ਸਾਬਕਾ ਮੰਤਰੀ ਆਸ਼ੂ ਦੇ ਮਾਮਲੇ 'ਚ ਨਵਜੋਤ ਸਿੱਧੂ ਨੇ ਗਵਾਹ ਵੱਜੋਂ ਤਲਬ ਕਰਨ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

Tuesday, Sep 06, 2022 - 09:30 AM (IST)

ਲੁਧਿਆਣਾ (ਮਹਿਰਾ) : ਸਾਬਕਾ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਵੱਲੋਂ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਾਇਰ ਇਕ ਸ਼ਿਕਾਇਤ ਮਾਮਲੇ ’ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਗਵਾਹ ਵੱਜੋਂ ਤਲਬ ਕਰਨ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਸਿੱਧੂ ਨੇ ਸੈਸ਼ਨ ਕੋਰਟ ’ਚ ਲਗਾਈ ਅਪੀਲ ’ਚ ਉਨ੍ਹਾਂ ਦਾ ਨਾਂ ਗਵਾਹ ਵੱਜੋਂ ਹਟਾਉਣ ਜਾਂ ਫਿਰ ਵੀਡੀਓ ਕਾਨਫਰੰਸਿੰਗ ਜ਼ਰੀਏ ਉਨ੍ਹਾਂ ਤੋਂ ਪੁੱਛਗਿੱਛ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਔਰਤਾਂ ਨਾਲ ਜਬਰ-ਜ਼ਿਨਾਹ ਦੇ ਕੇਸਾਂ ਨੂੰ ਲੈ ਕੇ NCRB ਦੀ ਰਿਪੋਰਟ 'ਚ ਹੋਇਆ ਹੈਰਾਨ ਕਰਦਾ ਖ਼ੁਲਾਸਾ

ਸਿੱਧੂ ਦੀ ਪਟੀਸ਼ਨ ਦਾ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਨੋਟਿਸ ਲੈਂਦੇ ਹੋਏ ਹੇਠਲੀ ਅਦਾਲਤ ਨੂੰ ਸੈਸ਼ਨ ਅਦਾਲਤ ਦੇ ਸਾਹਮਣੇ ਨਿਰਧਾਰਿਤ ਸੁਣਵਾਈ ਦੀ ਅਗਲੀ ਤਾਰੀਖ਼ 7 ਸਤੰਬਰ ਤੋਂ ਅੱਗੇ ਮਾਮਲੇ ਨੂੰ ਰੱਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਸ਼ਿਕਾਇਤਕਰਤਾ ਨੂੰ ਉਸ ਦੇ ਵਕੀਲ ਹਰੀਸ਼ ਰਾਏ ਢਾਂਡਾ ਦੇ ਜ਼ਰੀਏ ਨੋਟਿਸ ਜਾਰੀ ਕੀਤਾ ਹੈ। ਸੀ. ਜੇ. ਐੱਮ. ਸੁਮਿਤ ਮੱਕੜ ਦੀ ਅਦਾਲਤ ਨੇ ਸਿੱਧੂ ਨੂੰ ਗਵਾਹ ਦੇ ਤੌਰ ’ਤੇ ਤਲਬ ਕੀਤਾ ਹੈ, ਜਿਸ ਤੋਂ ਬਾਅਦ ਸਿੱਧੂ ਨੇ ਆਪਣੇ ਵਕੀਲ ਦੇ ਜ਼ਰੀਏ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਦੇ ਸਾਹਮਣੇ ਇਕ ਅਰਜ਼ੀ ਦਿੱਤੀ ਸੀ ਕਿ ਉਨ੍ਹਾਂ ਨੂੰ ਗਵਾਹਾਂ ਦੀ ਸੂਚੀ ਤੋਂ ਹਟਾ ਦਿੱਤਾ ਜਾਵੇ ਪਰ ਸੀ. ਜੇ. ਐੱਮ. ਨੇ ਉਨ੍ਹਾਂ ਦੀ ਅਰਜ਼ੀ ਨੂੰ ਇਸ ਟਿੱਪਣੀ ਦੇ ਨਾਲ ਖਾਰਜ ਕਰ ਦਿੱਤਾ ਕਿ ਗਵਾਹ ਦੇ ਰੂਪ ’ਚ ਸਿੱਧੂ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਅਹਿਮ ਖਬ਼ਰ: ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਉਨ੍ਹਾਂ ਨੇ ਆਪਣੇ ਹੁਕਮ ’ਚ ਠਹਿਰਾਇਆ ਕਿ ਸ਼ਿਕਾਇਤਕਰਤਾ ਸਾਬਕਾ ਡੀ. ਐੱਸ. ਪੀ. ਸੇਖੋਂ ਮੁਤਾਬਕ ਉਨ੍ਹਾਂ ਨੂੰ ਤਤਕਾਲੀ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਜਾਂਚ ਲਈ ਮਾਮਲਾ ਸੌਂਪਿਆ ਗਿਆ ਸੀ ਅਤੇ ਸ਼ਿਕਾਇਤਕਰਤਾ ਨੂੰ ਜਾਂਚ ਕਰਨ ਤੋਂ ਰੋਕਣ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਧਮਕੀ ਦਿੱਤੀ। ਇਸ ਲਈ ਮਾਮਲੇ ’ਚ ਗਵਾਹ ਸਿੱਧੂ ਦੀ ਗਵਾਹੀ ਸਾਫ਼ ਤੌਰ ’ਤੇ ਜ਼ਰੂਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News