ਵਿਧਾਇਕ ਚੀਮਾ ਨੇ ਵਿਰੋਧੀਆਂ ''ਤੇ ਕੱਸਿਆ ਤੰਜ, ਖੇਤੀਬਾੜੀ ਕਾਨੂੰਨਾਂ ''ਤੇ ਨਾ ਕਰੋ ਸਿਆਸਤ
Friday, Oct 09, 2020 - 01:53 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਵਿਧਾਨ ਸਭਾ ਹਲ਼ਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਾਂਗਰਸ ਪਾਰਟੀ ਸਾਰੇ ਦੇਸ਼ 'ਚ ਅਤੇ ਪੰਜਾਬ 'ਚ ਵਿਧਾਨ ਸਭਾ ਤੋਂ ਵੀ ਇਸ ਦਾ ਡਟ ਕੇ ਵਿਰੋਧ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਨੂੰ ਬੇਅਸਰ ਕਰਨ ਲਈ ਪੰਜਾਬ ਵਿਧਾਨ ਸਭਾ 'ਚ ਜਲਦੀ ਹੀ ਇਕ ਮਤਾ ਪਾਸ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬਾ ਸਰਕਾਰ ਕਾਨੂੰਨੀ ਮਾਹਿਰਾਂ ਦੀ ਰਾਏ ਲੈ ਰਹੀ ਹੈ।
ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, 'ਆਪ' ਸਿਰਫ ਸਿਆਸਤ ਕਰ ਰਹੀਆਂ ਹਨ। ਵਿਧਾਇਕ ਚੀਮਾ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਸਾਰੇ ਵਰਗਾਂ ਦੇ ਲੋਕਾਂ ਲਈ ਘਾਤਕ ਹੈ, ਜਿਸ 'ਤੇ ਪੰਜਾਬ 'ਚ ਰੋਕ ਲਗਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਅਕਾਲੀ ਦਲ ਬਾਦਲ ਅਤੇ 'ਆਪ' ਆਗੂਆਂ ਨੂੰ ਕਿਸਾਨਾਂ ਵਿਰੋਧੀ ਇਸ ਕਾਨੂੰਨ ਅਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੰਦੇ ਕਿਹਾ ਕਿ ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ ਅਤੇ ਸਾਰੇ ਮਿਲ ਕੇ ਹੀ ਇਸ ਦਾ ਕੋਈ ਹੱਲ ਕੱਢਿਆ ਜਾ ਸਕਦਾ ਹੈ।
ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਜਿੱਥੋਂ ਤੱਕ ਵਿਧਾਨ ਸਭਾ ਸੈਸ਼ਨ ਦੀ ਗੱਲ ਹੈ ਉਸ ਨੂੰ ਬੁਲਾਉਣਾ ਕੋਈ ਵੱਡਾ ਕੰਮ ਨਹੀਂ ਹੈ ਪਰ ਉਸ 'ਚ ਸਹੀ ਢੰਗ ਨਾਲ ਇਸ ਬਿੱਲ ਖ਼ਿਲਾਫ਼ ਕੰਮ ਕਰਨਾ ਅਹਿਮ ਹੈ, ਜਿਸ ਦੇ ਲਈ ਕੰਮ ਚੱਲ ਰਿਹਾ ਹੈ। ਚੀਮਾ ਨੇ ਮੰਡੀਆਂ 'ਚ ਖ਼ਰੀਦ ਪ੍ਰਬੰਧਾਂ 'ਤੇ ਸੰਤੁਸ਼ਟੀ ਜ਼ਾਹਰ ਕਰਦੇ ਕਿਹਾ ਕਿ ਕਿਸਾਨ ਮੰਡੀਆਂ 'ਚ ਫ਼ਸਲ ਦੀ ਖ਼ਰੀਦ 'ਤੇ ਖੁਸ਼ ਹੈ ਪਰ ਕੁਝ ਸਥਾਨਾਂ 'ਤੇ ਆੜ੍ਹਤੀਆਂ ਵੱਲੋਂ ਏਜੰਸੀਆਂ ਨਾਲ ਮਿਲ ਕੇ ਕਿਸਾਨਾਂ ਦੀ ਫ਼ਸਲ ਦੀ ਘੱਟ ਕੀਮਤ ਦੇਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦਾ ਸਖ਼ਤ ਨੋਟਿਸ ਲੈ ਕੇ ਅਧਿਕਾਰੀਆਂ ਨੂੰ ਵਿਵਸਥਾ ਠੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।