ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਦਾ ਵਿਚਾਲੇ ਲਟਕਿਆ ਨਿਰਮਾਣ ਕੰਮ
Wednesday, Sep 20, 2017 - 01:49 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ 'ਤੇ ਸਥਿਤ ਨਗਰ ਪੰਚਾਇਤਾਂ ਦੇ ਆਗੂਆਂ ਤੇ ਆਮ ਲੋਕਾਂ ਨੇ ਅੱਜ ਬਲਾਕ ਸਮਿਤੀ ਨਵਾਂਸ਼ਹਿਰ ਦੇ ਸਾਬਕਾ ਚੇਅਰਮੈਨ ਹਰਬੰਸ ਲਾਲ ਦੀ ਪ੍ਰਧਾਨਗੀ 'ਚ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਦੀ ਤੁਰੰਤ ਰਿਪੇਅਰ ਕਰਵਾਉਣ ਦੀ ਮੰਗ ਕੀਤੀ ਹੈ। ਵਫ਼ਦ ਦੀ ਅਗਵਾਈ ਕਰ ਰਹੇ ਚੇਅਰਮੈਨ ਹਰਬੰਸ ਲਾਲ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਇੰਨੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਨਿਰਮਾਣ ਕੰਮ ਅੱਧ-ਵਿਚਾਲੇ ਲਟਕ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ਸਤਾ ਹਾਲਤ ਸੜਕ ਕਾਰਨ ਜਿਥੇ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ, ਸੰਭਾਵਿਤ ਸੜਕ ਹਾਦਸਿਆਂ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ, ਉਥੇ ਹੀ ਸੜਕ ਤੋਂ ਗੁਜ਼ਰਦੇ ਸਮੇਂ ਉੱਡਣ ਵਾਲੀ ਧੂੜ-ਮਿੱਟੀ ਸਿਹਤ ਸਮੱਸਿਆ ਨੂੰ ਜਨਮ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜ਼ਿਲਾ ਪ੍ਰਸ਼ਾਸਨ ਨੂੰ ਕਈ ਵਾਰ ਸੜਕ ਦਾ ਨਿਰਮਾਣ ਕੰਮ ਪੂਰਾ ਕਰਨ ਦੀ ਗੁਹਾਰ ਲਗਾਈ ਜਾ ਚੁੱਕੀ ਹੈ, ਜਿਸਨੂੰ ਪ੍ਰਸ਼ਾਸਨ ਵੱਲੋਂ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਇਸ ਪਾਸੇ ਧਿਆਨ ਨਹੀਂ ਦਿੱਤਾ ਤਾਂ ਇਸ ਮਾਰਗ 'ਤੇ ਪੈਂਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਜ਼ਿਲਾ ਪ੍ਰਸ਼ਾਸਨ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਸਾਬਕਾ ਚੇਅਰਮੈਨ ਨੇ ਦੱਸਿਆ ਕਿ 25 ਸਤੰਬਰ ਨੂੰ ਮਹਿੰਦੀਪੁਰ ਚੌਕ 'ਚ ਰੋਸ ਧਰਨੇ ਦਾ ਆਯੋਜਨ ਪ੍ਰਸ਼ਾਸਨ ਨੂੰ ਜਗਾਉਣ ਲਈ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ, ਜਤਿੰਦਰ, ਕਾਮਰੇਡ ਮੁਕੰਦ ਲਾਲ, ਹੁਸਨ ਲਾਲ, ਹਰਜੀਤ ਸਿੰਘ, ਬਲਜੀਤ ਸਿੰਘ, ਹਰਮੇਸ਼ ਲਾਲ, ਸੋਮਨਾਥ, ਨੰਬਰਦਾਰ ਦੇਸਰਾਜ ਬਾਲੀ, ਕੁਲਦੀਪ ਸਿੰਘ, ਸਤਨਾਮ ਸਿੰਘ, ਗਿਆਨ ਸਿੰਘ, ਜਤਿੰਦਰ ਤੇ ਬਿੰਦਰ ਆਦਿ ਹਾਜ਼ਰ ਸਨ।