ਲਾਪ੍ਰਵਾਹੀ : ਜਣੇਪੇ ਦੌਰਾਨ ਸਟਾਫ ਨਰਸ ਨੇ ਬੱਚੇਦਾਨੀ ਸਮੇਤ ਕੱਢੀਆਂ ਨਾੜਾਂ, ਮੌਤ
Sunday, Apr 22, 2018 - 03:14 AM (IST)
ਅੰਮ੍ਰਿਤਸਰ, (ਦਲਜੀਤ)- ਸਰਕਾਰੀ ਸੈਟੇਲਾਈਟ ਹਸਪਤਾਲ ਢਾਬ ਖਟੀਕਾ ਦੇ ਸਟਾਫ ਦੀ ਲਾਪ੍ਰਵਾਹੀ ਕਾਰਨ ਇਕ ਗਰਭਵਤੀ ਔਰਤ ਨੂੰ ਮੌਤ ਦਾ ਸ਼ਿਕਾਰ ਹੋਣਾ ਪਿਆ। ਹਸਪਤਾਲ ਦੀਆਂ ਸਟਾਫ ਨਰਸਾਂ ਨੇ ਗਾਇਨੀ ਡਾਕਟਰ ਦੀ ਗੈਰ-ਮੌਜੂਦਗੀ 'ਚ ਗਰਭਵਤੀ ਦੇ ਜਣੇਪੇ ਦੌਰਾਨ ਬੱਚੇਦਾਨੀ ਸਮੇਤ ਨਾੜਾਂ ਹੀ ਬਾਹਰ ਕੱਢ ਦਿੱਤੀਆਂ। ਨਰਸਾਂ ਨੇ ਮੌਕਾ ਸੰਭਾਲਣ ਦੀ ਬਜਾਏ ਜਿਥੇ ਖੂਨ ਨਾਲ ਲਥਪਥ ਔਰਤ ਸਮੇਤ ਬੱਚੇਦਾਨੀ ਅਤੇ ਨਾੜਾਂ ਨੂੰ ਚਾਦਰ ਵਿਚ ਬੰਨ੍ਹ ਕੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ 'ਚ ਰੈਫਰ ਕਰ ਦਿੱਤਾ, ਉਥੇ ਹੀ ਬੱਚੇ ਨੂੰ ਤਾਂ ਡਾਕਟਰਾਂ ਵੱਲੋਂ ਭਾਰੀ ਮੁਸ਼ੱਕਤ ਤੋਂ ਬਚਾਅ ਲਿਆ ਗਿਆ ਪਰ ਔਰਤ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀ ਇੰਚਾਰਜ ਅਤੇ ਸਟਾਫ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਥਾਣਾ ਲਾਹੌਰੀ ਗੇਟ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਲਵਲੀ (25) ਪਤਨੀ ਸਾਗਰ ਵਾਸੀ ਫਤਿਹ ਸਿੰਘ ਕਾਲੋਨੀ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ, ਪਿਛਲੇ 9 ਮਹੀਨਿਆਂ ਤੋਂ ਲਵਲੀ ਸਰਕਾਰੀ ਸੈਟੇਲਾਈਟ ਹਸਪਤਾਲ ਢਾਬ ਖਟੀਕਾ ਵਿਖੇ ਡਾ. ਭਾਰਤੀ ਤੋਂ ਆਪਣਾ ਇਲਾਜ ਕਰਵਾ ਰਹੀ ਸੀ। ਮ੍ਰਿਤਕਾ ਦੇ ਪਤੀ ਸਾਗਰ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪਤਨੀ ਦਾ ਰੁਟੀਨ ਚੈੱਕਅਪ ਕਰਵਾਉਣ ਲਈ ਡਾਕਟਰ ਭਾਰਤੀ ਕੋਲ ਹਸਪਤਾਲ ਵਿਚ ਆਏ, ਜਿਨ੍ਹਾਂ ਨੇ ਚੈੱਕਅਪ ਕਰ ਕੇ ਲਵਲੀ ਨੂੰ ਦਾਖਲ ਕਰ ਲਿਆ ਤੇ ਨਾਲ ਹੀ ਕਹਿ ਦਿੱਤਾ ਕਿ ਅੱਜ ਹੀ ਜਣੇਪਾ ਕਰਨਾ ਹੈ। ਉਨ੍ਹਾਂ ਕਿਹਾ ਕਿ ਬਾਅਦ ਦੁਪਹਿਰ ਤੱਕ ਮੇਰੀ ਪਤਨੀ ਬਿਲਕੁਲ ਨਾਰਮਲ ਸੀ, ਅਚਾਨਕ ਹੀ ਸਟਾਫ ਨੇ ਕਿਹਾ ਕਿ ਲਵਲੀ ਨੂੰ ਲੇਬਰ ਰੂਮ ਵਿਚ ਲੈ ਕੇ ਜਾਣਾ ਹੈ। ਕੁਝ ਹੀ ਸਮੇਂ ਬਾਅਦ ਲੇਬਰ ਰੂਮ ਵਿਚ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ ਅਤੇ ਸਟਾਫ ਨੇ ਬਾਹਰ ਆ ਕੇ ਕਹਿ ਦਿੱਤਾ ਕਿ ਲਵਲੀ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ, ਇਸ ਨੂੰ ਤੁਰੰਤ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਲੈ ਜਾਓ। ਸਾਗਰ ਨੇ ਕਿਹਾ ਕਿ ਜਦੋਂ ਉਸ ਨੇ ਲੇਬਰ ਰੂਮ ਵਿਚ ਜਾ ਕੇ ਦੇਖਿਆ ਤਾਂ ਲਵਲੀ ਦੀ ਬੱਚੇਦਾਨੀ ਅਤੇ ਨਾੜਾਂ ਬਾਹਰ ਲਮਕ ਰਹੀਆਂ ਸਨ ਅਤੇ ਬਹੁਤ ਜ਼ਿਆਦਾ ਖੂਨ ਵਗ ਰਿਹਾ ਸੀ। ਸਟਾਫ ਨਰਸਾਂ ਨੇ ਆਪਣੇ ਸੀਨੀਅਰ ਡਾਕਟਰਾਂ ਨੂੰ ਫੋਨ ਵੀ ਕੀਤੇ ਪਰ ਕੋਈ ਵੀ ਮੌਕੇ 'ਤੇ ਨਹੀਂ ਪੁੱਜਾ।
ਐਂਬੂਲੈਂਸ ਵੀ 2 ਘੰਟੇ ਬਾਅਦ ਹਸਪਤਾਲ ਆਈ, ਜਿਥੇ ਸਟਾਫ ਨੇ ਲਵਲੀ ਨੂੰ ਖੂਨ ਨਾਲ ਲਥਪਥ ਬੱਚੇਦਾਨੀ ਅਤੇ ਨਾੜਾਂ ਸਮੇਤ ਇਕ ਚਾਦਰ ਵਿਚ ਬੰਨ੍ਹ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਸਾਗਰ ਅਨੁਸਾਰ ਬੇਬੇ ਨਾਨਕੀ ਹਸਪਤਾਲ 'ਚ ਡਾਕਟਰਾਂ ਨੇ ਜੱਚਾ-ਬੱਚਾ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਥੇ ਵੀ ਲਵਲੀ ਦਾ ਖੂਨ ਬੰਦ ਨਹੀਂ ਹੋ ਰਿਹਾ ਸੀ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਸਾਗਰ ਨੇ ਕਿਹਾ ਕਿ ਉਸ ਦੀ ਪਤਨੀ ਦੀ ਮੌਤ ਦੀ ਜ਼ਿੰਮੇਵਾਰ ਡਾ. ਭਾਰਤੀ ਹੈ, ਜਿਸ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਾ ਨਿਭਾਅ ਕੇ ਉਸ ਦੀ ਪਤਨੀ ਨੂੰ ਮਾਰ ਦਿੱਤਾ, ਜੇਕਰ ਡਾ. ਭਾਰਤੀ ਸਮੇਂ ਸਿਰ ਹਸਪਤਾਲ ਆ ਜਾਂਦੇ ਤਾਂ ਉਸ ਦੀ ਪਤਨੀ ਦੀ ਜਾਨ ਬਚ ਸਕਦੀ ਸੀ। ਪੀੜਤ ਪਰਿਵਾਰ ਨੇ ਲਾਹੌਰੀ ਗੇਟ ਥਾਣੇ ਵਿਖੇ ਡਾ. ਭਾਰਤੀ ਖਿਲਾਫ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।
ਪਿਉ ਦੇ ਸਹਾਰੇ ਛੱਡ ਗਈ ਇਕ ਦਿਨ ਦੇ ਬੱਚੇ ਨੂੰ
ਲਵਲੀ ਦੀ ਮੌਤ ਤੋਂ ਬਾਅਦ ਫਤਿਹ ਸਿੰਘ ਕਾਲੋਨੀ 'ਚ ਸ਼ੋਕ ਦੀ ਲਹਿਰ ਦੌੜ ਗਈ। ਕਾਲੋਨੀ ਦੇ ਵਸਨੀਕ ਵੱਡੀ ਸੰਖਿਆ ਵਿਚ ਸਾਗਰ ਦੇ ਘਰ ਅਫਸੋਸ ਕਰਨ ਲਈ ਪੁੱਜ ਰਹੇ ਸਨ। ਸਾਗਰ ਦੇ ਘਰ 'ਚ ਚੀਕ-ਚਿਹਾੜਾ ਪਿਆ ਹੋਇਆ ਸੀ। ਲੋਕ ਕਹਿ ਰਹੇ ਸਨ ਕਿ ਪਿਉ ਦੇ ਸਹਾਰੇ ਲਵਲੀ ਕਿਥੇ ਤੁਰ ਗਈ ਆਪਣੇ ਇਕ ਦੇ ਦਿਨ ਲਾਲ ਨੂੰ ਛੱਡ ਕੇ। ਸਾਗਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ।
ਲਵਲੀ ਨੇ ਸਜਾਏ ਸਨ ਪੁੱਤ ਲਈ ਕਈ ਸੁਪਨੇ
ਸਾਗਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲਵਲੀ ਨੇ ਆਪਣੀ ਕੁੱਖ 'ਚ ਪਲ ਰਹੇ ਬੱਚੇ ਦੀ ਪਹਿਲਾਂ ਹੀ ਮੁੰਡੇ ਹੋਣ ਦੀ ਗੱਲ ਕਹੀ ਸੀ। ਆਪਣੇ ਪਹਿਲੇ ਬੱਚੇ ਦੇ ਜਨਮ ਨੂੰ ਲੈ ਕੇ ਲਵਲੀ ਦੇ ਦਿਲ ਵਿਚ ਕਾਫੀ ਅਰਮਾਨ ਸਨ। ਉਹ ਅਕਸਰ ਹੀ ਕਿਹਾ ਕਰਦੀ ਸੀ ਕਿ ਮੇਰਾ ਪੁੱਤ ਵੱਡਾ ਹੋ ਕੇ ਸਾਡੇ ਜਿਊਣ ਦਾ ਸਹਾਰਾ ਬਣੇਗਾ ਅਤੇ ਵੱਡਾ ਅਫਸਰ ਬਣ ਕੇ ਮਾਂ-ਪਿਉ ਦਾ ਨਾਂ ਰੌਸ਼ਨ ਕਰੇਗਾ ਪਰ ਕਿਸੇ ਨੂੰ ਕੀ ਪਤਾ ਸੀ ਕਿ ਸੁਪਨੇ ਸਜਾਉਣ ਵਾਲੀ ਮਾਂ ਹੀ ਆਪਣੇ ਬੱਚੇ ਲਈ ਜ਼ਿੰਦਗੀ ਵਿਚ ਸੁਪਨਾ ਬਣ ਕੇ ਰਹਿ ਜਾਵੇਗੀ।
ਪੋਸਟਮਾਰਟਮ ਲਈ 6 ਘੰਟੇ ਤਰਸਦਾ ਰਿਹਾ ਪਰਿਵਾਰ
ਲਵਲੀ ਦੇ ਪੋਸਟਮਾਰਟਮ ਲਈ ਪੀੜਤ ਪਰਿਵਾਰ ਨੂੰ ਅੱਜ ਸਿਵਲ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਕਾਫੀ ਪ੍ਰੇਸ਼ਾਨ ਕੀਤਾ ਗਿਆ। ਸਿਵਲ ਹਸਪਤਾਲ ਨੇ ਢਾਈ ਘੰਟੇ ਉਡੀਕ ਕਰਵਾਉਣ ਤੋਂ ਬਾਅਦ ਪੀੜਤ ਪਰਿਵਾਰ ਨੂੰ ਸਪੱਸ਼ਟ ਕਹਿ ਦਿੱਤਾ ਕਿ ਇਥੇ ਪੋਸਟਮਾਰਟਮ ਨਹੀਂ ਹੋਣਾ, ਤੁਸੀਂ ਮੈਡੀਕਲ ਕਾਲਜ ਚਲੇ ਜਾਓ। ਜਦੋਂ ਪੀੜਤ ਪਰਿਵਾਰ ਮੈਡੀਕਲ ਕਾਲਜ ਗਿਆ ਤਾਂ ਉਥੇ ਵੀ ਘੰਟਿਆਂਬੱਧੀ ਡਾਕਟਰਾਂ ਵੱਲੋਂ ਪੋਸਟਮਾਰਟਮ ਲਈ ਪਰਿਵਾਰਕ ਮੈਂਬਰਾਂ ਨੂੰ ਉਡੀਕ ਕਰਵਾਈ ਗਈ ਅਤੇ ਕਾਫੀ ਸਮੇਂ ਤੋਂ ਬਾਅਦ ਲਵਲੀ ਦਾ ਪੋਸਟਮਾਰਟਮ ਕੀਤਾ ਗਿਆ।
