ਸਰਕਾਰੀ ਨੌਕਰੀ ਛੱਡ ਪਤਨੀ ਤੇ ਪੁੱਤ ਨੇ ਮੇਰਾ ਸਿਰ ਉੱਚਾ ਕਰ'ਤਾ : ਸਿੱਧੂ

05/26/2018 1:59:13 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਮੇਰੇ 'ਤੇ ਕੋਈ ਉਂਗਲੀ ਨਾ ਚੁੱਕੇ, ਇਸ ਲਈ ਸਰਕਾਰੀ ਨੌਕਰੀ ਦਾ ਤਿਆਰ ਕਰਕੇ ਮੇਰੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਬੇਟੇ ਕਰਨ ਸਿੱਧੂ ਨੇ ਮੇਰਾ ਸਿਰ ਉੱਚਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਇਹ ਗੱਲ ਕਹੀ ਸੀ ਕਿ ਚੇਅਰਮੈਨ ਦਾ ਅਹੁਦਾ ਉਨ੍ਹਾਂ ਨੂੰ ਸੰਤੁਸ਼ਟੀ ਨਹੀਂ ਦੇਵੇਗਾ ਅਤੇ ਇਸੇ ਤਰ੍ਹਾਂ ਬੇਟੇ ਕਰਨ ਸਿੱਧੂ ਨੇ ਕਿਹਾ ਸੀ ਕਿ ਮੇਰੇ ਪਿਤਾ 'ਤੇ ਕੋਈ ਉਂਗਲੀ ਚੁੱਕੇ, ਇਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਇਸ ਲਈ ਦੋਵੇਂ ਮਾਂ-ਪੁੱਤ ਸਰਕਾਰੀ ਅਹੁਦੇ ਨਹੀਂ ਸੰਭਾਲਣਗੇ। 
ਨਵਜੋਤ ਸਿੱਧੂ ਨੇ ਕਿਹਾ ਕਿ ਸਾਲ 2004 'ਚ ਉਨ੍ਹਾਂ ਦੀ ਪਤਨੀ ਨੇ ਕਿਹਾ ਸੀ ਕਿ ਸਿਆਸਤ 'ਚ ਨਾ ਜਾਣ ਪਰ ਉਹ ਅਟਲ ਬਿਹਾਰੀ ਵਾਜਪੇਈ ਜੀ ਦੇ ਕਹਿਣ 'ਤੇ ਸਿਆਸਤ 'ਚ ਆਏ ਸਨ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉਨ੍ਹਾਂ ਦੀ ਬਹੁਤ ਘੱਟ ਕਮਾਈ ਹੈ ਅਤੇ ਪਟਿਆਲਾ 'ਚ ਜਿਹੜੇ ਉਨ੍ਹਾਂ ਦੇ 4 ਸ਼ੋਅਰੂਮ ਹਨ, ਉਹ ਸਾਲ 1996 ਤੋਂ ਪਹਿਲਾਂ ਕ੍ਰਿਕਟ ਦੀ ਕਮਾਈ ਨਾਲ ਖਰੀਦੇ ਗਏ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਬੇਟੇ ਨੂੰ ਵਿਦੇਸ਼ਾਂ 'ਚ ਕਈ ਮੌਕੇ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਆਪਣੇ ਬਲਬੂਤੇ 'ਤੇ ਨੌਕਰੀ ਕਰਨ ਦੇ ਸਮਰੱਥ ਹੈ। 

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਅਤੇ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਨੂੰ ਐਡਵੋਕੇਟ ਜਨਰਲ ਦਾ ਅਹੁਦਾ ਦਿੱਤਾ ਗਿਆ ਸੀ ਪਰ ਵਿਰੋਧੀਆਂ ਨੇ ਪਰਿਵਾਰਵਾਦ ਦੇ ਨਾਂ 'ਤੇ ਸਿੱਧੂ ਪਰਿਵਾਰ 'ਤੇ ਕਾਫੀ ਵਿਅੰਗ ਕੱਸੇ, ਜਿਸ ਤੋਂ ਬਾਅਦ ਨਵਜੋਤ ਕੌਰ ਅਤੇ ਉਨ੍ਹਾਂ ਦੇ ਬੇਟੇ ਕਰਨ ਸਿੱਧੂ ਨੇ ਇਨ੍ਹਾਂ ਸਰਕਾਰੀ ਅਹੁਦਿਆਂ ਦਾ ਤਿਆਗ ਕਰਨ ਦਾ ਫੈਸਲਾ ਲਿਆ ਹੈ। 
 


Related News