ਸਿੱਧੂ ਦੇ ਅਸਤੀਫੇ ਨੇ ਅਕਾਲੀਆਂ ਦੇ ਸਾਹ ਸੂਤੇ!

07/24/2019 4:23:13 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਸ਼ਾਇਦ 1966 ਤੋਂ ਹੁਣ ਤੱਕ ਬਣੀਆਂ ਸਰਕਾਰਾਂ 'ਚ ਪਹਿਲਾ ਉਹ ਵਜ਼ੀਰ ਹੋਣ ਦਾ ਮਾਣ ਹਾਸਲ ਕਰ ਲਿਆ ਹੈ, ਜਿਸ ਨੇ ਕੈਬਨਿਟ ਤੋਂ ਆਪ ਅਸਤੀਫਾ ਦਿੱਤਾ ਹੋਵੇਗਾ। ਨਹੀਂ ਤਾਂ ਅਸਤੀਫੇ ਲਏ ਜਾਂਦੇ ਹਨ ਜਾਂ ਫਿਰ ਧੱਕੇ ਨਾਲ ਛਾਂਟੀ ਕੀਤੇ ਜਾਂਦੇ ਹਨ। ਸਿੱਧੂ ਦੇ ਇਸ ਤਿਆਗ ਅਤੇ ਦਲੇਰੀ ਨੂੰ ਦੇਖ ਕੇ ਹੁਣ ਪੰਜਾਬ 'ਚ ਸਿੱਧੂ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਉੱਤਰ ਆਏ ਹਨ ਉਹ ਆਪਣੇ ਆਪ 'ਚ ਵੱਡੀ ਮਿਸਾਲ ਹੈ।
ਗੱਲ ਕੀ, ਸਿੱਧੂ ਪੰਜਾਬੀਆਂ ਦਾ ਹੁਣ ਚਹੇਤਾ ਬਣ ਗਿਆ ਹੈ ਕਿ ਉਹ ਜੋ ਕਹਿੰਦਾ ਹੈ, ਉਹ ਕਰਦਾ ਵੀ ਹੈ, ਜੋ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਰਿਆ ਕਰਦੇ ਸਨ ਪਰ ਹੁਣ ਲੋਕਾਂ ਅਤੇ ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਅਕਾਲੀ ਅਤੇ ਕਾਂਗਰਸ ਵਿਚ ਚੱਲ ਰਹੇ ਫ੍ਰੈਂਡਲੀ ਮੈਚ ਨੂੰ ਇਸ ਵਾਰ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਹੈ।

ਬਾਕੀ, ਦੂਜੇ ਪਾਸੇ ਸਿੱਧੂ ਦੇ ਅਸਤੀਫੇ ਨਾਲ 2022 ਰਾਜ ਕਰਨ ਦੀ ਇੱਛਾ ਰੱਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਤੋਂ ਆਪਣੇ ਭਵਿੱਖ ਲਈ ਚਿੰਤਤ ਨਜ਼ਰ ਆਉਣ ਲੱਗ ਗਿਆ ਹੈ ਕਿਉਂਕਿ ਸਿੱਧੂ ਨੇ ਆਪਣੀ ਸਰਕਾਰ ਤੋਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ 'ਚ ਜੋ ਝੋਲੀ ਅੱਡ ਕੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਜਾਂਚ ਦੀ, ਨਸ਼ਿਆਂ ਖਿਲਾਫ ਝੰਡਾ ਚੁੱਕਣ ਅਤੇ ਹੋਰ ਮਾਫੀਏ ਖਿਲਾਫ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ। ਭਾਵੇਂ ਉਹ ਮੰਗ ਤਾਂ ਅਜੇ ਪਤਾ ਨਹੀਂ ਕਦੋਂ ਪੂਰੀ ਹੋਵੇਗੀ ਪਰ ਸਿੱਧੂ ਦੀ ਕੈਬਨਿਟ ਤੋਂ ਛੁੱਟੀ ਜ਼ਰੂਰ ਹੋ ਗਈ। ਇਸ ਛੁੱਟੀ ਨਾਲ ਸਿੱਧੂ ਦੇ ਵਿਰੋਧੀਆਂ ਦੇ ਢਿੱਡ 'ਚ ਲੱਡੂ ਫੁੱਟੇ ਸਨ ਪਰ ਹੁਣ ਉਸ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੇ ਮੱਥੇ 'ਤੇ ਚਿੰਤਾ ਦੇ ਚਿੰਨ੍ਹ ਵੀ ਨਜ਼ਰ ਆਉਂਦੇ ਦੱਸੇ ਜਾ ਰਹੇ ਹਨ। ਹੋਰ ਤਾਂ ਹੋਰ ਜਿੰਨੇ ਮੂੰਹ ਓਨੀਆਂ ਗੱਲਾਂ ਹਨ ਪਰ ਭਵਿੱਖ ਦੇ ਵੱਡੇ ਆਗੂ ਬਣਨ ਲਈ ਜੇਕਰ ਉਹ ਨਾਪ-ਤੋਲ ਕੇ ਅਤੇ ਸਹੀ ਰਾਜਨੀਤੀ ਕਰਦਾ ਹੈ ਤਾਂ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ।


Anuradha

Content Editor

Related News