ਹੁਣ ''ਐੱਨ. ਸੀ. ਸੀ''. ਦੀ ਪੜ੍ਹਾਈ ਹੋਵੇਗੀ ਯੂਨੀਵਰਸਿਟੀ ’ਚ ਕੋਰਸ ਦਾ ਹਿੱਸਾ
Tuesday, Apr 20, 2021 - 10:44 AM (IST)
ਲੁਧਿਆਣਾ (ਵਿੱਕੀ) : ਵਿਦਿਆਰਥੀਆਂ ’ਚ ਅਨੁਸ਼ਾਸਨ, ਚਰਿੱਤਰ ਨਿਰਮਾਣ ਅਤੇ ਬਿਨਾਂ ਸਵਾਰਥ ਸੇਵਾ ਭਾਵ ਪੈਦਾ ਕਰਨ ਲਈ ਯੂਨੀਵਰਸਿਟੀਆਂ ਵਿਚ ਐੱਨ. ਸੀ. ਸੀ. ਦੀ ਪੜ੍ਹਾਈ ਕੋਰਸ ਦਾ ਹਿੱਸਾ ਬਣ ਗਈ ਹੈ। ਯੂਨੀਵਰਸਿਟੀ ਅਤੇ ਕਾਲਜਾਂ ’ਚ ਇਲੈਕਟਿਵ ਵਿਸ਼ੇ ਵਾਂਗ ਵਿਦਿਆਰਥੀਆਂ ਨੂੰ ਐੱਨ. ਸੀ. ਸੀ. ਪੜ੍ਹਨ ਨੂੰ ਮਿਲੇਗੀ। ਥਿਊਰੀ ਅਤੇ ਪ੍ਰੈਕਟੀਕਲ ਦੇ ਘੰਟੇ ਤੈਅ ਕੀਤੇ ਜਾਣਗੇ। ਵਿਦਿਆਰਥੀਆਂ ਵੱਲੋਂ ਪ੍ਰਾਪਤ ਕੈਡਿਟ-ਬੀ ਅਤੇ ਸੀ ਸਰਟੀਫਿਕੇਟ ਲਈ ਨੰਬਰ ਜੁੜਨਗੇ।
ਨਵੀਂ ਸਿੱਖਿਆ ਨੀਤੀ ਵਿਚ ਵੀ ਐੱਨ. ਸੀ. ਸੀ. ਨੂੰ ਬਤੌਰ ਕੋਰਸ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਡਾਇਰੈਕਟਰ ਜਨਰਲ ਐੱਨ. ਸੀ. ਸੀ. ਨੇ ਕੋਰਸ ਤਿਆਰ ਕਰਦੇ ਹੋਏ ਯੂ. ਜੀ. ਸੀ. ਨੂੰ ਭੇਜਿਆ, ਜਿਸ ਨੂੰ ਹੁਣ ਕੁਲਪਤੀਆਂ ਨੂੰ ਭੇਜਿਆ ਗਿਆ ਹੈ। ਕੋਰਸ ਚੁਆਇਸ ਬੇਸਡ ਕ੍ਰੈਡਿਟ ਸਿਸਟਮ ਮਤਲਬ ਸੀ. ਬੀ. ਸੀ. ਐੱਸ. ਮੋਡ ਵਿਚ ਰਹੇਗਾ। ਨਿਰਦੇਸ਼ਾਂ ਮੁਤਾਬਕ ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਕਾਲਜ ਨਿੱਜੀ ਯੂਨੀਵਰਸਿਟੀ ਅਤੇ ਆਟੋਨਾਮਸ ਯੂਨੀਵਰਸਿਟੀ ਵਿਚ ਜਿੱਥੇ ਵੀ ਇਸ ਸਮੇਂ ਐੱਨ. ਸੀ. ਸੀ. ਯੂਨਿਟ ਹਨ, ਉਥੇ ਇਹ ਕੋਰਸ ਚੱਲੇਗਾ। ਕੋਰਸ ਵਿਚ ਥਿਊਰੀ ਅਤੇ ਟ੍ਰੇਨਿੰਗ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋਵੇਗੀ।