ਜਦੋਂ ਕੈਪਟਨ ਦੇ ਓਹਲੇ 'ਸਿੱਧੂ' ਨੂੰ ਜੱਫੀਆਂ ਪਾ ਕਾਂਗਰਸੀਆਂ ਨੇ ਗਾਏ ਸੋਹਲੇ... (ਵੀਡੀਓ)

Monday, Nov 11, 2019 - 01:47 PM (IST)

ਜਲੰਧਰ (ਰਮਨਦੀਪ ਸੋਢੀ) : ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਹਿਲੇ ਜੱਥੇ 'ਚ ਸ਼ਾਮਲ ਹੋਏ। ਜਦੋਂ ਸਿੱਧੂ ਡੇਰਾ ਬਾਬਾ ਨਾਨਕ ਸਰਹੱਦ 'ਤੇ ਪੁੱਜੇ ਤਾਂ ਆਮ ਲੋਕਾਂ ਦਾ ਸਿੱਧੂ ਨਾਲ ਸੈਲਫੀਆਂ ਦਾ ਦੌਰ ਚੱਲਦਾ ਰਿਹਾ। ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂ ਵੀ ਬੜੀ ਉਤਸੁਕਤਾ ਦਿਖਾ ਰਹੇ ਸਨ। ਕਾਂਗਰਸੀਆਂ ਨੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਹਲੇ ਸਿੱਧੂ ਨਾਲ ਜੱਫੀਆਂ ਤੱਕ ਪਾ ਲਈਆਂ ਅਤੇ ਉਨ੍ਹਾਂ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ।

ਸਭ ਤੋਂ ਪਹਿਲਾਂ ਤਾਂ ਕੈਬਨਿਟ ਮੰਤਰੀ ਓ. ਪੀ. ਸੋਨੀ ਪੁੱਜੇ, ਜਿਨ੍ਹਾਂ ਨੇ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਤਸਵੀਰ ਕਰਵਾਈ। ਇਸ ਤੋਂ ਬਾਅਦ ਸਿੱਧੂ ਨੂੰ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਮਿਲੇ ਤੇ ਫਿਰ ਅਕਾਲੀ ਦਲ ਦੇ ਪਟਿਆਲਾ ਤੋਂ ਸੀਨੀਅਰ ਨੇਤਾ ਸੁਰਜੀਤ ਸਿੰਘ ਰੱਖੜਾ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਿੱਧੂ ਨੇ ਉਨ੍ਹਾਂ ਨੂੰ ਜੱਫੀ ਵੀ ਪਾਈ। ਇਸ ਤੋਂ ਬਾਅਦ ਕੈਪਟਨ ਸਾਹਿਬ ਦੇ ਸ਼ਹਿਰ ਪਟਿਆਲਾ ਤੋਂ ਕਾਂਗਰਸੀ ਨੇਤਾ ਮਦਨ ਲਾਲ ਜਲਾਲਪੁਰ ਸਿੱਧੂ ਨਾਲ ਸਿਰਫ ਹੱਥ ਮਿਲਾ ਕੇ ਜੱਫੀ ਪਾਉਣ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਉਨ੍ਹਾਂ ਨੇ ਤਾਂ ਲਾਂਘਾ ਖੁੱਲ੍ਹਵਾਉਣ ਲਈ ਨਵਜੋਤ ਸਿੰਘ ਸਿੱਧੂ ਦੇ ਸੋਹਲੇ ਤੱਕ ਵੀ ਗਾਉਣੇ ਸ਼ੁਰੂ ਕਰ ਦਿੱਤੇ ਅਤੇ ਲਾਂਘੇ ਦਾ ਸਾਰਾ ਕ੍ਰੈਡਿਟ ਵੀ ਸਿੱਧੂ ਨੂੰ ਦੇ ਦਿੱਤਾ।

ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਅਫਸਰਾਂ ਨਾਲ ਵੀ ਸਿੱਧੂ ਨੇ ਮੁਲਾਕਾਤ ਕੀਤੀ ਅਤੇ ਮੋਦੀ ਸਾਹਿਬ ਦਾ ਜ਼ਿਕਰ ਕਰਕੇ ਤੰਜ ਵੀ ਕੱਸੇ। ਇਸ ਤੋਂ ਬਾਅਦ ਅਕਾਲੀ ਨੇਤਾ ਜਗਮੀਤ ਬਰਾੜ ਨੂੰ ਵੀ ਉਨ੍ਹਾਂ ਨੇ ਜੱਫੀ ਪਾਈ ਅਤੇ 'ਆਪ' ਦੇ ਬਾਗੀ ਵਿਧਾਇਕ ਕੰਵਰ ਸੰਧੂ ਨੂੰ ਵੀ ਮਿਲੇ। ਸਾਰੇ ਆਗੂਆਂ ਨਾਲ ਮਿਲਣੀ ਤੋਂ ਬਾਅਦ ਸਿੱਧੂ ਆਪਣੇ ਕਾਂਗਰਸੀ ਵਿਧਾਇਕਾਂ ਵੱਲ ਪਿੱਠ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਤੱਕ ਕੰਵਰ ਸੰਧੂ ਨਾਲ ਬੈਠ ਕੇ ਸੂਪ ਪੀਂਦੇ ਰਹੇ ਅਤੇ ਆਪਣੀ ਜੀਵਨ ਸ਼ੈਲੀ ਬਾਰੇ ਗੱਲਾਂ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਆਪਣੇ ਖਾਸ ਮਿੱਤਰ ਪ੍ਰਗਟ ਸਿੰਘ ਤੋਂ ਵੀ ਦੂਰੀ ਬਣਾਈ ਰੱਖੀ। ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਨੂੰ ਦੇਖ ਤਾਂ 'ਪਿੱਠ ਓਹਲੇ ਪਰਦੇਸ' ਵਾਲੀ ਕਹਾਵਤ ਯਾਦ ਆਉਂਦੀ ਹੈ।


author

Babita

Content Editor

Related News