ਮਨੀਸ਼ ਤਿਵਾੜੀ ਬਾਰੇ ਇਤਰਾਜ਼ਯੋਗ ਪ੍ਰਚਾਰ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਦਰਜ

Friday, May 03, 2019 - 11:48 AM (IST)

ਮਨੀਸ਼ ਤਿਵਾੜੀ ਬਾਰੇ ਇਤਰਾਜ਼ਯੋਗ ਪ੍ਰਚਾਰ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਦਰਜ

ਨਵਾਂਸ਼ਹਿਰ ( ਸੱਜਨ ਸੈਣੀ ) - ਕਾਂਗਰਸੀ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਸੋਸ਼ਲ ਮੀਡੀਆ 'ਤੇ ਝੂਠਾ ਤੇ ਇਤਰਾਜ਼ਯੋਗ ਪ੍ਰਚਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਭਾਰਤੀ ਚੋਣ ਕਮਿਸ਼ਨ ਤੇ ਪੰਜਾਬ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਅਨੁਸਾਰ ਵੀਡੀਓ 'ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਪ੍ਰੋ. ਵੀ.ਐੱਨ. ਤਿਵਾੜੀ ਦਿੱਲੀ 'ਚ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਸਨ ਤੇ ਉਨ੍ਹਾਂ ਨੇ ਦੰਗਾਕਾਰੀਆਂ ਨੂੰ ਆਪਣੇ ਪੈਟਰੋਲ ਪੰਪ ਤੋਂ ਪੈਟਰੋਲ ਸਪਲਾਈ ਕੀਤਾ ਸੀ। ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਅੱਤਵਾਦੀਆਂ ਨੇ ਦੰਗਿਆਂ ਤੋਂ 6 ਮਹੀਨੇ ਪਹਿਲਾਂ ਹੀ ਕਤਲ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਪਰਿਵਾਰ ਕੋਲ ਕਦੇ ਵੀ ਦੇਸ਼ ਦੇ ਕਿਸੇ ਵੀ ਹਿੱਸੇ 'ਚ ਪੈਟਰੋਲ ਪੰਪ ਨਹੀਂ ਰਿਹਾ। 

ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਇਸ ਵੀਡੀਓ ਕਲਿੱਪ ਨੂੰ ਫੈਲਾ ਰਹੇ ਹਨ। ਉਨ੍ਹਾਂ ਦੋਸ਼ ਲਾਏ ਕਿ ਉਨ੍ਹਾਂ ਖਿਲਾਫ਼ ਬਾਹਰੀ ਹੋਣ ਦੀ ਗੱਲ ਫੈਲਾਉਣ 'ਚ ਨਾਕਾਮਯਾਬ ਰਹੇ ਲੋਕ ਹੁਣ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਹਨ। ਤਿਵਾੜੀ ਨੇ ਟਵੀਟ ਰਾਹੀਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ 'ਚ ਉਨ੍ਹਾਂ ਦੇ ਵਿਰੋਧੀ ਬਹੁਤ ਗਲਤ ਤੇ ਦੁਖਦ ਪੱਧਰ 'ਤੇ ਹੇਠਾਂ ਡਿੱਗ ਚੁੱਕੇ ਹਨ। ਟਵਿੱਟਰ 'ਤੇ ਲਿਖਿਆ ਹੈ ਕਿ ਉਨ੍ਹਾਂ ਦੀ ਮਾਂ ਇਕ ਜੱਟ ਸਿੱਖ ਸਨ ਅਤੇ ਉਨ੍ਹਾਂ ਦੇ ਪਿਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਇਕ ਪ੍ਰੋਫੈਸਰ ਸਨ। ਮਾਂ ਪੀ.ਜੀ.ਆਈ. ਚੰਡੀਗੜ੍ਹ ਤੋਂ ਬਤੌਰ ਡੀਨ ਰਿਟਾਇਰ ਹੋਏ। ਅਸੀਂ ਆਰ.ਓ./ਐੱਸ.ਐੱਸ.ਪੀ. ਰੋਪੜ, ਸੀ.ਈ.ਸੀ. ਤੇ ਵਟਸਐਪ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਨੂੰ ਸ਼ਰਾਰਤੀ ਅਨਸਰਾਂ ਖਿਲਾਫ ਜਲਦ ਤੋਂ ਜਲ਼ਦ ਕਾਰਵਾਈ ਕਰਨੀ ਚਾਹੀਦੀ ਹੈ। ਮਨੀਸ਼ ਤਿਵਾੜੀ ਦੇ ਚੋਣ ਏਜੰਟ ਪਵਨ ਦੀਵਾਨ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ 'ਚ ਕਿਹਾ ਕਿ ਮਨੀਸ਼ ਤਿਵਾੜੀ ਦੇ ਅਕਸ ਨੂੰ ਖਰਾਬ ਕਰਨ ਲਈ ਇਹ ਸਭ ਕੀਤਾ ਗਿਆ ਹੈ। ਇਹ ਕਲਿੱਪ ਪੂਰੀ ਤਰ੍ਹਾਂ ਗਲਤ ਹੈ। ਇਸ ਕਲਿੱਪ ਦੇ ਪਸਾਰ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।


author

rajwinder kaur

Content Editor

Related News