ਨਵਜੋਤ ਸਿੱਧੂ ਨੇ ਐੱਲ. ਈ. ਡੀ. ਪ੍ਰਾਜੈਕਟ ਰੀਵਿਊ ਕਰਨ ਦੇ ਦਿੱਤੇ ਹੁਕਮ
Saturday, Aug 04, 2018 - 11:41 AM (IST)
ਜਲੰਧਰ (ਖੁਰਾਣਾ)— ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਨਗਰ ਨਿਗਮ 'ਚ ਹੋਏ ਐੱਲ. ਈ. ਡੀ. ਪ੍ਰਾਜੈਕਟ ਨੂੰ ਰੀਵਿਊ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਸ ਮਾਮਲੇ 'ਤੇ ਚਰਚਾ ਲਈ ਸੋਮਵਾਰ ਨੂੰ ਚੰਡੀਗੜ੍ਹ ਵਿਚ ਇਕ ਬੈਠਕ ਬੁਲਾਈ ਹੈ, ਜਿਸ ਵਿਚ ਜਲੰਧਰ ਦੇ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵ ਲਾਕੜਾ, ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸੈਕਰੇਟਰੀ ਅਤੇ ਚੀਫ ਇੰਜੀਨੀਅਰ ਆਦਿ ਨੂੰ ਬੁਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਰਹੀ ਅਕਾਲੀ-ਭਾਜਪਾ ਸਰਕਾਰ ਨੇ ਇਹ ਪ੍ਰਾਜੈਕਟ ਅਲਾਟ ਕੀਤਾ ਸੀ, ਜਿਸ ਦੇ ਤਹਿਤ ਜਲੰਧਰ ਸ਼ਹਿਰ ਦੀਆਂ ਸਾਰੀਆਂ 65 ਹਜ਼ਾਰ ਸਟਰੀਟ ਲਾਈਟਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਨਵੀਆਂ ਐੱਲ. ਈ. ਡੀ. ਲਾਈਟਾਂ ਲਾਈਆਂ ਜਾਣੀਆਂ ਸਨ। ਇਹ ਪ੍ਰਾਜੈਕਟ ਪੀ. ਸੀ. ਪੀ. ਕੰਪਨੀ ਨੂੰ ਅਲਾਟ ਹੋਇਆ ਸੀ ਜੋ ਹੁਣ ਤੱਕ 6 ਹਜ਼ਾਰ ਤੋਂ ਵੱਧ ਸਟਰੀਟ ਲਾਈਟਾਂ ਲਗਾ ਚੁੱਕੀ ਹੈ।
ਕੁਝ ਸਮਾਂ ਪਹਿਲਾਂ ਕਾਂਗਰਸੀ ਕੌਂਸਲਰ ਰੋਹਣ ਸਹਿਗਲ ਨੇ ਐੱਲ. ਈ. ਡੀ. ਪ੍ਰਾਜੈਕਟ ਵਿਚ ਕਮੀਆਂ ਦਾ ਮੁੱਦਾ ਉਠਾਇਆ ਸੀ ਅਤੇ ਦੋਸ਼ ਲਗਾਇਆ ਕਿ ਕੰਪਨੀ ਇਸ ਪ੍ਰਾਜੈਕਟ ਨਾਲ 100 ਕਰੋੜ ਤੋਂ ਜ਼ਿਆਦਾ ਕਮਾਉਣ ਜਾ ਰਹੀ ਹੈ। ਪ੍ਰਾਜੈਕਟ ਨਾਲ ਨਿਗਮ ਨੂੰ ਭਾਰੀ ਵਿੱਤੀ ਹਾਨੀ ਹੋਵੇਗੀ। ਰੋਹਣ ਸਹਿਗਲ ਨੇ ਅੱਜ ਇਸ ਪ੍ਰਾਜੈਕਟ ਦੀਆਂ ਤਰੁਟੀਆਂ ਬਾਰੇ ਚੰਡੀਗੜ੍ਹ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਘਪਲੇਬਾਜ਼ੀ ਬਾਰੇ ਦੱਸਿਆ। ਜਿਸ 'ਤੇ ਸਿੱਧੂ ਨੇ ਪ੍ਰਾਜੈਕਟ ਨੂੰ ਰੀਵਿਊ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਠੱਗੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਨਤਾ ਦੇ ਪੈਸੇ ਨੂੰ ਇੰਝ ਹੀ ਬਰਬਾਦ ਨਹੀਂ ਹੋਣ ਦੇਵਾਂਗੇ।
ਰੋਹਣ ਸਹਿਗਲ ਨੇ ਪ੍ਰਾਜੈਕਟ ਬਾਰੇ ਦੋਸ਼ ਲਾਏ ਸਨ ਕਿ ਕੰਪਨੀ ਨੂੰ ਨਵੀਆਂ ਸਟਰੀਟ ਲਾਈਟਾਂ ਦੀ ਮੇਨਟੀਨੈਂਸ ਲਈ ਕਰੋੜਾਂ ਰੁਪਏ ਦਿੱਤੇ ਜਾ ਰਹੇ ਹਨ। ਕੰਪਨੀ ਵੱਲੋਂ ਬੇਹੱਦ ਘਟੀਆ ਕੁਆਲਿਟੀ ਅਤੇ ਬਿਨਾਂ ਬ੍ਰਾਂਡ ਦੀਆਂ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ ਜੋ ਬਾਜ਼ਾਰ 'ਚੋਂ ਕਾਫੀ ਸਸਤੀਆਂ ਮਿਲ ਜਾਂਦੀਆਂ ਹਨ। ਇਸ ਤੋਂ ਇਲਾਵਾ ਕੰਪਨੀ 89 ਫੀਸਦੀ ਖੁਦ ਲਵੇਗੀ, ਜਦੋਂ ਕਿ ਲੁਧਿਆਣਾ ਵਿਚ ਅਜਿਹੇ ਹੀ ਪ੍ਰਾਜੈਕਟ ਵਿਚ ਕੰਪਨੀ ਨੂੰ 85 ਫੀਸਦੀ ਮਿਲੇਗਾ ਅਤੇ ਲੁਧਿਆਣਾ ਵਿਚ ਬ੍ਰਾਂਡਿਡ ਕੰਪਨੀ ਦੀਆਂ ਲਾਈਟਾਂ ਲੱਗ ਰਹੀਆਂ ਹਨ। ਲੁਧਿਆਣਾ ਅਤੇ ਜਲੰਧਰ ਦੇ ਮੇਨਟੀਨੈਂਸ ਚਾਰਜਿਜ਼ ਵਿਚ ਵੀ ਕਰੋੜਾਂ ਦਾ ਫਰਕ ਹੈ। ਰੋਹਣ ਸਹਿਗਲ ਨੇ ਇਨ੍ਹਾਂ ਦੋਸ਼ਾਂ ਤੋਂ ਨਵਜੋਤ ਸਿੱਧੂ ਨੂੰ ਵੀ ਜਾਣੂ ਕਰਵਾ ਦਿੱਤਾ ਹੈ।
