਦਾ ਵਿਚਾਰ ਅਕਸਰ ਚੇਤੇ ਆ ਜਾਂਦਾ ਕਿ, “ਸਿੱਖਿਆ ਚੰਗੀ ਚੀਜ਼ ਹੈ ਪਰ ਜੇ ਅਸੀਂ ਕੇਵਲ ਸਿੱਖਿਆ ਦੇ ਸਹਾਰੇ ਹੀ ਆਜ਼ਾਦੀ ਹਾਸਿਲ ਕਰਨੀ ਹੋਵੇ ਤਾਂ ਹਜ਼ਾਰਾਂ ਸਾਲ ਲੱਗ ਜਾਣਗੇ ਕਿਉਂਕਿ ਅਸੀਂ ਗ਼ਰੀਬ ਹਾਂ ਅਤੇ ਸਾਡੇ ਕੋਲ ਬਹੁਤ ਘੱਟ ਅਧਿਆਪਕ ਹੋਣਗੇ ਅਤੇ ਇਸ ਤੋਂ ਵੀ ਘੱਟ ਸਕੂਲ। ਸਾਡੇ ਕੋਲ ਆਪਣੇ ਆਪ ਨੂੰ ਸਿੱਖਿਅਤ ਕਰਨ ਦੀ ਸਮਰੱਥਾ ਹੀ ਨਹੀਂ ਹੈ।”

ਗਾਉਰ ਦੇ ਵਿਚਾਰ ਨੈਲਸਨ ਨੂੰ ਕਾਫ਼ੀ ਪ੍ਰਭਾਵਿਤ ਕਰਦੇ। ਗਾਉਰ ਦੇ ਵਿਚਾਰਾਂ ਸਦਕਾ ਹੀ ਨੈਲਸਨ ਦੇ ਕਾਫ਼ੀ ਭਰਮ ਟੁੱਟੇ, ਜੋ ਉਹ ਆਪਣੀ ਕਾਲਜ ਦੀ ਪੜ੍ਹਾਈ ਸਮੇਂ ਤੋਂ ਪਾਲੀ ਬੈਠਾ ਸੀ। ਗਾਉਰ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਅਫ਼ਰੀਕਾ ਵਿਚ ਤਬਦੀਲੀ ਦਾ ਇਕੋ ਇਕ ਸਾਧਨ ਅਫ਼ਰੀਕਨ ਨੈਸ਼ਨਲ ਕਾਂਗਰਸ ਸੀ। ਜਿਸਦੀ ਸਥਾਪਨਾ 1912 ’ਚ ਹੋਈ ਸੀ। ਇਸਦਾ ਸੰਵਿਧਾਨ ਰੰਗ-ਭੇਦ ਦਾ ਵਿਰੋਧ ਕਰਦਾ ਸੀ।

4. 1943 ’ਚ ਨੈਲਸਨ ਤੇ ਗਾਉਰ ਨੇ ਲਗਭਲ 10 ਹਜ਼ਾਰ ਵਿਅਕਤੀਆਂ ਸਮੇਤ ਅਲੈਗਜ਼ੈਂਡਰਾ ਬੱਸ ਬਾਈਕਾਟ ਦੇ ਹੱਕ ’ਚ ਮਾਰਚ ਕੀਤਾ ਸੀ। ਇਹ ਨੈਲਸਨ ਦੀ ਪਹਿਲੀ ਵੱਡੀ ਰੋਸ ਰੈਲੀ ’ਚ ਸ਼ਮੂਲੀਅਤ ਦਾ ਸਮਾਂ ਸੀ। ਬਸ ਕਿਰਾਇਆ ਚਾਰ ਪੈਸੇ ਤੋਂ ਪੰਜ ਪੈਸੇ ਕੀਤੇ ਜਾਣ ਦੇ ਵਿਰੋਧ ’ਚ ਭਾਰੀ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ਨੇ ਨੈਲਸਨ ’ਤੇ ਬਹੁਤ ਡੂੰਘਾ ਅਸਰ ਪਾਇਆ। ਇਸ ਰੋਸ ਮਾਰਚ ਤੋਂ ਬਾਅਦ ਨੈਲਸਨ ਇਕ ਮੂਕ ਦਰਸ਼ਕ ਤੋਂ ਕਾਰਜਕਰਤਾ ਬਣ ਗਿਆ ਸੀ। ਨੌਂ ਦਿਨ ਬੱਸਾਂ ਖਾਲੀ ਹੀ ਚਲਦੀਆਂ ਰਹੀਆਂ ਅਖ਼ੀਰ ਕੰਪਨੀ ਨੂੰ ਕਿਰਾਇਆ ਘਟਾਉਣਾ ਪਿਆ ਸੀ।

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-3)

ਗਾਉਰ ਅਤੇ ਵਾਲਟਰ ਨਾਲ ਦੋਸਤੀ ਦੇ ਅਸਰ ਹੇਠ ਨੈਲਸਨ ਹੁਣ ਮਹਿਸੂਸ ਕਰਨ ਲੱਗ ਪਿਆ ਸੀ ਕਿ ਉਸਦੇ ਫ਼ਰਜ਼ ਕਿਸੇ ਇਲਾਕੇ ਵਿਸ਼ੇਸ਼ ਦੇ ਲੋਕਾਂ ਪ੍ਰਤੀ ਹੀ ਨਹੀਂ ਬਲਕਿ ਸਮੁੱਚੇ ਅਫ਼ਰੀਕੀ ਲੋਕਾਂ ਪ੍ਰਤੀ ਹਨ। ਹੁਣ ਨੈਲਸਨ ਆਪਣੀ ਜ਼ਿੰਦਗੀ ਤੇ ਪਰਿਵਾਰਿਕ ਸੁੱਖ ਸਹੂਲਤਾਂ ਬਾਰੇ ਸੋਚਣ ਨੂੰ ਛੱਡ ਕੇ ਸਮੁੱਚੇ ਦੇਸ਼ ਦੀਆਂ ਸੁੱਖ-ਸਹੂਲਤਾਂ ਬਾਰੇ ਸੋਚਣ ਲੱਗਾ ਸੀ।

ਜੋਹਾਨਸਬਰਗ ’ਚ ਆਮ ਸਮਝ ਅਤੇ ਵਾਸਤਵਿਕ ਜੀਵਨ ਦੇ ਤਜ਼ਰਬਿਆਂ ਨੂੰ ਮਹਿਜ਼ ਵਿਦਿਅਕ ਯੋਗਤਾਵਾਂ ਨਾਲੋਂ ਵਧੇਰੇ ਮਹੱਤਵਪੂਰਨ ਸਮਝਿਆ ਜਾਂਦਾ ਸੀ। ਨੈਲਸਨ ਵੀ ਹੁਣ ਕੁਝ ਏਸੇ ਤਰ੍ਹਾਂ ਦੀ ਸੋਚ ਦਾ ਧਾਰਨੀ ਬਣਦਾ ਜਾ ਰਿਹਾ ਸੀ। ਉਹ ਸੋਚਦਾ ਕਿ ਉਸਨੇ ਹੁਣ ਤੱਕ ਜੋ ਕਾਲਜਾਂ, ਯੂਨੀਵਰਸਿਟੀਆਂ ’ਚ ਸਿੱਖਿਆ ਪ੍ਰਾਪਤ ਕੀਤੀ ਹੈ, ਉਹ ਕਿੰਨੀ ਕੁ ਵਾਸਤਵਿਕ ਅਤੇ ਯਥਾਰਥਿਕ ਸੀ। ਇਸ ਤਰ੍ਹਾਂ ਹੁਣ ਨੈਲਸਨ ਦੀ ਸਿੱਖਿਆ ਪ੍ਰਤੀ ਉਹ ਵਿਚਾਰਧਾਰਾ ਜੋ ਉਸਦੀ ਪਹਿਲਾਂ ਸੀ, ਬਦਲਦੀ ਜਾ ਰਹੀ ਸੀ। ਇਹ ਸਭ ਉਸਨੂੰ ਜੋਹਾਨਸਬਰਗ ’ਚ ਰਹਿ ਕੇ ਹੀ ਸਮਝ ਆਉਣ ਲੱਗਾ ਸੀ। ਨਸਲੀ ਭੇਦ ਦੇ ਖ਼ਾਤਮੇ ਬਾਰੇ ਕਦੇ ਵੀ ਕਾਲਜਾਂ, ਯੂਨੀਵਰਸਿਟੀਆਂ ਦੀ ਸਿੱਖਿਆ ’ਚ ਦੱਸਿਆ ਨਹੀਂ ਜਾਂਦਾ ਸੀ ਕਿ ਇਸ ਨੂੰ ਕਿਵੇਂ ਖ਼ਤਮ ਕਰਨਾ ਹੈ। ਇਹ ਸਭ ਨੈਲਸਨ ਨੇ ਜੋਹਾਨਸਬਰਗ ਸ਼ਹਿਰ ’ਚ ਠੋਕਰਾਂ ਖਾ-ਖਾ ਕੇ ਹੀ ਸਿਖਣਾ ਸੀ ਤੇ ਹੁਣ ਤੱਕ ਕਾਫ਼ੀ ਸਿੱਖ ਗਿਆ ਸੀ।

1943 ਦੇ ਸ਼ੁਰੂ ’ਚ ਹੀ ਨੈਲਸਨ ਨੇ ਵਿਟਵਾਟਰਸਰੈਂਡ ਯੂਨੀਵਰਸਿਟੀ ’ਚ ਕਾਨੂੰਨ ਦੀ ਡਿਗਰੀ ਹਾਸਲ ਕਰਨ ਲਈ ਦਾਖਲਾ ਲੈ ਲਿਆ। ਉਸ ਸਮੇਂ ਕਾਲੇ ਲੋਕ ਤਾਂ ਨਾ ਦੇ ਬਰਾਬਰ ਹੀ ਵਕੀਲ ਸਨ। ਨੈਲਸਨ ਚਾਹੁੰਦਾ ਸੀ ਕਿ ਗੋਰੇ ਵਕੀਲ ਅਫ਼ਰੀਕੀਆਂ ਦੇ ਮੁਕੱਦਮੇ ਸਹੀ ਤਰ੍ਹਾਂ ਨਹੀਂ ਲੜਦੇ ਇਸ ਲਈ ਅਫ਼ਰੀਕੀਆਂ ਨੂੰ ਹੀ ਵਕੀਲ ਬਣਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਲੋਕਾਂ ਦੀਆਂ ਮੰਗਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਉਨ੍ਹਾਂ ਲਈ ਲੜ ਸਕੇ। ਗੋਰੇ ਵਕੀਲ ਅਫ਼ਰੀਕਨਾਂ ਨੂੰ ਮੁਕੱਦਮੇ ਸਮੇਂ ਤੰਗ ਤਾਂ ਕਰਦੇ ਹੀ ਸਨ ਤੇ ਪੈਸੇ ਵੀ ਜ਼ਿਆਦਾ ਲੈ ਲੈਂਦੇ। ਇਸ ਲਈ ਅਫ਼ਰੀਕਨਾਂ ਲਈ ਨਿਆਂ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ।


author

rajwinder kaur

Content Editor

Related News