ਜੇਕਰ ਕੰਮ ਸਹੀ ਨਾ ਹੋਇਆ ਤਾਂ ਕੰਪਨੀਆਂ ''ਤੇ ਦਰਜ ਹੋਵੇਗਾ ਅਪਰਾਧਿਕ ਮਾਮਲਾ:ਨਵਜੋਤ ਸਿੱਧੂ

Wednesday, Aug 15, 2018 - 11:32 AM (IST)

ਜੇਕਰ ਕੰਮ ਸਹੀ ਨਾ ਹੋਇਆ ਤਾਂ ਕੰਪਨੀਆਂ ''ਤੇ ਦਰਜ ਹੋਵੇਗਾ ਅਪਰਾਧਿਕ ਮਾਮਲਾ:ਨਵਜੋਤ ਸਿੱਧੂ

ਚੰਡੀਗੜ੍ਹ  (ਰਮਨਜੀਤ)- ਸ਼ਹਿਰਾਂ ਵਿਚ ਅੱਧੇ-ਅਧੂਰੇ ਸੀਵਰੇਜ ਦੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸਖਤ ਤਾੜਨਾ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਦਾਇਤ ਕੀਤੀ ਹੈ ਕਿ ਕੰਪਨੀਆਂ ਇਕ ਮਹੀਨੇ ਦੇ ਅੰਦਰ ਆਪਣੇ ਕੰਮ ਨੂੰ ਲੀਹ 'ਤੇ ਲੈ ਆਉਣ ਅਤੇ ਕੰਮ ਮੁਕੰਮਲ ਕਰਨ ਦੀ ਸਮਾਂ ਹੱਦ ਤੈਅ ਕਰ ਕੇ ਮਹੀਨਾਵਾਰ ਆਪਣੇ ਕੰਮ ਦੀ ਰਿਪੋਰਟ ਦੇਣ। ਅੱਜ ਇਥੇ ਪੰਜਾਬ ਮਿਊਂਸੀਪਲ ਭਵਨ ਵਿਖੇ 2 ਕੈਬਨਿਟ ਮੰਤਰੀਆਂ ਵਿਜੇ ਇੰਦਰ ਸਿੰਗਲਾ ਤੇ ਸ਼ਿਆਮ ਸੁੰਦਰ ਅਰੋੜਾ, ਸਬੰਧਤ ਸ਼ਹਿਰਾਂ ਦੇ ਵਿਧਾਇਕਾਂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੰਪਨੀ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ 8 ਕਲੱਸਟਰਾਂ ਦੇ ਕੰਮ ਦੇ ਰੀਵਿਊ ਲਈ ਰੱਖੀ ਮੀਟਿੰਗ ਵਿਚ ਸਿੱਧੂ ਨੇ ਇਹ ਵੀ ਤਾੜਨਾ ਕੀਤੀ ਕਿ ਜੇਕਰ ਇਕ ਮਹੀਨੇ ਅੰਦਰ ਉਨ੍ਹਾਂ ਦਾ ਕੰਮ ਲੋਕਾਂ ਦੀਆਂ ਉਮੀਦਾਂ ਅਨੁਸਾਰ ਨਾ ਹੋਇਆ ਤਾਂ ਉਹ ਜਿਥੇ ਕੰਪਨੀ ਨੂੰ ਬਲੈਕ ਲਿਸਟ ਕਰਨਗੇ, ਉਥੇ ਲੋਕਾਂ ਦੇ ਖੂਨ-ਪਸੀਨੇ ਦੇ ਪੈਸੇ ਨੂੰ ਅਜਾਈਂ ਗਵਾਉਣ ਲਈ ਅਪਰਾਧਿਕ ਮਾਮਲਾ ਵੀ ਦਰਜ ਕਰਵਾਉਣਗੇ। 

ਸਿੱਧੂ ਨੇ ਵਿੱਤੀ ਤੇ ਤਕਨੀਕੀ ਆਡਿਟ ਕਰਨ ਵਾਲੀਆਂ ਤੀਜੀਆਂ ਧਿਰਾਂ ਵੈਪਕੌਸ ਤੇ ਇੰਜੀਨੀਅਰਜ਼ ਇੰਡੀਆ ਲਿਮਟਿਡ (ਈ. ਆਈ. ਐੱਲ.) ਦੀ ਕਾਰਗੁਜ਼ਾਰੀ 'ਤੇ ਵੀ ਨਾਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇਨ੍ਹਾਂ ਧਿਰਾਂ ਵਲੋਂ ਸਹੀ ਆਡਿਟ ਕੀਤਾ ਹੁੰਦਾ ਤਾਂ ਸੀਵਰੇਜ ਦੇ ਕੰਮ ਦੀਆਂ ਸ਼ਿਕਾਇਤਾਂ ਨਹੀਂ ਆਉਣੀਆਂ ਸਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਡਿਟ ਵਾਲੀਆਂ ਕੰਪਨੀਆਂ ਦੀ ਕਾਰਗੁਜ਼ਾਰੀ ਦੇਖ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।
ਅੱਜ ਦੀ ਮੀਟਿੰਗ ਵਿਚ ਸਬੰਧਤ ਹਲਕਿਆਂ ਦੇ ਵਿਧਾਇਕਾਂ ਨੇ ਇਕ-ਇਕ ਕਰ ਕੇ ਆਪਣੇ ਸ਼ਹਿਰ ਅੰਦਰ ਵੱਖ-ਵੱਖ ਕੰਪਨੀਆਂ ਵਲੋਂ ਕੀਤੇ ਜਾ ਰਹੇ ਸੀਵਰੇਜ ਦੇ ਕੰਮ 'ਤੇ ਨਾਖੁਸ਼ੀ ਜ਼ਾਹਰ ਕੀਤੀ। ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਜੋ ਸੰਗਰੂਰ ਤੋਂ ਵਿਧਾਇਕ ਹਨ, ਨੇ ਆਪਣੇ ਸ਼ਹਿਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕੰਪਨੀ ਵਲੋਂ ਕੰਮ ਨੇਪਰੇ ਨਾ ਚਾੜ੍ਹਨ ਕਰ ਕੇ ਲੋਕ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਬੁਢਲਾਡਾ ਸ਼ਹਿਰ ਦੀ ਸਮੱਸਿਆ ਵੀ ਦੱਸੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਕੰਮ ਦੀ ਕੋਈ ਯੋਜਨਾ ਨਹੀਂ ਬਣਾਈ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਚ ਵੋਟਾਂ ਮੌਕੇ ਸੀਵਰੇਜ ਦੀਆਂ ਸਾਰੀਆਂ ਪਾਈਪਾਂ ਵਿਛਾ ਦਿੱਤੀਆਂ ਗਈਆਂ ਜਦੋਂਕਿ ਮੁੱਖ ਲਾਈਨ ਪਾਈ ਹੀ ਨਹੀਂ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਲੋੜੀਂਦੀ ਮਸ਼ੀਨਰੀ ਦੀ ਵੀ ਘਾਟ ਹੈ। 

ਸਿੱਧੂ ਨੇ ਮੀਟਿੰਗ ਵਿਚ ਹਾਜ਼ਰ ਮੈਸਰਜ਼ ਸ਼ਾਹਪੂਰਜੀ ਪਾਲੂਨਜ਼ੀ ਲਿਮਟਿਡ, ਜੀ. ਡੀ. ਸੀ. ਐੱਲ. ਕ੍ਰਿਸ਼ਨਾ ਜੀਵੀ, ਤ੍ਰਿਵੈਨੀ ਇੰਜ. ਇੰਡਸਰੀਜ਼ ਤੇ ਮੈਸ. ਗਿਰਧਾਰੀ ਲਾਲ ਅਗਰਵਾਲ ਕੰਟਰੈਕਟਰਜ਼ ਦੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਇਹ ਕਤਈ ਬਰਦਾਸ਼ਤ ਨਹੀਂ ਕਰਨਗੇ ਕਿ ਲੋਕਾਂ ਦਾ ਪੈਸਾ ਅਜਾਈਂ ਜਾਵੇ। ਉਨ੍ਹਾਂ ਕੰਪਨੀ ਨੂੰ ਹਦਾਇਤ ਕੀਤੀ ਕਿ ਉਹ ਅੱਜ ਹੀ ਆਪਣੇ ਕੰਮ ਦਾ ਵੇਰਵਾ ਸੌਂਪਣ ਅਤੇ ਦੱਸਣ ਕਿ ਕਿਹੜਾ ਕੰਮ ਕਦੋਂ ਤੱਕ ਨੇਪਰੇ ਚੜ੍ਹ ਜਾਵੇਗਾ। ਉਹ ਇਹ ਵੀ ਦੱਸਣ ਕਿ ਕਿਹੜਾ ਕੰਮ ਕਿਹੜੇ ਠੇਕੇਦਾਰ ਵਲੋਂ ਕਰਵਾਇਆ ਜਾ ਰਿਹਾ ਹੈ, ਕਿਹੜੀ ਸਮੱਗਰੀ ਵਰਤੀ ਜਾ ਰਹੀ ਹੈ ਅਤੇ ਕਿਹੜੀ ਮਸ਼ੀਨਰੀ ਉਨ੍ਹਾਂ ਕੋਲ ਉਪਲੱਬਧ ਹੈ।


Related News