ਵਾਹ ਨੀ ਸਰਕਾਰੇ! 25 ਸਾਲਾਂ 'ਚ ਨਵਾਂਸ਼ਹਿਰ ਨੂੰ ਮਿਲਿਆ 30ਵਾਂ ਡੀ.ਸੀ.
Wednesday, Jun 17, 2020 - 11:18 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ ਅਧਿਕਾਰੀਆਂ ਦੀ ਤਬਾਦਲਿਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹੀ ਹੈ। ਇਸ ਦਾ ਸਪੱਸ਼ਟ ਉਦਾਹਰਣ ਨਵੰਬਰ 1995 'ਚ ਹੋਂਦ 'ਚ ਆਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਰੀਬ 25 ਸਾਲਾਂ ਦੇ ਕਾਰਜਕਾਲ 'ਚ 30ਵਾਂ ਡਿਪਟੀ ਕਮਿਸ਼ਨਰ ਮਿਲਣਾ ਹੈ।
ਸਾਬਕਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ 17 ਜੁਲਾਈ, 2018 ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋ ਅਹੁਦਾ ਸੰਭਾਲਿਆ ਸੀ ਅਤੇ ਅਜੇ 2 ਸਾਲ ਦਾ ਕਾਰਜਕਾਲ ਵੀ ਪੂਰਾ ਨਹੀਂ ਹੋਇਆ ਸੀ ਕਿ ਸਰਕਾਰ ਨੇ 16 ਜੂਨ ਨੂੰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ। ਪੰਜਾਬ ਸਰਾਕਰ ਵੱਲੋਂ ਉੱਚ ਅਧਿਕਾਰੀਆਂ ਦਾ ਤਬਾਦਲਾ 3 ਸਾਲਾਂ ਬਾਅਦ ਕਰਨ ਦੀ ਨੀਤੀ ਦੇ ਉਲਟ ਹੋਣ ਵਾਲੇ ਇਨ੍ਹਾਂ ਤਬਾਦਲਿਆਂ ਕਾਰਨ ਅਧਿਕਾਰੀਆਂ 'ਚ ਹੀ ਨਹੀਂ ਸਗੋਂ ਆਮ ਲੋਕਾਂ 'ਚ ਵੀ ਗੱਲ ਦੀ ਚਰਚਾ ਰਹਿੰਦੀ ਹੈ ਕਿ ਸਰਕਾਰ ਦਾ ਧਿਆਨ ਪੂਰਾ ਸਾਲ ਤਬਾਦਲਿਆਂ 'ਚ ਹੀ ਲੱਗਾ ਰਹਿੰਦਾ ਹੈ।
ਕਦੇ ਡਿਪਟੀ ਕਮਿਸ਼ਨਰ ਅਤੇ ਕਦੇ ਪੁਲਸ ਅਧਿਕਾਰੀਆਂ 'ਤੇ ਤਬਾਦਲੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲਿਆਂ ਸੰਬੰਧੀ ਹਮੇਸ਼ਾ ਕਿਹਾ ਜਾਂਦਾ ਹੈ ਕਿ ਤਬਾਦਲੇ ਸਿਰਫ ਗਰਮੀਆਂ 'ਚ ਹੀ ਕੀਤੇ ਜਾਣਗੇ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਗਈਆਂ ਵਿਕਾਸ ਸਕੀਮਾਂ 'ਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੂੰ ਜਿਸ ਤਰ੍ਹਾਂ ਉਸ ਦੀ ਹੋਂਦ 'ਚ ਆਏ ਕਰੀਬ 25 ਸਾਲ 'ਚ 30ਵਾਂ ਡਿਪਟੀ ਕਮਿਸ਼ਨਰ ਮਿਲਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਜ਼ਿਲ੍ਹੇ 'ਚ 1 ਡਿਪਟੀ ਕਮਿਸ਼ਨਰ ਦਾ ਕਾਰਜਕਾਲ 1 ਸਾਲ ਤੋਂ ਵੀ ਘੱਟ ਹੈ। ਜਿਸ ਤੋਂ ਸਰਕਾਰ ਦੀ ਕਾਰਜਸ਼ੀਲੀ 'ਤੇ ਪ੍ਰਸ਼ਨ ਚਿੰਨ੍ਹ ਲੱਗਦਾ ਦਿੱਖ ਰਿਹਾ ਹੈ।
ਇਹ ਵੀ ਪੜ੍ਹੋ :ਨਸ਼ੇ ਦੇ ਦੈਂਤ ਦੇ ਨਿਗਲੇ ਇਕੋ ਪਰਿਵਾਰ ਦੇ 3 ਨੌਜਵਾਨ, ਉਜੜਿਆ ਹੱਸਦਾ-ਵੱਸਦਾ ਘਰ (ਤਸਵੀਰਾਂ)
ਆਈ. ਏ. ਐੱਸ. ਜੇ. ਬੀ. ਗੋਇਲ ਬਣੇ ਸਨ ਜ਼ਿਲ੍ਹੇ ਦੇ ਪਹਿਲੇ ਡੀ. ਸੀ.
4 ਨਵੰਬਰ 1995 ਨੂੰ ਹੋਂਦ 'ਚ ਆਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਈ. ਏ. ਐੱਸ. ਅਧਿਕਾਰੀ ਜੇ. ਬੀ. ਗੋਇਲ ਨੇ ਪਹਿਲੇ ਡਿਪਟੀ ਕਮਿਸ਼ਨਰ ਦੇ ਤੌਰ 'ਤੇ ਅਹੁਦਾ ਸੰਭਾਲਿਆ ਸੀ ਅਤੇ ਕਰੀਬ ਡੇਢ ਸਾਲ ਤਕ ਜ਼ਿਲ੍ਹੇ 'ਚ ਤਾਇਨਾਤ ਰਹੇ। ਜ਼ਿਲ੍ਹੇ ਦੀ ਕਰੀਬ 25 ਸਾਲ ਦੀ ਜੀਵਨ ਯਾਤਰਾ 'ਚ ਆਈ. ਏੇ. ਐੱਸ. ਅਫਸਰ ਰੋਸ਼ਨ ਸੰਕਾਰੀਆ ਨੇ ਕਰੀਬ ਢਾਈ ਸਾਲ, ਕ੍ਰਿਸ਼ਨ ਕੁਮਾਰ ਨੇ ਕਰੀਬ 2 ਸਾਲ ਅਤੇ ਐੱਚ. ਐੱਸ. ਗਰੇਵਾਲ ਨੂੰ ਜਿੱਥੇ ਡੇਢ ਸਾਲ ਕੰਮ ਕਰਨ ਦਾ ਮੌਕਾ ਮਿਲਿਆ, ਉੱਥੇ ਹੀ ਆਈ. ਏ. ਐੱਸ. ਅਧਿਕਾਰੀ ਹੁਸਨ ਲਾਲ ਨੇ 47 ਦਿਨ, ਨੀਲਕੰਠ ਐੱਸ. ਅਵਾਹਦ ਨੇ 50 ਦਿਨ, ਭਾਵਨਾ ਗਰਗ ਨੇ 70 ਦਿਨ, ਅਜੀਤ ਸਿੰਘ ਪੁੰਨੂੰ ਨੇ ਕਰੀਬ 60 ਦਿਨ ਅਤੇ ਸੁਰਿੰਦਰ ਜੀਤ ਸਿੰਘ ਸਿੱਧੂ ਨੇ ਕਰੀਬ 3 ਮਹੀਨੇ 20 ਦਿਨ, ਸ਼ਰੂਤੀ ਸਿੰਘ ਨੇ ਕਰੀਬ ਸਵਾ 2 ਸਾਲ, ਤਨੂ ਐੱਮ. ਕਸ਼ਅਪ ਨੇ ਕਰੀਬ 1 ਸਾਲ 2 ਮਹੀਨੇ, ਅਨੰਦਿਤਾ ਮਿਤਰਾ ਨੇ ਕਰੀਬ 1ਸਾਲ 2 ਮਹੀਨੇ, ਰਵਿੰਦਰ ਸਿੰਘ ਨੇ ਮਹਿਜ 3 ਮਹੀਨੇ,ਏ. ਪੀ. ਐੱਸ. ਵਿਰਕ ਨੇ 11 ਮਹੀਨੇ, ਵਿਪੁੱਲ ਉਜਵਲ ਨੇ 1 ਸਾਲ 1 ਮਹੀਨਾ, ਸੋਨਾਲੀ ਗਿਰੀ ਨੇ ਕਰੀਬ 8 ਮਹੀਨੇ, ਅਮਿਤ ਕੁਮਾਰ ਕਰੀਬ ਨੇ 8 ਮਹੀਨੇ ਅਤੇ ਵਿਨੈ ਬਬਲਾਨੀ ਨੇ ਕਰੀਬ 1 ਸਾਲ 11 ਮਹੀਨੇ ਤਕ ਬਤੌਰ ਡਿਪਟੀ ਕਮਿਸ਼ਨਰ ਕੰਮ ਕੀਤਾ।
ਇਸ ਤੋਂ ਸਪੱਸ਼ਟ ਹੈ ਕਿ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਣ ਵਾਲੇ ਅਧਿਕਾਰੀ ਨੇ ਅਜੇ ਜ਼ਿਲ੍ਹੇ 'ਚ ਪੈਰ ਵੀ ਨਹੀਂ ਜਮਾਏ ਹੁੰਦੇ ਕਿ ਉਸ ਦੇ ਤਬਾਦਲੇ ਦੇ ਹੁਕਮ ਆ ਜਾਂਦੇ ਹਨ। ਇਨ੍ਹਾਂ ਹਾਲਾਤ 'ਚ ਜ਼ਿਲ੍ਹਾ ਅਧਿਕਾਰੀ ਕਿਸ ਤਰ੍ਹਾਂ ਵਿਕਾਸ ਯੋਜਨਾਵਾਂ ਨੂੰ ਅਮਲੀ ਰੂਪ ਦੇ ਸਕਣਗੇ, ਜਿਸ ਦਾ ਜਵਾਬ ਸ਼ਾਇਦ ਸਰਕਾਰ ਕੋਲ ਹੀ ਨਹੀਂ ਹੈ।
ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ