ਭਲਕੇ ਸਜੇਗਾ ਨਵਜੋਤ ਸਿੱਧੂ ਦੇ ਸਿਰ ''ਤੇ ਪ੍ਰਧਾਨਗੀ ਦਾ ਤਾਜ, ਕੈਪਟਨ ਦੇ ਆਉਣ ਜਾਂ ਨਾ ਆਉਣ ਦੀ ਦੁਚਿੱਤੀ ਬਰਕਰਾਰ

Thursday, Jul 22, 2021 - 11:35 AM (IST)

ਜਲੰਧਰ/ਚੰਡੀਗੜ੍ਹ (ਧਵਨ)– ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 23 ਜੁਲਾਈ ਨੂੰ ਚੰਡੀਗੜ੍ਹ ’ਚ ਪ੍ਰਧਾਨ ਵਜੋਂ ਹੋਣ ਵਾਲੀ ਤਾਜਪੋਸ਼ੀ ਸਬੰਧੀ ਪ੍ਰੋਗਰਾਮ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਣ ਵਾਲੇ ਹਨ। ਆਮ ਤੌਰ ’ਤੇ ਬੀਤੇ ਸਮੇਂ ਅਜਿਹਾ ਹੁੰਦਾ ਆਇਆ ਹੈ ਕਿ ਪ੍ਰਦੇਸ਼ ਪ੍ਰਧਾਨ ਦੀ ਤਾਜਪੋਸ਼ੀ ਦੇ ਸਮੇਂ ਮੁੱਖ ਮੰਤਰੀ ਹਮੇਸ਼ਾ ਸ਼ਾਮਲ ਹੁੰਦੇ ਆਏ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਇਸ ਵਾਰ ਤਾਜਪੋਸ਼ੀ ਪ੍ਰੋਗਰਾਮ ’ਚ ਸ਼ਾਮਲ ਹੋਣ ਦੇ ਆਸਾਰ ਵਿਖਾਈ ਨਹੀਂ ਦੇ ਰਹੇ ਹਨ।

ਇਹ ਵੀ ਪੜ੍ਹੋ: ਕੀ ਕਿਸਾਨ ਸੰਘਰਸ਼ ਨੂੰ ਢਾਹ ਲਾ ਰਿਹਾ ਹੈ, ਸਮੁੱਚੀਆਂ ਰਾਜਸੀ ਧਿਰਾਂ ਦਾ ਵਿਰੋਧ?

ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਹੀ ਕਿਹਾ ਸੀ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਉਨ੍ਹਾਂ ਖ਼ਿਲਾਫ਼ ਕੀਤੇ ਗਏ ਟਵੀਟਾਂ ਨੂੰ ਲੈ ਕੇ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦੇ ਹਨ, ਉਦੋਂ ਤੱਕ ਉਹ ਨਾ ਤਾਂ ਸਿੱਧੂ ਨੂੰ ਮਿਲਣਗੇ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਬੈਠਕ ਕਰਨਗੇ। ਸਿੱਧੂ ਨੇ ਵੀ ਇਸ ਮਾਮਲੇ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ। ਹੁਣ ਉਨ੍ਹਾਂ ਦੇ ਕੋਲ ਵੀਰਵਾਰ ਦਾ ਦਿਨ ਬਚਿਆ ਹੈ। ਜੇ ਉਹ ਮੁੱਖ ਮੰਤਰੀ ਤੋਂ ਆਪਣੇ ਟਵੀਟਾਂ ਨੂੰ ਲੈ ਕੇ ਮੁਆਫ਼ੀ ਮੰਗਦੇ ਹਨ ਤਾਂ ਉਸ ਸਥਿਤੀ ’ਚ ਹੀ ਕੈਪਟਨ ਉਨ੍ਹਾਂ ਦੀ ਤਾਜਪੋਸ਼ੀ ਦੇ ਪ੍ਰੋਗਰਾਮ ’ਚ ਸ਼ਾਮਲ ਹੋ ਸਕਦੇ ਹਨ। ਨਹੀਂ ਤਾਂ ਕੈਪਟਨ ਦੀ ਗੈਰ-ਹਾਜ਼ਰੀ ਸਾਰਿਆਂ ਨੂੰ ਮਹਿਸੂਸ ਹੋਵੇਗੀ।
ਮੁੱਖ ਮੰਤਰੀ ਦੇ ਨੇੜਲਿਆਂ ਦਾ ਮੰਨਣਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੀਤੀ ਗਈ ਨਿਯੁਕਤੀ ਨੂੰ ਮੁੱਖ ਮੰਤਰੀ ਨੇ ਆਪਣੀ ਮਾਨਤਾ ਦੇ ਦਿੱਤੀ ਸੀ ਪਰ ਜਿੱਥੋਂ ਤੱਕ ਸਿੱਧੂ ਨਾਲ ਚੱਲਣ ਦਾ ਸਵਾਲ ਹੈ, ਇਸ ਬਾਰੇ ਉਨ੍ਹਾਂ ਦਾ ਆਪਣਾ ਸਟੈਂਡ ਹੈ, ਜੋ ਉਨ੍ਹਾਂ ਨੇ ਪੰਜਾਬ ਮੁਖੀ ਹਰੀਸ਼ ਰਾਵਤ ਨੂੰ ਚੰਡੀਗੜ੍ਹ ਦੌਰੇ ਦੌਰਾਨ ਦੱਸ ਦਿੱਤਾ ਸੀ।

ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਹਾਲੇ ਤੱਕ ਆਪਣੇ ਸਟੈਂਡ ਨੂੰ ਲੈ ਕੇ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਮੁੱਖ ਮੰਤਰੀ ਬਾਰੇ ਇਹ ਮਸ਼ਹੂਰ ਹੈ ਕਿ ਜੋ ਵੀ ਉਹ ਸਟੈਂਡ ਲੈਂਦੇ ਹਨ, ਉਸ ਤੋਂ ਫਿਰ ਅੱਗੇ-ਪਿੱਛੇ ਨਹੀਂ ਹੁੰਦੇ ਹਨ। ਸੂਤਰਾਂ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਵਲੋਂ ਵੀ ਹਾਲੇ ਤੱਕ ਦੋਵੇਂ ਵੱਡੇ ਨੇਤਾਵਾਂ ਨੂੰ ਇਕ ਪਲੇਟਫਾਰਮ ’ਤੇ ਲਿਆਉਣ ਲਈ ਕੋਈ ਪਹਿਲ ਨਹੀਂ ਕੀਤੀ ਗਈ ਹੈ। ਕੁੱਲ ਮਿਲਾ ਕੇ ਪੰਜਾਬ ਕਾਂਗਰਸ ਦੇ ਹਾਲਾਤ ਬੜੇ ਦਿਲਚਸਪ ਦੌਰ ’ਚੋਂ ਲੰਘ ਰਹੇ ਹਨ। ਆਉਣ ਵਾਲੇ ਦਿਨਾਂ ’ਚ ਊਠ ਕਿਧਰ ਪਾਸਾ ਬਦਲਣਗੇ, ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

ਇਹ ਵੀ ਪੜ੍ਹੋ:  ਭਤੀਜੀ ਦੇ NRI ਪਤੀ ਤੋਂ ਦੁਖ਼ੀ ਚਾਚੇ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫੇਸਬੁੱਕ 'ਤੇ ਲਾਈਵ ਹੋ ਕੇ ਕੀਤਾ ਵੱਡਾ ਖ਼ੁਲਾਸਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News